ਸ੍ਰੀਨਗਰ : ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਬੁੱਧਵਾਰ ਇੱਕ ਸੀ ਆਰ ਪੀ ਐੱਫ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ਵਿੱਚ ਤਿੰਨ ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ | ਉਪਰੰਤ ਖੇਤਰ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ | ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਦੁਪਹਿਰ 2.15 ਵਜੇ ਮੀਰ ਬਾਜ਼ਾਰ ਨੇੜੇ ਅਖਰਾਨ ਵਿੱਚ ਹੋਇਆ | ਦੋ ਅੱਤਵਾਦੀ, ਜੋ ਮੋਟਰਸਾਈਕਲ ‘ਤੇ ਸਵਾਰ ਸਨ, ਗੋਲੀਬਾਰੀ ਉਪਰੰਤ ਮੌਕੇ ਤੋਂ ਫਰਾਰ ਹੋ ਗਏ | ਸੁਰੱਖਿਆ ਜਵਾਨਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਗੋਲੀਬਾਰੀ ਤੋਂ ਬਾਅਦ ਭੱਜਣ ਵਿੱਚ ਕਾਮਯਾਬ ਰਹੇ ਹਮਲਾਵਰਾਂ ਦੀ ਵੱਡੇ ਪੱਧਰ ‘ਤੇ ਭਾਲ ਕੀਤੀ ਜਾ ਰਹੀ ਹੈ | ਜ਼ਖਮੀਆਂ ਨੂੰ ਅਨੰਤਨਾਗ ਜ਼ਿਲ੍ਹੇ ਦੇ ਇੱਕ ਹਸਪਤਾਲ ਲਿਜਾਇਆ ਗਿਆ ਹੈ | ਉਨ੍ਹਾਂ ਵਿੱਚੋਂ ਇੱਕ ਦੇ ਪੇਟ ਵਿੱਚ ਗੋਲੀ ਵੱਜੀ ਹੈ, ਜਿਸ ਦੀ ਹਾਲਤ ਗੰਭੀਰ ਹੈ, ਜਦ ਕਿ ਬਾਕੀ ਦੋ ਵਿਚੋਂ ਇੱਕ ਦੇ ਬਾਂਹ ‘ਤੇ ਅਤੇ ਦੂਜੇ ਦੇ ਪੈਰ ‘ਤੇ ਗੋਲੀ ਲੱਗੀ ਹੈ, ਉਨ੍ਹਾ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਹੈ | ਹਮਲੇ ਤੋਂ ਥੋੜ੍ਹੀ ਦੇਰ ਬਾਅਦ ਵਾਧੂ ਬੈਰੀਕੇਡ ਲਗਾਏ ਗਏ ਅਤੇ ਬਖਤਰਬੰਦ ਵਾਹਨਾਂ ਵਿੱਚ ਸੁਰੱਖਿਆ ਜਵਾਨ ਘਟਨਾ ਸਥਾਨ ਦੇ ਨੇੜੇ ਤਾਇਨਾਤ ਕੀਤੇ ਗਏ | ਸਥਾਨਕ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਗਿਆ ਹੈ | ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਵੀ ਇੱਕ ਸਮਾਗਮ ਲਈ ਕੁਲਗਾਮ ਵਿੱਚ ਸਨ, ਪਰ ਹਮਲੇ ਵਾਲੀ ਥਾਂ ਦੇ ਨੇੜੇ ਨਹੀਂ ਸਨ | ਇੰਸਪੈਕਟਰ ਜਨਰਲ (ਆਈ ਜੀ) ਕਸ਼ਮੀਰ ਸੁਜੀਤ ਕੁਮਾਰ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਸਥਾਨਕ ਅੱਤਵਾਦੀ ਦੱਖਣੀ ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਸਰਗਰਮ ਹਨ |




