ਪਰਗਟ ਤੇ ਬਾਜਵਾ ਵੱਲੋਂ ਕਾਮਰੇਡਾਂ ਨਾਲ ਚੋਣ ਗੱਠਜੋੜ ਦਾ ਇਸ਼ਾਰਾ

0
4

ਫਗਵਾੜਾ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਅਤੇ ਪਾਰਟੀ ਦੇ ਅਸੈਂਬਲੀ ਵਿੱਚ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ ਸੰਕੇਤ ਦਿੱਤਾ ਕਿ ਕਾਂਗਰਸ ਖੱਬੇ-ਪੱਖੀ ਪਾਰਟੀਆਂ ਨਾਲ ਚੋਣ ਗੱਠਜੋੜ ‘ਤੇ ਵਿਚਾਰ ਕਰ ਸਕਦੀ ਹੈ | ਉਨ੍ਹਾਂ ਦੇ ਇਹ ਵਿਚਾਰ ਇਸ ਕਰਕੇ ਅਹਿਮ ਹਨ, ਕਿਉਂਕਿ ਪਾਰਟੀ ਪੰਜਾਬ ਦੀ ਸੱਤਾ ‘ਤੇ ਮੁੜ ਕਾਬਜ਼ ਹੋਣ ਲਈ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ |
ਇੱਥੇ ਪਾਰਟੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਰਿਹਾਇਸ਼ ‘ਤੇ ਪੁੱਜੇ ਪਰਗਟ ਸਿੰਘ ਨੇ ਦੱਸਿਆ ਕਿ ਪਾਰਟੀ ਇਸ ਮਹੀਨੇ ਦੇ ਅੰਤ ਤੱਕ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ | ਸ੍ਰੀ ਵਿਸ਼ਵਕਰਮਾ ਮੰਦਰ ਵੱਲ ਜਾਣ ਤੋਂ ਪਹਿਲਾਂ ਦੋਵਾਂ ਆਗੂਆਂ ਨੇ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ‘ਤੇ ਤਿੱਖਾ ਹਮਲਾ ਬੋਲਦਿਆਂ ਉਨ੍ਹਾਂ ‘ਤੇ ਅਜਿਹੀਆਂ ਨੀਤੀਆਂ ਅਪਣਾਉਣ ਦੇ ਦੋਸ਼ ਲਾਏ, ਜਿਨ੍ਹਾਂ ਪੰਜਾਬ ਅਤੇ ਇਸ ਦੇ ਲੋਕਾਂ ‘ਤੇ ਮਾੜਾ ਅਸਰ ਪਾਇਆ ਹੈ | ਲਗਾਤਾਰ ਸਰਕਾਰਾਂ ਦੀਆਂ ਸਿਆਸੀ ਅਤੇ ਪ੍ਰਸ਼ਾਸਨਿਕ ਨਾਕਾਮੀਆਂ ਨੇ ਸੂਬੇ ਦੇ ਸਾਹਮਣੇ ਕਈ ਪੇਚੀਦਾ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ |
ਦੋਵਾਂ ਨੇ ਦੋਸ਼ ਲਾਇਆ ਕਿ ਪੰਜਾਬ ਦੀ ਵਿੱਤੀ ਸਥਿਤੀ ਵਿਗੜ ਚੁੱਕੀ ਹੈ ਅਤੇ ‘ਆਪ’ ਦੇ ਕਾਰਜਕਾਲ ਦੌਰਾਨ ਸੂਬਾ ਵਧਦੇ ਕਰਜ਼ੇ ਹੇਠ ਦੱਬ ਗਿਆ ਹੈ | ਉਨ੍ਹਾ ਇਮਾਨਦਾਰ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਦੇ ਦਾਅਵਿਆਂ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਸਾਫ-ਸੁਥਰੇ ਸ਼ਾਸਨ ਦੇ ਵਾਰ-ਵਾਰ ਕੀਤੇ ਵਾਅਦਿਆਂ ਦੇ ਬਾਵਜੂਦ ਭਿ੍ਸ਼ਟਾਚਾਰ ਵਧਦਾ ਜਾ ਰਿਹਾ ਹੈ | ਉਨ੍ਹਾਂ ‘ਆਪ’ ਸਰਕਾਰ ਨੂੰ ਨਸ਼ਿਆਂ ਦੀ ਵਧਦੀ ਮਾਰ, ਵਧ ਰਹੀਆਂ ਅਪਰਾਧਕ ਗਤੀਵਿਧੀਆਂ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਦੀ ਸਥਿਤੀ ਲਈ ਵੀ ਜ਼ਿੰਮੇਵਾਰ ਠਹਿਰਾਇਆ |
ਕਾਂਗਰਸੀ ਆਗੂਆਂ ਨੇ ਅਕਾਲੀ ਦਲ ਦੀ ਸਿਆਸੀ ਵਿਰਾਸਤ ਅਤੇ ਸ਼ਾਸਨ ਦੇ ਰਿਕਾਰਡ, ਖਾਸ ਕਰਕੇ ਸੱਤਾ ਵਿੱਚ ਇਸ ਦੇ ਪਿਛਲੇ ਕਾਰਜਕਾਲ ‘ਤੇ ਵੀ ਸਵਾਲ ਚੁੱਕੇ | ਕਈ ਸਾਲਾਂ ਤੱਕ ਪੰਜਾਬ ‘ਤੇ ਰਾਜ ਕਰਨ ਵਾਲੇ ਅਕਾਲੀ ਦਲ ਨੂੰ ਆਪਣੇ ਪਿਛਲੇ ਰਾਜ ਦੌਰਾਨ ਨਸ਼ਿਆਂ ਦੀ ਸਮੱਸਿਆ, ਬੇਅਦਬੀ ਦੀਆਂ ਘਟਨਾਵਾਂ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਸੰਭਾਲਣ ਨਾਲ ਜੁੜੇ ਮੁੱਦਿਆਂ ‘ਤੇ ਲਗਾਤਾਰ ਸਿਆਸੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ | ਇਸ ਮੌਕੇ ਨਰੇਸ਼ ਭਾਰਦਵਾਜ, ਵਿਨੋਦ ਵਰਮਾਨੀ, ਤਰਨਜੀਤ ਸਿੰਘ ਵਾਲੀਆ, ਜਤਿੰਦਰ ਵਰਮਾਨੀ, ਅਵਿਨਾਸ਼ ਗੁਪਤਾ, ਸਰਜੀਵਨ ਲਤਾ, ਅਮਰਿੰਦਰ ਕੂਨਰ ਅਤੇ ਅੰਮਿ੍ਤ ਲਾਲ ਭੌਂਸਲੇ ਸਮੇਤ ਕਈ ਸਥਾਨਕ ਕਾਂਗਰਸ ਆਗੂ ਹਾਜ਼ਰ ਸਨ | ਇਸ ਦੌਰਾਨ ਰਿਟਾਇਰਡ ਐੱਸ ਪੀ ਪਰਮਜੀਤ ਸਿੰਘ ਕਾਂਗਰਸ ਵਿੱਚ ਸ਼ਾਮਲ ਹੋ ਗਏ |