ਬਾਬਾ ਬਕਾਲਾ ਸਾਹਿਬ/ਖਿਲਚੀਆਂ
(ਡੀ ਕੇ ਰੈੱਡੀ)
ਕਾਊਂਟਰ ਇੰਟੈਲੀਜੈਂਸ ਅੰਮਿ੍ਰਤਸਰ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਗਰੋਹ ਦਾ ਪਰਦਾ ਫਾਸ਼ ਕਰਦਿਆਂ ਵਿਦੇਸ਼ ਰਹਿੰਦੇ ਤਸਕਰ ਨਵਪ੍ਰੀਤ ਸਿੰਘ ਉਰਫ ਨਵ ਭੁੱਲਰ ਦੇ ਦੋ ਸਹਿਯੋਗੀਆਂ ਨਵਜੋਤ ਸਿੰਘ ਤੇ ਲਵਪ੍ਰੀਤ ਸਿੰਘ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਕੋਲੋਂ 105 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ ਵਿਕ ਜਾਂਦੀ ਤਾਂ ਨਸ਼ਾ ਕਾਰੋਬਾਰੀਆਂ ਨੇ 500 ਕਰੋੜ ਰੁਪਏ ਤੋਂ ਵੱਧ ਵੱਟ ਲੈਣੇ ਸਨ। ਤਸਕਰਾਂ ਕੋਲੋਂ ਕੁਇੰਟਲ ਤੋਂ ਵੱਧ ਹੈਰੋਇਨ ਤੋਂ ਇਲਾਵਾ 31.93 ਕਿੱਲੋ ਕੈਫੀਨ ਐਨਹਾਈਡਰਸ, 17 ਕਿੱਲੋ ਡੀ ਐੱਮ ਆਰ, ਪੰਜ ਵਿਦੇਸ਼ੀ ਪਿਸਤੌਲ ਤੇ ਇਕ ਦੇਸੀ ਕੱਟਾ ਬਰਾਮਦ ਹੋਇਆ ਹੈ। ਟਾਇਰਾਂ ਦੀਆਂ ਟਿਊਬਾਂ ਵੀ ਮਿਲੀਆਂ, ਜਿਸ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਤੋਂ ਨਸ਼ੀਲਾ ਪਦਾਰਥ ਲਿਆਉਣ ਲਈ ਜਲ ਰਸਤੇ ਦੀ ਵਰਤੋਂ ਕੀਤੀ ਜਾਂਦੀ ਸੀ। ਸ਼ਨੀਵਾਰ ਰਾਤ ਕਰੀਬ 9 ਵਜੇ ਤਸਕਰ ਗੱਡੀ ’ਚ ਹੈਰੋਇਨ ਲੈ ਕੇ ਆਏ ਸਨ ਤੇ ਕਾਬੂ ਕਰ ਲਏ ਗਏ। ਨਵਜੋਤ ਸਿੰਘ ਲਾਹੌਰੀਆ ਪਿੰਡ ਵਡਾਲਾ ਦਾ ਹੈ ਤੇ ਅੱਜਕੱਲ੍ਹ ਗੁਰੂ ਤੇਗ ਬਹਾਦਰ ਨਗਰ, ਲੱਖੂਵਾਲ ਰੋਡ, ਬਾਬਾ ਬਕਾਲਾ ਸਾਹਿਬ ਵਿਖੇ ਆਪਣੇ ਪਿਤਾ ਨਾਲ ਰਹਿੰਦਾ ਸੀ। ਉਸ ਦੀ ਬਾਬਾ ਬਕਾਲਾ ਤਹਿਸੀਲ ਕੰਪਲੈਕਸ ਵਿਚ ‘ਨਵਜੋਤ ਫੋੋਟੋ ਸਟੇਟ’ ਨਾਂਅ ਦੀ ਛੋਟੀ ਜਿਹੀ ਦੁਕਾਨ ਵੀ ਹੈ। ਉਹ ਸਾਈ ਕਾਲਜ ਦੀ ਵਿਦਿਆਰਥੀ ਜਥੇਬੰਦੀ ਦਾ ਪ੍ਰਧਾਨ ਵੀ ਰਿਹਾ ਤੇ ਅੱਜਕੱਲ੍ਹ ਯੂਥ ਕਾਂਗਰਸ ਸਰਕਲ ਬਾਬਾ ਬਕਾਲਾ ਦਾ ਪ੍ਰਧਾਨ ਸੀ। ਦੂਜਾ ਮੁਲਜ਼ਮ ਲਵਪ੍ਰੀਤ ਕੁਮਾਰ ਕਪੂਰਥਲਾ ਦੇ ਪਿੰਡ ਕਾਲਾ ਸੰਘਿਆਂ ਦਾ ਹੈ। ਪਿੰਡ ਵਜ਼ੀਰ ਭੁੱਲਰ ਆ ਕੇ ਕਈ ਸਾਲ ਰਹਿਣ ਵਾਲਾ ਨਵਪ੍ਰੀਤ ਸਿੰਘ ਉਰਫ ਨਵ ਪਿਛਲੇ ਦਸ ਸਾਲਾਂ ਤੋਂ ਪਾਕਿਸਤਾਨੀ ਨਸ਼ਾ ਕਾਰੋਬਾਰੀਆਂ ਨਾਲ ਮਿਲ ਕੇ ਹਥਿਆਰਾਂ ਅਤੇ ਹੈਰੋਇਨ ਦਾ ਕਾਰੋਬਾਰ ਕਰ ਰਿਹਾ ਹੈ। ਨਵਪ੍ਰੀਤ ਸਿੰਘ ਖਿਲਾਫ ਕਈ ਕੇਸ ਦਰਜ ਹਨ ਅਤੇ ਕੁਝ ਸਾਲ ਪਹਿਲਾਂ ਉਹ ਸੁਰੱਖਿਆ ਏਜੰਸੀਆਂ ਨੂੰ ਝਕਾਨੀ ਦੇ ਕੇ ਦੁਬਈ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ।





