ਅੰਮਿ੍ਰਤਸਰ (ਜਸਬੀਰ ਪੱਟੀ, ਕੰਵਲਜੀਤ ਸਿੰਘ)
ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਦੇ ਮਾਝਾ ਜ਼ੋਨ ਦੇ ਸਟੇਟ ਕੌਂਸਲ ਮੈਬਰਾਂ ਦੀ ਮੀਟਿੰਗ ਏਕਤਾ ਭਵਨ ਪੁਤਲੀਘਰ, ਅੰਮਿ੍ਰਤਸਰ ਵਿਖੇ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਤਰਨ ਤਾਰਨ ਜ਼ਿਲ੍ਹੇ ਦੇ ਸਕੱਤਰ ਦਵਿੰਦਰ ਸੋਹਲ ਨੇ ਕੀਤੀ। ਪਾਰਟੀ ਦੇ ਪੰਜਾਬ ਸਕੱਤਰ ਬੰਤ ਸਿੰਘ ਬਰਾੜ ਵਿਸ਼ੇਸ਼ ਤੌਰ ’ਤੇ ਮੀਟਿੰਗ ਵਿੱਚ ਸ਼ਾਮਲ ਹੋਏ। ਮੀਟਿੰਗ ਦੇ ਸ਼ੁਰੂ ਵਿੱਚ ਇਜ਼ਰਾਈਲ ਵੱਲੋਂ ਫਲਸਤੀਨ ਦੇ ਲੋਕਾਂ ਉਪਰ ਢਾਹੇ ਜਾ ਰਹੇ ਕਹਿਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਇੱਕ ਮਤਾ ਪਾਸ ਕਰਕੇ ਫਲਸਤੀਨ ਦੇ ਲੋਕਾਂ ਨਾਲ ਇੱਕਮੁੱਠਤਾ ਪ੍ਰਗਟ ਕਰਦਿਆਂ ਮੰਗ ਕੀਤੀ ਗਈ ਕਿ ਜੰਗ ਫੌਰੀ ਤੌਰ ’ਤੇ ਰੋਕੀ ਜਾਵੇ। ਅਮਰੀਕੀ ਸਾਮਰਾਜੀਆਂ ਵੱਲੋਂ ਇਜ਼ਰਾਈਲ ਦੀ ਇੱਕ ਪਾਸੜ ਹਮਾਇਤ ਦੀ ਨਿੰਦਾ ਕੀਤੀ ਗਈ। ਇਸ ਜੰਗ ਵਿੱਚ ਮਾਰੇ ਗਏ ਬੇਗੁਨਾਹ ਲੋਕਾਂ ਨੂੰ 2 ਮਿੰਟ ਖੜੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਬੰਤ ਸਿੰਘ ਬਰਾੜ ਨੇ ਪੰਜਾਬ ਅਤੇ ਦੇਸ਼ ਦੇ ਰਾਜਨੀਤਕ ਹਾਲਾਤ ਉਪਰ ਵਿਸਥਾਰ-ਪੂਰਵਕ ਚਾਨਣਾ ਪਾਉਦਿਆ ਕਿਹਾ ਕਿ ਕੇਂਦਰ ਦੀ ਸਰਕਾਰ ਭਾਵੇਂ ਪੂਰੀ ਤਰ੍ਹਾਂ ਭਾਜਪਾ ਦੇ ਬਹੁਮਤ ਦੀ ਸਰਕਾਰ ਨਹੀਂ, ਗੱਠਜੋੜ ਸਰਕਾਰ ਹੈ, ਪਰ ਫਿਰ ਵੀ ਇਸ ਨੇ ਦੇਸ਼ ਨੂੰ ਵੰਡਣ ਵਾਲੀਆਂ ਫਾਸ਼ੀਵਾਦੀ ਫਿਰਕੂ ਨੀਤੀਆਂ ਤਬਦੀਲ ਨਹੀਂ ਕੀਤੀਆਂ। ਲੋਕਾਂ ਨੂੰ ਫਿਰਕਾਪ੍ਰਸਤੀ ਦੇ ਆਧਾਰ ’ਤੇ ਵੰਡਣ ਤੋਂ ਇਲਾਵਾ ਦੇਸ਼ ਦੇ ਸਰਕਾਰੀ ਖੇਤਰ ਦੇ ਅਦਾਰਿਆਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਧਨਾਢਾਂ ਨੂੰ ਵੇਚਿਆ ਜਾ ਰਿਹਾ ਹੈ। ਦੇਸ਼ ਦੇ ਵੱਡੇ ਧਨਾਢਾਂ ਅੰਬਾਨੀ-ਅਡਾਨੀ ਆਦਿ ਦੇ ਹੀ ਮੁਨਾਫੇ ਵਧਾਏ ਜਾ ਰਹੇ ਹਨ। ਦੇਸ਼ ਦੀ ਕੁੱਲ ਦੌਲਤ ਇਹਨਾਂ ਘਰਾਣਿਆਂ ਦੇ ਹਵਾਲੇ ਕੀਤੀ ਜਾ ਰਹੀ ਹੈ। ਬੇਰੁਜ਼ਗਾਰੀ ਦਾ ਦੈਂਤ ਦੇਸ਼ ਦੇ ਲੋਕਾਂ ਦੇ ਰੁਜ਼ਗਾਰ ਨੂੰ ਬੇਰਹਿਮੀ ਨਾਲ ਖਾ ਰਿਹਾ ਹੈ। ਦੇਸ਼ ਦੇ ਲੋਕ ‘ਇੰਡੀਆ’ ਦੇ ਭਾਈਵਾਲਾਂ ਨੂੰ ਤਾਕਤ ਦੇ ਕੇ ਭਾਜਪਾ ਦੀਆਂ ਵੰਡ-ਪਾਊ ਅਤੇ ਲੁਟੇਰੀਆਂ ਨੀਤੀਆਂ ਤੋਂ ਨਿਜਾਤ ਪਾਉਣਾ ਚਾਹੁੰਦੇ ਹਨ, ਪਰ ‘ਇੰਡੀਆ’ ਵਿੱਚ ਸ਼ਾਮਲ ਕੁਝ ਮੁੱਖ ਪਾਰਟੀਆਂ ਸੰਜੀਦਾ ਨਹੀਂ ਹਨ। ਕਾਂਗਰਸ ਪਾਰਟੀ ‘ਇੰਡੀਆ’ ਗੱਠਜੋੜ ਦੀ ਮੁੱਖ ਭਾਈਵਾਲੀ ਪਾਰਟੀ ਹੈ, ਪਰ ਦੂਜੀਆਂ ਭਾਈਵਾਲ ਪਾਰਟੀਆਂ ਨੂੰ ਨਾਲ ਲੈ ਕੇ ਚੱਲਣ ਵਿੱਚ ਇਹ ਅਸਫਲ ਰਹੀ ਹੈ। ਕਾਂਗਰਸ ਦੇ ਭਾਈਵਾਲਾਂ ਵੱਲੋਂ ਉਸਾਰੂ ਪਹੁੰਚ ਹੀ ਦੇਸ਼ ਦੇ ਲੋਕਾਂ ਨੂੰ ਫਿਰਕੂ ਅਤੇ ਫਾਸ਼ੀਵਾਦੀ ਤਾਕਤਾਂ ਤੋ ਨਿਜਾਤ ਦਿਵਾ ਸਕਦੀ ਹੈ।
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਦੀ ਗੱਲ ਕਰਦਿਆਂ ਬਰਾੜ ਨੇ ਕਿਹਾ ਕਿ ਇਸ ਪਾਰਟੀ ਦੀ ਕਹਿਣੀ ਅਤੇ ਕਰਨੀ ਅਸਫਲ ਸਾਬਤ ਹੋਈ ਹੈ। ਪੰਜਾਬ ਦੇ ਲੋਕਾਂ ਨੇ ਜਿਸ ਤਰ੍ਹਾਂ ਇਸ ਪਾਰਟੀ ਉੱਪਰ ਵਿਸ਼ਵਾਸ ਕੀਤਾ, ਪਰ ਇਹ ਸਰਕਾਰ ਹਰ ਫਰੰਟ ਉਪਰ ਫੇਲ੍ਹ ਹੋਈ ਹੈ। ਪੰਜਾਬ ਦਾ ਵਿਕਾਸ ਕਰਨ, ਭਿ੍ਰਸ਼ਟਾਚਾਰ ਖਤਮ ਕਰਨ, ਅਮਨ-ਕਾਨੂੰਨ ਦੀ ਹਾਲਤ ਬੇਹਤਰ ਕਰਨ, ਨਸ਼ਾਖੋਰੀ ਰੋਕਣ, ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ, ਬੇਲਗਾਮ ਅਤੇ ਕੁਰੱਪਟ ਅਫਸਰਸ਼ਾਹੀ ਨੂੰ ਨੱਥ ਪਾਉਣ ਵਿੱਚ ਇਹ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ। ਪੰਜਾਬ ਦਾ ਕੋਈ ਵੀ ਮਸਲਾ ਇਹਨਾਂ ਤੋਂ ਹੱਲ ਨਹੀਂ ਹੋਇਆ ਹੈ। ਪੰਜਾਬ ਦੀ ਕਮਿਊਨਿਸਟ ਪਾਰਟੀ ਵੱਲੋਂ ਲੋਕਾਂ ਦੇ ਭਖਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਵਿੱਚ ਅੰਦੋਲਨ ਕੀਤਾ ਜਾ ਰਿਹਾ ਹੈ। ਸਾਰੇ ਪੰਜਾਬ ਨੂੰ 5 ਜ਼ੋਨਾਂ ਵਿੱਚ ਵੰਡ ਕੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ।
ਮਾਝਾ ਜ਼ੋਨ ਦੀ ਰੈਲੀ 2 ਦਸੰਬਰ ਨੂੰ ਅੰਮਿ੍ਰਤਸਰ ਵਿਖੇ ਕੀਤੀ ਜਾਵੇਗੀ, ਜਿਸ ਵਿੱਚ ਅੰਮਿ੍ਰਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ। ਕਾਮਰੇਡ ਬਰਾੜ ਤੋ ਇਲਾਵਾ ਅਮਰਜੀਤ ਸਿੰਘ ਆਸਲ, ਦੇਵੀ ਕੁਮਾਰੀ, ਲਖਬੀਰ ਸਿੰਘ ਨਿਜ਼ਾਮਪੁਰ, ਰਜਿੰਦਰਪਾਲ ਕੌਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਪਠਾਨਕੋਟ ਦੇ ਜ਼ਿਲ੍ਹਾ ਸਕੱਤਰ ਸਤਦੇਵ ਸੈਣੀ, ਮਹਿੰਦਰਪਾਲ ਸਿੰਘ ਮੁਹਾਲੀ, ਵਿਜੇ ਕੁਮਾਰ, ਬਲਦੇਵ ਸਿੰਘ ਵੇਰਕਾ, ਬਲਵਿੰਦਰ ਸਿੰਘ ਦੁਧਾਲਾ, ਨਰਿੰਦਰ ਬੱਲ, ਗੁਰਦੀਪ ਸਿੰਘ ਗੁਰੂਵਾਲੀ, ਮੰਗਲ ਸਿੰਘ, ਪ੍ਰਕਾਸ਼ ਸਿੰਘ, ਬਲਬੀਰ ਸਿੰਘ, ਵਿਕਾਸ ਗੌਰਵ ਅਤੇ ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।