14.7 C
Jalandhar
Wednesday, December 11, 2024
spot_img

ਤਪਦਿਕ-ਮੁਕਤ ਭਾਰਤ ਲਈ ਵੱਡੇ ਹੰਭਲੇ ਦੀ ਲੋੜ

ਸੰਸਾਰ ਸਿਹਤ ਜਥੇਬੰਦੀ (ਡਬਲਿਊ ਐੱਚ ਓ) ਦੀ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਭਾਰਤ ਵਿਚ ਤਪਦਿਕ (ਟੀ ਬੀ) ਰੋਗੀਆਂ ਦੀ ਗਿਣਤੀ ਨਰਿੰਦਰ ਮੋਦੀ ਸਰਕਾਰ ਵੱਲੋਂ ਸੱਤ ਸਾਲ ਪਹਿਲਾਂ 2025 ਤੱਕ ਦੇਸ਼ ਨੂੰ ਤਪਦਿਕ-ਮੁਕਤ ਕਰਨ ਦੇ ਮਿੱਥੇ ਟੀਚੇ ਨਾਲੋਂ 2023 ’ਚ ਦੋ ਗੁਣਾ ਤੇ ਮਰਨ ਵਾਲਿਆਂ ਦੀ ਤਿੰਨ ਗੁਣਾ ਵਧ ਗਈ ਸੀ। ਜਥੇਬੰਦੀ ਦੀ ਸੰਸਾਰ ਟੀ ਬੀ ਰਿਪੋਰਟ-2024 ਵਿਚ ਅਨੁਮਾਨ ਲਾਇਆ ਗਿਆ ਹੈ ਕਿ 2023 ’ਚ ਪ੍ਰਤੀ ਇੱਕ ਲੱਖ ਲੋਕਾਂ ਪਿੱਛੇ 195 ਟੀ ਬੀ ਰੋਗੀ ਸਨ। ਕੇਂਦਰੀ ਸਿਹਤ ਮੰਤਰਾਲੇ ਨੇ 2017 ਵਿਚ ਤਪਦਿਕ ਦੇ ਖਾਤਮੇ ਦੀ ਐਲਾਨੀ ਯੋਜਨਾ ’ਚ ਕਿਹਾ ਸੀ ਕਿ 2015 ’ਚ ਟੀ ਬੀ ਰੋਗੀਆਂ ਦੀ ਗਿਣਤੀ ਪ੍ਰਤੀ ਲੱਖ ਪਿੱਛੇ 217 ਸੀ ਤੇ ਉਹ 2023 ਵਿਚ 77 ਤੱਕ ਲੈ ਆਂਦੀ ਜਾਵੇਗੀ। ਮੌਤਾਂ ਦੀ ਗਿਣਤੀ 2015 ਦੀਆਂ ਪ੍ਰਤੀ ਲੱਖ ਪਿੱਛੇ 32 ਤੋਂ ਘਟਾ ਕੇ 2023 ’ਚ 6 ’ਤੇ ਲਿਆਂਦੀ ਜਾਣੀ ਸੀ, ਪਰ 2023 ਵਿਚ ਮੌਤਾਂ ਦੀ ਗਿਣਤੀ 22 ਰਹੀ, ਜੋ ਕਿ ਟੀਚੇ ਨਾਲੋਂ ਤਿੰਨ ਗੁਣਾ ਤੋਂ ਵੀ ਵੱਧ ਹੈ। ਜਥੇਬੰਦੀ ਨੇ 2015 ਦੇ ਮੁਕਾਬਲੇ 2025 ਤੱਕ ਰੋਗੀਆਂ ਦੀ ਗਿਣਤੀ ਵਿਚ 50 ਫੀਸਦੀ ਤੇ ਮੌਤਾਂ ਦੀ ਗਿਣਤੀ ਵਿਚ 75 ਫੀਸਦੀ ਕਮੀ ਦੀ ਰਣਨੀਤੀ ਪੇਸ਼ ਕੀਤੀ ਸੀ। ਇਸ ਸਮੇਂ ਵਿਚ ਭਾਰਤ ਵਿਚ ਰੋਗੀਆਂ ਦੀ ਗਿਣਤੀ 18 ਫੀਸਦੀ ਤੇ ਮੌਤਾਂ ਦੀ ਗਿਣਤੀ 24 ਫੀਸਦੀ ਘਟੀ। ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਲਈ ਆਪਣਾ ਟੀਚਾ ਪੂਰਾ ਕਰਨਾ ਨਾਮੁਮਕਿਨ ਹੈ।
ਸੰਸਾਰ ਜਥੇਬੰਦੀ ਦੀ ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ 2023 ਵਿਚ ਦੁਨੀਆ ’ਚ ਕਰੀਬ 82 ਲੱਖ ਨਵੇਂ ਟੀ ਬੀ ਰੋਗੀ ਮਿਲੇ। ਇਹ ਉਸ ਵੱਲੋਂ 1995 ਤੋਂ ਟੀ ਬੀ ਰੋਗੀਆਂ ਦਾ ਪਤਾ ਲਾਉਣ ਦੀ ਕੀਤੀ ਗਈ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਧ ਹਨ। 2022 ਵਿਚ ਕਰੀਬ 75 ਲੱਖ ਰੋਗੀ ਮਿਲੇ ਸਨ। ਦੁਨੀਆ ਦੇ ਕੁਲ ਟੀ ਬੀ ਰੋਗੀਆਂ ਵਿੱਚੋਂ 26 ਫੀਸਦੀ ਭਾਰਤ ’ਚ ਹਨ। ਉਸ ਤੋਂ ਬਾਅਦ ਇੰਡੋਨੇਸ਼ੀਆ (10 ਫੀਸਦੀ), ਚੀਨ (6.8 ਫੀਸਦੀ), ਫਿਲਪਾਈਨ (6.8 ਫੀਸਦੀ) ਤੇ ਪਾਕਿਸਤਾਨ (6.3 ਫੀਸਦੀ) ਆਉਦੇ ਹਨ। 2022 ਵਿਚ 13 ਲੱਖ 20 ਹਜ਼ਾਰ ਮੌਤਾਂ ਹੋਈਆਂ ਸਨ ਤੇ 2023 ਵਿਚ ਇਨ੍ਹਾਂ ਦੀ ਗਿਣਤੀ ਘਟ ਕੇ ਸਾਢੇ 12 ਲੱਖ ’ਤੇ ਆ ਗਈ ਸੀ।
ਸੰਸਾਰ ਜਥੇਬੰਦੀ ਦੇ ਡਾਇਰੈਕਟਰ ਜਨਰਲ ਤੇਦਰੋਸ ਅਧੋਨੋਮ ਗਿਬਰੇਸਸ ਦਾ ਕਹਿਣਾ ਹੈ ਕਿ ਟੀ ਬੀ ਦੇ ਰੋਗੀਆਂ ਦਾ ਵਧਣਾ ਇਸ ਸੂਰਤ ਵਿਚ ਬਹੁਤ ਹੀ ਚਿੰਤਾਜਨਕ ਹੈ, ਜਦ ਕਿ ਇਸ ਨੂੰ ਰੋਕਣ ਤੇ ਪਤਾ ਲਾਉਣ ਦੇ ਉਪਰਕਣ ਮੌਜੂਦ ਹਨ। ਸਾਰੇ ਦੇਸ਼ਾਂ ਨੂੰ ਇਨ੍ਹਾਂ ਉਪਕਰਣਾਂ ਦੀ ਪੂਰੀ ਵਰਤੋਂ ਕਰਨੀ ਚਾਹੀਦੀ ਹੈ।
ਹਾਲਾਂਕਿ ਭਾਰਤ ਸਰਕਾਰ ਨੇ ਨਵੀਆਂ ਐਂਟੀ-ਟੀ ਬੀ ਦਵਾਈਆਂ, ਤਸ਼ਖੀਸ ਸਹੂਲਤਾਂ ਅਤੇ ਰੋਗੀਆਂ ਦੀ ਖੁਰਾਕ ਲਈ ਮਾਲੀ ਮਦਦ ਦੀਆਂ ਪਹਿਲਕਦੀਆਂ ਕੀਤੀਆਂ ਹਨ, ਇਸ ਖਤਰਨਾਕ ਰੋਗ ਦੇ ਖਾਤਮੇ ਲਈ ਵੱਡਾ ਹੱਲਾ ਬੋਲਣ ਦੀ ਲੋੜ ਹੈ। ਪੋਲੀਓ ਦੇ ਖਾਤਮੇ ਦੀ ਮੁਹਿੰਮ ਵਾਂਗ ਹੀ ਇਸ ਰੋਗ ਦੇ ਪਿੱਛੇ ਪੈਣਾ ਸਮੇਂ ਦੀ ਲੋੜ ਹੈ।

Related Articles

Latest Articles