ਚੰਡੀਗੜ੍ਹ : ਖਰੜ ਸੀ ਆਈ ਏ ਸਟੇਸ਼ਨ ’ਚ ਪੰਜਾਬ ਪੁਲਸ ਦੀ ਗਿ੍ਰਫਤ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਟੀ ਵੀ ਇੰਟਰਵਿਊ ਲਈ ਕਥਿਤ ਸਹੂਲਤ ਦੇਣ ਸੰਬੰਧੀ ਦੋ ਡੀ ਐੱਸ ਪੀਜ਼ ਸਮੇਤ ਸੱਤ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਲਾਰੈਂਸ ਬਿਸ਼ਨੋਈ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਮੁਲਜ਼ਮ ਹੈ ਅਤੇ ਮੁੰਬਈ ’ਚ ਬਾਬਾ ਸਿੱਦੀਕੀ ਕਤਲ ਕੇਸ ’ਚ ਸ਼ੱਕੀ ਸਾਜ਼ਿਸ਼ਕਰਤਾ ਵੀ ਹੈ। ਇਸ ਤੋਂ ਇਲਾਵਾ ਕੈਨੇਡਾ ਸਰਕਾਰ ਨੇ ਉਸ ’ਤੇ ਜੂਨ 2023 ਦੇ ਹਰਦੀਪ ਨਿੱਝਰ ਕਤਲ ਕੇਸ ’ਚ ਭਾਰਤ ਦੇ ਏਜੰਟ ਵਜੋਂ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਗ੍ਰਹਿ ਵਿਭਾਗ ਪੰਜਾਬ ਨੇ ਸ਼ੁੱਕਰਵਾਰ ਡਿਪਟੀ ਸੁਪਰਡੈਂਟ ਰੈਂਕ ਦੇ ਅਧਿਕਾਰੀਆਂ ਗੁਰਸ਼ੇਰ ਸਿੰਘ ਸੰਧੂ ਤੇ ਸਮਰ ਵਨੀਤ ਤੋਂ ਇਲਾਵਾ ਸਬ-ਇੰਸਪੈਕਟਰ ਰੀਨਾ, ਜਗਤਪਾਲ ਜਾਂਗੂ ਤੇ ਸ਼ਗਨਜੀਤ ਸਿੰਘ, ਏ ਐੱਸ ਆਈ ਮੁਖਤਿਆਰ ਸਿੰਘ ਅਤੇ ਹੈੱਡ ਕਾਂਸਟੇਬਲ ਓਮ ਪ੍ਰਕਾਸ਼ ਦੀ ਮੁਅੱਤਲੀ ਦੇ ਹੁਕਮ ਜਾਰੀ ਕੀਤੇ। ਬਿਸ਼ਨੋਈ ਦੇ ਦੋ ਇੰਟਰਵਿਊ ਮਾਰਚ 2023 ’ਚ ਇੱਕ ਟੀ ਵੀ ਚੈਨਲ ਵੱਲੋਂ ਪ੍ਰਸਾਰਤ ਕੀਤੇ ਗਏ ਸਨ, ਜਦੋਂ ਉਹ ਪੰਜਾਬ ਅਤੇ ਰਾਜਸਥਾਨ ਪੁਲਸ ਦੀ ਹਿਰਾਸਤ ’ਚ ਸੀ।





