ਚਾਰ ਦਿਨਾਂ ’ਚ ਝੋਨੇ ਦੀ ਨਿਰਵਿਘਨ ਖਰੀਦ ਤੇ ਲਿਫਟਿੰਗ ਨਾ ਹੋਈ ਤਾਂ ਕਿਸਾਨ ਫਿਰ ਅੰਦੋਲਨ ਕਰਨਗੇ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨਾਲ ਸ਼ਨੀਵਾਰ ਸ਼ਾਮ ਮੀਟਿੰਗ ’ਚ ਮੰਗਾਂ ਮੰਨੇ ਜਾਣ ਦਾ ਭਰੋਸਾ ਮਿਲਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ, ਆੜ੍ਹਤੀਆਂ ਤੇ ਰਾਈਸ ਮਿਲਰਾਂ ਨੇ ਝੋਨੇ ਦੀ ਸੁਸਤ ਖਰੀਦ ਵਿਰੁੱਧ ਪ੍ਰੋਟੈੱਸਟ ਖਤਮ ਕਰ ਦਿੱਤਾ। ਮੁੱਖ ਮੰਤਰੀ ਨੇ ਇਨ੍ਹਾਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਮੀਟਿੰਗ ਲਈ ਸ਼ੁੱਕਰਵਾਰ ਸੱਦਾ ਦਿੱਤਾ ਸੀ। ਮੀਟਿੰਗ ਤੋਂ ਬਾਅਦ ਪ੍ਰੋਟੈੱਸਟ ਖਤਮ ਕਰਨ ਦਾ ਐਲਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕੀਤਾ। ਮੁੱਖ ਮੰਤਰੀ ਨਾਲ ਮੀਟਿੰਗ ਲਈ ਜਾਣ ਤੋਂ ਪਹਿਲਾਂ ਨੁਮਾਇੰਦਿਆਂ ਨੇ ਕਿਸਾਨ ਭਵਨ ਵਿਚ ਦੋ ਘੰਟੇ ਮੀਟਿੰਗ ਕੀਤੀ।
ਕਿਸਾਨ ਮੋਰਚੇ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਨੇ 2 ਦਿਨ ਦਾ ਸਮਾਂ ਮੰਗਿਆ ਤੇ ਕਿਹਾ ਕਿ 2 ਦਿਨਾਂ ਦੇ ਅੰਦਰ-ਅੰਦਰ ਮੰਡੀਆਂ ’ਚ ਝੋਨੇ ਦੀ ਨਿਰਵਿਘਨ ਖਰੀਦ ਤੇ ਲਿਫਟਿੰਗ ਦਾ ਕੰਮ ਸ਼ੁਰੂ ਹੋ ਜਾਵੇਗਾ, ਜਿਸ ਕਾਰਨ ਮੋਰਚੇ ਨੇ ਧਰਨਾ ਖਤਮ ਕਰਨ ਦਾ ਫੈਸਲਾ ਕੀਤਾ। ਉਨ੍ਹਾ ਕਿਹਾਸਾਡੇ ਤੋਂ ਮੁੱਖ ਮੰਤਰੀ ਨੇ 2 ਦਿਨ ਮੰਗੇ ਹਨ, ਪਰ ਅਸੀਂ ਸਰਕਾਰ ਨੂੰ 4 ਦਿਨ ਦੇ ਰਹੇ ਹਾਂ, ਜੇ ਫਿਰ ਵੀ ਇਹ ਕੰਮ ਸ਼ੁਰੂ ਨਾ ਹੋਇਆ ਤਾਂ ਅਸੀਂ 4 ਦਿਨ ਬਾਅਦ ਧਰਨਾ ਫਿਰ ਸ਼ੁਰੂ ਕਰ ਦੇਵਾਂਗੇ।
ਮਾਨ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਇਸ ਸਾਲ 18.05 ਲੱਖ ਮੀਟਿ੍ਰਕ ਟਨ ਝੋਨੇ ਦੀ ਆਮਦ ਹੋਣ ਦੀ ਉਮੀਦ ਹੈ, ਜਿਸ ਲਈ ਸੂਬੇ ਭਰ ’ਚ 2651 ਮੰਡੀਆਂ ਸਥਾਪਤ ਕੀਤੀਆਂ ਗਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਮੰਡੀਆਂ ’ਚ ਝੋਨੇ ਦੀ ਜਬਰੀ ਵਿਕਰੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ 16.35 ਲੱਖ ਮੀਟਿ੍ਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ 3000 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਮੁੱਖ ਮੰਤਰੀ ਹਾਊਸ ਦਾ ਘਿਰਾਓ ਕਰਨ ਲਈ ਕਿਸਾਨ, ਆੜ੍ਹਤੀ ਤੇ ਰਾਈਸ ਮਿਲਰ ਵੱਡੀ ਗਿਣਤੀ ’ਚ ਕਿਸਾਨ ਭਵਨ ਪੁੱਜ ਗਏ ਸਨ। ਇਸ ਮਗਰੋਂ ਪੁਲਸ ਨੇ ਕਿਸਾਨ ਭਵਨ ਦੇ ਗੇਟ ਬੰਦ ਕਰ ਦਿੱਤੇ ਤੇ ਕਿਸਾਨਾਂ ਨੇ ਉਥੇ ਹੀ ਪੱਕਾ ਮੋਰਚਾ ਲਗਾ ਲਿਆ ਸੀ। ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਡੀ ਜੀ ਪੀ ਗੌਰਵ ਯਾਦਵ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।