ਚੰਡੀਗੜ੍ਹ : ਜ਼ਿਮਨੀ ਚੋਣਾਂ ਵਿਚ ਭਾਜਪਾ ਨੇ ‘ਪਗੜੀਧਾਰੀ’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪ੍ਰਚਾਰ ਲਈ ਸੁਨੀਲ ਜਾਖੜ ਨੂੰ ਪੋਸਟਰ ਬੁਆਏ ਵਜੋਂ ਦਿਖਾਇਆ ਹੈ। ਪਾਰਟੀ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਦੇ ਨਾਲ ਲਿਖਿਆ ਗਿਆ ਹੈ ਕਿ ‘ਜੇ ਪੰਜਾਬ ਬਚਾਉਣਾ ਤਾਂ ਪੈਣਾ ਭਾਜਪਾ ਨੂੰ ਜਿਤਾਉਣਾ’। ਵੀਡੀਓ ਦੀ ਟੈਗਲਾਈਨ ‘ਬਾਕੀ ਗੱਲਾਂ ਛੱਡੋ, ਪੰਜਾਬ ਦੀ ਗੱਲ ਜ਼ਰੂਰੀ ਹੈ’ ਜਾਖੜ ਦੇ ਇਸ ਵਿਚਾਰ ਨੂੰ ਦਰਸਾਉਦੀ ਹੈ ਕਿ ਭਾਜਪਾ ਨੂੰ ਪੰਜਾਬੀਆਂ ਅਤੇ ਪੰਜਾਬ ਦੇ ਕਿਸਾਨਾਂ ਦੇ ਮੁੱਦਿਆਂ ਨੂੰ ਸਮਝਣ ਦੀ ਲੋੜ ਹੈ। ਜਾਖੜ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਪਾਸਾ ਵੱਟ ਲਿਆ ਸੀ।
ਹਾਲਾਂਕਿ, 17 ਅਕਤੂਬਰ ਨੂੰ ਪ੍ਰਧਾਨ ਮੰਤਰੀ ਨੇ ਹਰਿਆਣਾ ਸਰਕਾਰ ਦੇ ਸਹੁੰ ਚੁੱਕ ਸਮਾਗਮ ਅਤੇ ਹੋਰ ਸਮਾਗਮਾਂ ਲਈ ਚੰਡੀਗੜ੍ਹ ਤੇ ਪੰਚਕੂਲਾ ਦਾ ਦੌਰਾ ਕਰਨ ਵੇਲੇ ਕਥਿਤ ਤੌਰ ’ਤੇ ਉਨ੍ਹਾ ਨੂੰ ਮੋਹਰੀ ਰਹਿਣ ਲਈ ਕਿਹਾ ਸੀ। ਜਾਖੜ ਨੇ ਵੀਡੀਓ ਤੋਂ ਪਹਿਲਾਂ ਬੁੱਧਵਾਰ ਟਵੀਟ ਕਰਦਿਆਂ ਪਾਕਿਸਤਾਨ ਨਾਲ ਕਰਤਾਰਪੁਰ ਲਾਂਘੇ ਦੇ ਸਮਝੌਤੇ ਨੂੰ ਹੋਰ ਪੰਜ ਸਾਲਾਂ ਲਈ ਵਧਾਉਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।