ਪੰਜਾਬ ਕਾਂਗਰਸ ਨੇ ਬੁੱਧਵਾਰ ‘ਪੰਜਾਬ ਮੰਗਦਾ ਇਨਸਾਫ’ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ | ਪਾਰਟੀ ਪ੍ਰਧਾਨ ਪਰਗਟ ਸਿੰਘ ਤੇ ਅਸੈਂਬਲੀ ਵਿੱਚ ਪਾਰਟੀ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਮੌਕੇ ਦੱਸਿਆ ਕਿ ਇਸ ਮੁਹਿੰਮ ਤਹਿਤ ਪਾਰਟੀ ਆਗੂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਨਗੇ ਅਤੇ ਸਮਾਜ ਦੇ ਸਾਰੇ ਵਰਗਾਂ ਨਾਲ ਜੁੜੇ ਮੁੱਦੇ ਉਠਾਉਣਗੇ | ਪਾਰਟੀ ਦੀ ਚੋਣ ਮੁਹਿੰਮ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਵੀਰਵਾਰ ‘ਜਵਾਨੀ ਸੰਭਾਲ ਜੱਟਾ’ ਨਾਂਅ ਦੀ ਸਾਈਕਲ ਯਾਤਰਾ ਸ਼ੁਰੂ ਕਰਨਗੇ | ਇਸ ਤੋਂ ਪਹਿਲਾਂ ਪਾਰਟੀ ਨੇ ਚਾਰ ਨਵੰਬਰ ਨੂੰ ਸੰਗਰੂਰ ‘ਚ ਇਨਸਾਫ ਰੈਲੀ ਕੀਤੀ ਸੀ, ਜਿਸ ਨੂੰ ਸੰਬੋਧਨ ਕਰਨ ਰਾਹੁਲ ਗਾਂਧੀ ਪਹੁੰਚੇ ਸਨ | ਸੱਤਾਧਾਰੀ ਆਮ ਆਦਮੀ ਪਾਰਟੀ ਤਾਂ ਹਮੇਸ਼ਾ ਸਰਗਰਮ ਰਹਿੰਦੀ ਹੈ | ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਕਈ ਮਹੀਨਿਆਂ ਤੋਂ ਰੈਲੀਆਂ ਕਰ ਰਹੇ ਹਨ | ਭਾਜਪਾ ਨੂੰ ਤਕੜੀ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪੰਜਾਬ ਦੀਆਂ ਗੇੜੀਆਂ ਮਾਰ ਗਏ ਹਨ |
ਵਿਧਾਨ ਸਭਾ ਚੋਣਾਂ ਹੋਣ ਵਿੱਚ ਕੁਝ ਮਹੀਨੇ ਹੀ ਰਹਿ ਗਏ ਹਨ | ਇਸ ਵੇਲੇ ਦਾ ਮਾਹੌਲ ਤੇ ਵੱਖ-ਵੱਖ ਸਰਵੇਖਣ ਦੱਸ ਰਹੇ ਹਨ ਕਿ ਕਿਸੇ ਇੱਕ ਪਾਰਟੀ ਦੇ ਹੱਕ ‘ਚ ਹਵਾ ਨਹੀਂ ਵਹਿ ਰਹੀ | ਇਸ ਨੂੰ ਮਹਿਸੂਸ ਕਰਦਿਆਂ ਹੀ ਅਕਾਲੀ ਦਲ ਤੇ ਭਾਜਪਾ ਦੇ ਸੂਬਾਈ ਆਗੂ ਪੁਰਾਣੀ ਭਾਈਵਾਲੀ ਬਹਾਲ ਕਰਨ ਲਈ ਕਾਹਲੇ ਪਏ ਹੋਏ ਹਨ | ਅਕਾਲੀ ਦਲ ਨੂੰ ਲੱਗ ਰਿਹਾ ਹੈ ਕਿ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਅਤੇ ਅਕਾਲੀ ਦਲ ਪੁਨਰ-ਸੁਰਜੀਤ ਉਸ ਨੂੰ ਢਾਹ ਲਾ ਸਕਦੇ ਹਨ | ਇਸੇ ਕਰਕੇ ਉਸ ਨੇ ਪਾਰਟੀ ਛੱਡ ਕੇ ਗਏ ਆਗੂਆਂ ਨੂੰ ਵਾਪਸ ਲਿਆਉਣ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ | ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਨਾਲ ਰਲਾ ਲਿਆ ਹੈ ਤੇ ਬੀਬੀ ਜਗੀਰ ਕੌਰ ਵੀ ਨਾਲ ਆਉਣ ਵਾਲੀ ਹੈ |
ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੁੰਦਾ ਹੈ ਤਾਂ ਮੁੱਖ ਲੜਾਈ ‘ਆਪ’, ਕਾਂਗਰਸ ਤੇ ਅਕਾਲੀ-ਭਾਜਪਾ ਵਿਚਾਲੇ ਹੋਵੇਗੀ, ਪਰ ਇੱਕ ਧਿਰ ਹੋਰ ਵੀ ਹੈ, ਜਿਹੜੀ ਨਤੀਜੇ ਬਦਲਣ ਦੀ ਸਮਰੱਥਾ ਰੱਖਦੀ ਹੈ | ਇਸ ਧਿਰ ਨੇ ਹਾਲ ਹੀ ਵਿੱਚ ਤਾਮਿਲਨਾਡੂ ‘ਚ ਰੰਗ ਦਿਖਾਇਆ ਹੈ | ਖੱਬੀਆਂ ਤੇ ਸੈਕੂਲਰ ਤਾਕਤਾਂ ਦੀ ਇਸ ਧਿਰ ਕਾਰਨ ਹੀ ਤਾਮਿਲਨਾਡੂ ਵਿੱਚ ਨਵਾਂ ਸਮੀਕਰਨ ਸਾਹਮਣੇ ਆਇਆ | ਉੱਥੇ ਕਾਂਗਰਸ ਵੀ ਨਾਲ ਰਲੀ | ਪੰਜਾਬ ਅਸੰਬਲੀ ਚੋਣਾਂ ‘ਚ ਵਕਤ ਬਹੁਤ ਘੱਟ ਹੈ | ਕਾਂਗਰਸ ਨੂੰ ਆਪਣੀ ਮੁਹਿੰਮ ਚਲਾਉਣ ਦਾ ਪੂਰਾ ਹੱਕ ਹੈ, ਪਰ ਉਸ ਨੂੰ ਇਹ ਜ਼ਰੂਰ ਚੇਤੇ ਰੱਖਣਾ ਚਾਹੀਦਾ ਹੈ ਕਿ ਉਹ ‘ਇੰਡੀਆ’ ਗੱਠਜੋੜ ਦਾ ਹਿੱਸਾ ਹੈ ਤੇ ਜੇ ਉਹ ਇੰਡੀਆ ਗੱਠਜੋੜ ਦੀਆਂ ਬਾਕੀ ਪਾਰਟੀਆਂ ਨੂੰ ਵੀ ਆਪਣੀ ਮੁਹਿੰਮ ਨਾਲ ਜੋੜ ਕੇ ਚੱਲੇ ਤਾਂ ਨਤੀਜੇ ਉਮੀਦ ਨਾਲੋਂ ਚੰਗੇ ਮਿਲ ਸਕਦੇ ਹਨ | ਹਾਲਾਂਕਿ ਪਰਗਟ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਖੱਬੇ-ਪੱਖੀ ਪਾਰਟੀਆਂ ਨਾਲ ਚੋਣ ਗੱਠਜੋੜ ਦਾ ਇਸ਼ਾਰਾ ਕਰ ਚੁੱਕੇ ਹਨ, ਪਰ ਚੋਣਾਂ ਸਿਰ ‘ਤੇ ਖਲੋਤੀਆਂ ਹੋਣ ਕਰਕੇ ਉਨ੍ਹਾਂ ਨੂੰ ਛੇਤੀ ਪਹਿਲ ਕਰਨੀ ਪੈਣੀ ਹੈ | ‘ਇੰਡੀਆ’ ਧਰਮ ਦੀ ਪਾਲਣਾ ਜ਼ਰੂਰੀ ਹੈ |



