ਚੰਡੀਗੜ੍ਹ (ਗੁਰਜੀਤ ਬਿੱਲਾ)-ਕੈਪਟਨ ਅਮਰਿੰਦਰ ਸਿੰਘ ਦੇ ਖੰਨਾ ਅਨਾਜ ਮੰਡੀ ਦੇ ਦੌਰੇ ’ਤੇ ਪ੍ਰਤੀਕਰਮ ਦਿੰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਕਸਰ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਦੇ ਰਹਿੰਦੇ ਹਨ, ਅੱਜ ਤੱਕ ਉਨ੍ਹਾ ਪੰਜਾਬ ਦੇ ਕਿਸਾਨਾਂ ਅਤੇ ਆੜ੍ਹਤੀਆਂ ਦੇ ਮੁੱਦੇ ਕਿਉ ਨਹੀਂ ਉਠਾਏ?
ਚੀਮਾ ਨੇ ਕਿਹਾ ਕਿ ਹੁਣ ਕੈਪਟਨ ਦਾ ਸਿਆਸੀ ਮੈਦਾਨ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ। ਜਦ ਜਨਤਾ ਉਨ੍ਹਾ ਨੂੰ ਨਕਾਰ ਚੁੱਕੀ ਹੈ ਤਾਂ ਉਹ ਮੰਡੀਆਂ ਵਿੱਚ ਜਾ ਕੇ ਕਿਸਾਨਾਂ ਨਾਲ ਹਮਦਰਦੀ ਦਾ ਢੌਂਗ ਕਿਉ ਕਰ ਰਹੇ ਹਨ। ਪੰਜਾਬ ਦੇ ਲੋਕ ਜਾਣਦੇ ਹਨ ਕਿ ਸਾਰੀ ਸਮੱਸਿਆ ਕੇਂਦਰ ਸਰਕਾਰ ਨੇ ਪੈਦਾ ਕੀਤੀ ਹੈ।ਕੇਂਦਰ ਸਰਕਾਰ ਨੇ ਸਮੇਂ ਸਿਰ ਗੁਦਾਮਾਂ ਵਿੱਚੋਂ ਚੌਲਾਂ ਦੀ ਲਿਫਟਿੰਗ ਨਹੀਂ ਕੀਤੀ। ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਦੀ ਗੱਲ ਸਮੇਂ ਸਿਰ ਨਹੀਂ ਸੁਣੀ ਗਈ, ਜਿਸ ਕਾਰਨ ਅੱਜ ਪੰਜਾਬ ਦੇ ਕਿਸਾਨ ਅਤੇ ਆੜ੍ਹਤੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਭਾਜਪਾ ਪੰਜਾਬ ਨੂੰ ਨਫ਼ਰਤ ਕਰਦੀ ਹੈ। ਉਹ ਪੰਜਾਬ ਦੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਨਫ਼ਰਤ ਕਰਦੀ ਹੈ। ਇਸ ਲਈ ਉਹ ਜਾਣਬੁੱਝ ਕੇ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ। ਕੈਪਟਨ ਜਾਣਦੇ ਹਨ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਵੱਖ-ਵੱਖ ਫੰਡਾਂ ਵਿੱਚੋਂ ਹਜ਼ਾਰਾਂ ਕਰੋੜ ਰੁਪਏ ਰੋਕੇ ਹੋਏ ਹਨ। ਕੇਂਦਰ ਨੇ ਕਈ ਸਾਲਾਂ ਤੋਂ ਆਰ ਡੀ ਐੱਫ, ਐੱਮ ਡੀ ਐੱਫ ਅਤੇ ਐੱਨ ਐੱਚ ਐੱਮ ਦੇ ਫੰਡ ਰੋਕੇ ਹੋਏ ਹਨ, ਪਰ ਕੈਪਟਨ ਨੇ ਅੱਜ ਤੱਕ ਇਹ ਮੁੱਦੇ ਕੇਂਦਰ ਕੋਲ ਨਹੀਂ ਉਠਾਏ। ਜਦੋਂ ਮੋਦੀ ਸਰਕਾਰ ਤਿੰਨ ਕਾਲੇ ਖੇਤੀ ਕਾਨੂੰਨ ਲੈ ਕੇ ਆਈ ਸੀ, ਉਦੋਂ ਵੀ ਕੈਪਟਨ ਕੇਂਦਰ ਦਾ ਸਮਰਥਨ ਕਰ ਰਹੇ ਸਨ।ਉਸ ਸਮੇਂ ਆਮ ਆਦਮੀ ਪਾਰਟੀ ਵਿਰੋਧੀ ਧਿਰ ਵਿੱਚ ਸੀ ਅਤੇ ਅਸੀਂ ਵਾਰ-ਵਾਰ ਕਿਹਾ ਕਿ ਕੈਪਟਨ ਮੁੱਖ ਮੰਤਰੀ ਨਾਲੋਂ ਭਾਜਪਾ ਦੇ ਏਜੰਟ ਵਜੋਂ ਕੰਮ ਕਰ ਰਹੇ ਹਨ।ਇਸੇ ਕਰਕੇ ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੰਦੇ ਹੀ ਭਾਜਪਾ ਵਿੱਚ ਸ਼ਾਮਲ ਹੋ ਗਏ, ਉਦੋਂ ਵੀ ਉਨ੍ਹਾ ਪੰਜਾਬ ਦੇ ਕਿਸਾਨਾਂ, ਸ਼ੈਲਰ ਮਾਲਕਾਂ ਅਤੇ ਦਲਾਲਾਂ ਨਾਲ ਗੱਲ ਨਹੀਂ ਕੀਤੀ। ਅੱਜ ਇਹ ਸਾਰਾ ਡਰਾਮਾ ਉਹ ਆਪਣੀ ਖੋਈ ਹੋਈ ਸਿਆਸੀ ਜ਼ਮੀਨ ਨੂੰ ਮੁੜ ਹਾਸਲ ਕਰਨ ਲਈ ਕਰ ਰਹੇ ਹਨ।