ਜਲੰਧਰ (ਸ਼ੈਲੀ ਐਲਬਰਟ, ਇਕਬਾਲ ਉੱਭੀ)
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਸ ਨੇ ਗੈਰ-ਕਾਨੂੰਨੀ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਜਬਰੀ ਵਸੂਲੀ ਦੇ ਸੰਬੰਧ ’ਚ ਸਾਂਸਦ ਅੰਮਿ੍ਰਤਪਾਲ ਸਿੰਘ ਦੇ ਪੀ ਐੱਸ ਓ ਸਮੇਤ ਚਾਰ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਹ ਰੈਕੇਟ ਸੂਬੇ ਵਿੱਚ ਅਮਨ-ਕਾਨੂੰਨ ਨੂੰ ਵਿਗਾੜਨ ਲਈ ਵੱਡੀ ਕਾਰਵਾਈ ਦੀ ਯੋਜਨਾ ਬਣਾ ਰਿਹਾ ਸੀ। ਉਨ੍ਹਾ ਦੱਸਿਆ ਕਿ ਚਾਰ ਵਿਅਕਤੀਆਂ ਦੀ ਪਛਾਣ ਲਖਵਿੰਦਰ ਸਿੰਘ ਵਾਸੀ ਪਿੰਡ ਹੈਬੋਵਾਲ, ਥਾਣਾ ਗੜ੍ਹਸ਼ੰਕਰ, ਹੁਸ਼ਿਆਰਪੁਰ, ਗੁਰਭੇਜ ਸਿੰਘ ਵਾਸੀ ਪਿੰਡ ਗੁਦਾਰਾ, ਥਾਣਾ ਬਾਜਾਖਾਨਾ, ਫਿਰੋਜ਼ਪੁਰ, ਸਤਿੰਦਰ ਸਿੰਘ (ਉਰਫ਼ ਕਾਲਾ) ਵਾਸੀ ਪਿੰਡ ਪਲਾਹੀ, ਥਾਣਾ ਮੇਹਟੀਆਣਾ, ਹੁਸ਼ਿਆਰਪੁਰ ਅਤੇ ਭਰਤ (ਉਰਫ਼ ਭਾਊ) ਵਾਸੀ ਬਰਾਰ ਮੁਹੱਲਾ ਪੱਟੀ, ਤਰਨ ਤਾਰਨ ਵਜੋਂ ਹੋਈ ਹੈ।
ਸਵਪਨ ਸ਼ਰਮਾ ਨੇ ਦੱਸਿਆ ਕਿ ਹਰਸ਼ਦੀਪ ਸਿੰਘ, ਜਿਸ ਨੂੰ ਪਹਿਲਾਂ ਗਿ੍ਰਫਤਾਰ ਕੀਤਾ ਗਿਆ ਸੀ, ਲਖਵਿੰਦਰ ਸਿੰਘ, ਜਿਸ ਦੇ ਖਿਲਾਫ ਕਈ ਅਪਰਾਧਿਕ ਕੇਸ ਦਰਜ ਹਨ, ਨਾਲ ਜਾਣੂ ਸੀ।ਪੁਲਸ ਕਮਿਸ਼ਨਰ ਨੇ ਦੱਸਿਆ ਕਿ ਗੁਰਭੇਜ ਸਿੰਘ ਇਸ ਤੋਂ ਪਹਿਲਾਂ ਅੰਮਿ੍ਰਤਪਾਲ ਕੇਸ ਤੇ ਅਜਨਾਲਾ ਪੁਲਸ ਸਟੇਸ਼ਨ ਹਮਲੇ ਦੇ ਕੇਸ ਵਿੱਚ ਕਪੂਰਥਲਾ ਜੇਲ੍ਹ ਵਿੱਚ ਸੀ, ਜਿੱਥੇ ਉਸ ਦੀ ਮੁਲਾਕਾਤ ਲਖਵਿੰਦਰ ਸਿੰਘ (ਉਰਫ਼ ਲੱਖੀ) ਨਾਲ ਹੋਈ, ਜੋ ਪਹਿਲਾਂ ਹੀ ਇੱਕ ਕਤਲ ਕੇਸ ਵਿੱਚ ਜੇਲ੍ਹ ਵਿੱਚ ਸੀ। ਸਵਪਨ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਬਾਅਦ ਵਿੱਚ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਹਥਿਆਰ, ਗੋਲਾ-ਬਾਰੂਦ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨੀ ਸ਼ੁਰੂ ਕਰ ਦਿੱਤੀ। ਇਨ੍ਹਾਂ ਵਿਅਕਤੀਆਂ ਵਿਚਕਾਰ ਫੋਨ ਕਾਲਾਂ ਤੇ ਸੁਨੇਹੇ ਤੋਂ ਇਹ ਸਬੂਤ ਮਿਲੇ ਹਨ ਕਿ ਉਹ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ।ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਖਿਲਾਫ ਮੁਕੱਦਮਾ ਨੰਬਰ 253 ਮਿਤੀ 19-10-2024 ਅ/ਧ 25-54-59 ਅਸਲਾ ਐਕਟ 21-61-85 ਐੱਨ ਡੀ ਪੀ ਐੱਸ ਐਕਟ ਥਾਣਾ ਨਿਊ ਬਾਰਾਂਦਰੀ ਸੀ ਪੀ ਜਲੰਧਰ ਦਰਜ ਕੀਤਾ ਗਿਆ ਹੈ। ਇਨ੍ਹਾਂ ਕੋਲੋਂ 12 ਬੋਰ ਦੇ 10 ਕਾਰਤੂਸ, 315 ਬੋਰ ਦੇ ਅੱਠ ਕਾਰਤੂਸ ਅਤੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।





