ਜਲੰਧਰ : ਸ਼ਹਿਰ ਜਲੰਧਰ ਦੀ 20 ਸਾਲਾ ਰੇਚਲ ਗੁਪਤਾ 25 ਅਕਤੂਬਰ ਨੂੰ ਥਾਈਲੈਂਡ ਦੇ ਬੈਂਕਾਕ ’ਚ ਐੱਮ ਜੀ ਆਈ ਹੈੱਡਕੁਆਰਟਰ ਵਿਚ ਇੱਕ ਸਮਾਗਮ ’ਚ ਮਿਸ ਗ੍ਰੈਂਡ ਇੰਟਰਨੈਸ਼ਨਲ-2024 ਦਾ ਤਾਜ ਪਹਿਨਣ ਵਾਲੀ ਪਹਿਲੀ ਭਾਰਤੀ ਬਣ ਗਈ। ਮਿਸ ਗ੍ਰੈਂਡ ਇੰਟਰਨੈਸ਼ਨਲ ਨੂੰ ਵਿਸ਼ਵ ਦੇ ਪ੍ਰਮੁੱਖ ਸੁੰਦਰਤਾ ਮੁਕਾਬਲਿਆਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ। ਇਸ ਦੇ ਪੰਜਾਹ ਲੱਖ ਤੋਂ ਵੱਧ ਫਾਲੋਅਰਜ਼ ਹਨ।
ਸਾਬਕਾ ਮਿਸ ਸੁਪਰ ਟੇਲੈਂਟ ਆਫ ਦਿ ਵਰਲਡ-2022 ਰੇਚਲ ਨੇ ਅਗਸਤ ’ਚ ਜੈਪੁਰ ’ਚ ਆਯੋਜਤ ਇੱਕ ਕੌਮਾਂਤਰੀ ਮੁਕਾਬਲੇ ’ਚ ਮਿਸ ਗ੍ਰੈਂਡ ਇੰਡੀਆ ਦਾ ਖਿਤਾਬ ਜਿੱਤ ਕੇ ਕੌਮਾਂਤਰੀ ਮੰਚ ’ਤੇ ਉਪਰੋਕਤ ਸਨਮਾਨ ਪ੍ਰਾਪਤ ਕੀਤਾ। 70 ਤੋਂ ਵੱਧ ਦੇਸ਼ਾਂ ਦੇ ਭਾਗੀਦਾਰਾਂ ਦੇ ਵਿਰੁੱਧ ਮੁਕਾਬਲਾ ਕਰਦੇ ਹੋਏ ਰੇਚਲ ਪੂਰੇ ਮੁਕਾਬਲੇ ਦੌਰਾਨ ਚੋਟੀ ਦੇ ਦਾਅਵੇਦਾਰਾਂ ਵਿੱਚੋਂ ਇੱਕ ਰਹੀ। ਉਸ ਨੇ ਗ੍ਰੈਂਡ ਪੇਜੈਂਟਸ ਚੁਆਇਸ ਐਵਾਰਡ-2024 ਵੀ ਜਿੱਤਿਆ। ਇੰਸਟਾਗ੍ਰਾਮ ’ਤੇ 10 ਲੱਖ ਤੋਂ ਵੱਧ ਫਾਲੋਅਰਜ਼ ਦੇ ਨਾਲ ਰੇਚਲ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ। ਉਹ ਹੁਣ ਵਿਸ਼ਵ ਭਰ ’ਚ ਸ਼ਾਂਤੀ ਅਤੇ ਸਥਿਰਤਾ ਨੂੰ ਉਤਸ਼ਾਹਤ ਕਰਦੇ ਹੋਏ ਐੱਮ ਜੀ ਆਈ ਲਈ ਗਲੋਬਲ ਅੰਬੈਸਡਰ ਵਜੋਂ ਸੇਵਾ ਕਰੇਗੀ।