7.8 C
Jalandhar
Wednesday, December 11, 2024
spot_img

ਕਨੇਡੇ ਚਲਾ ਰਿਹਾ ਸੀ ਨਸ਼ਿਆਂ ਦੀ ਸੁਪਰ ਲੈਬ

ਵੈਨਕੂਵਰ : ਕੈਨੇਡਾ ਦੀ ਫੈਡਰਲ ਪੁਲਸ ਦੇ ਪੱਛਮ ਸਾਹਿਲੀ ਸੰਗਠਨ ਨੇ ਰਸਾਇਣਕ ਨਸ਼ਿਆਂ ਦੀ ਸੁਪਰ ਲੈਬੋਰਟਰੀ ਦਾ ਪਤਾ ਲਗਾ ਕੇ ਉੱਥੋਂ ਉੱਚ ਦਰਜੇ ਦੇ ਰਸਾਇਣਕ ਨਸ਼ੇ, ਜਿਵੇਂ ਫੈਂਟਾਨਾਇਲ ਅਤੇ ਮੇਥਾਮਫੇਟਾਮਾਈਨ ਡਰੱਗ ਦੀ ਰਿਕਾਰਡ ਖੇਪ ਸਮੇਤ ਵੱਡੀ ਗਿਣਤੀ ’ਚ ਮਾਰੂ ਹਥਿਆਰ ਬਰਾਮਦ ਕਰਕੇ ਲੈਬ ਦੇ ਸੰਚਾਲਕ ਗੁਰਪ੍ਰੀਤ ਰੰਧਾਵਾ ਨੂੰ ਗਿ੍ਰਫਤਾਰ ਕੀਤਾ ਹੈ।
ਪੁਲਸ ਦਾ ਦਾਅਵਾ ਹੈ ਕਿ ਇਸ ਕਾਰਵਾਈ ਸਦਕਾ ਕਰੋੜਾਂ ਲੋਕਾਂ ਦਾ ਜਾਨੀ ਬਚਾਅ ਹੋਇਆ ਹੈ ਅਤੇ ਕੌਮਾਂਤਰੀ ਸੰਗਠਤ ਅਪਰਾਧ ਸਮੂਹ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। ਪੁਲਸ ਅਨੁਸਾਰ ਫੜੇ ਗਏ ਨਸ਼ੇ ਦੀ ਮਾਤਰਾ ਨੂੰ ਸਾਢੇ 9 ਕਰੋੜ ਨਸ਼ੇੜੀਆਂ ਤੱਕ ਪਹੁੰਚਣ ਤੋਂ ਪਹਿਲਾਂ ਬੰਨ੍ਹ ਲਾਇਆ ਗਿਆ ਹੈ। ਖੇਤਰੀ ਪੁਲਸ ਸਹਾਇਕ ਕਮਿਸ਼ਨਰ ਡੇਵਿਡ ਟੇਬੌਲ ਮੁਤਾਬਕ ਨਸ਼ੇ ਦੀਆਂ ਘਾਤਕ ਖੁਰਾਕਾਂ ਨੂੰ ਕੈਨੇਡਾ ’ਚ ਵੇਚਿਆ ਅਤੇ ਕਈ ਹੋਰ ਦੇਸ਼ਾਂ ’ਚ ਬਰਾਮਦ ਕੀਤਾ ਜਾਣਾ ਸੀ ਤੇ ਸ਼ਾਇਦ ਇਹ ਕੰਮ ਲੰਮੇ ਸਮੇਂ ਤੋਂ ਕੀਤਾ ਜਾ ਰਿਹਾ ਸੀ। ਮਾਰੂ ਨਸ਼ਿਆਂ ਤੇ ਅਸਲੇ ਦੀ ਇਹ ਵੱਡੀ ਖੇਪ ਹੁਣ ਤੱਕ ਮਾਤਰਾ ਪੱਖੋਂ ਇਕ ਰਿਕਾਰਡ ਹੈ। ਵੈਨਕੂਵਰ ਖੇਤਰ ਵਿਚਲੀ ਮੁੱਖ ਲੈਬ ਦੀਆਂ ਕੁਝ ਇਕਾਈਆਂ ਸਰੀ ਅਤੇ ਦੂਰ-ਦੂਰਾਡੇ ਦੇ ਹੋਰ ਖੇਤਰਾਂ ’ਚ ਸਨ। ਫੜੇ ਗਏ ਸਮਾਨ ਦੀ ਬਾਜ਼ਾਰੀ ਕੀਮਤ ਕਰੋੜਾਂ ਡਾਲਰਾਂ ’ਚ ਆਂਕੀ ਗਈ ਹੈ ਅਤੇ ਭਾਰਤੀ ਰੁਪਏ ਵਿਚ ਇਹ ਅਰਬਾਂ ਰੁਪਏ ਤੱਕ ਪੁੱਜਦੀ ਹੈ।
ਫੜੇ ਗਏ ਨਸ਼ੇ ਤੇ ਹੋਰ ਸਮਾਨ ਬਾਰੇ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਡਰੱਗ ਸੁਪਰਲੈਬ ’ਚੋਂ ਕਈ ਕਿਸਮਾਂ ਦੀਆਂ ਗੈਰ-ਕਾਨੂੰਨੀ ਨਸ਼ੀਲੀਆਂ ਦਵਾਈਆਂ, ਜਿਵੇਂ 54 ਕਿੱਲੋ ਫੈਂਟਾਨਿਲ, 390 ਕਿੱਲੋ ਮੈਥਾਫੇਟਾਮਾਈਨ, 35 ਕਿੱਲੋ ਕੋਕੀਨ, 15 ਕਿੱਲੋ ਐੱਮ ਡੀ ਐੱਮ ਏ ਅਤੇ 6 ਕਿੱਲੋ ਭੰਗ ਦੇ ਨਾਲ 89 ਹਥਿਆਰ ਜ਼ਬਤ ਕੀਤੇ ਹਨ। ਹਥਿਆਰਾਂ ’ਚ 45 ਹੈਂਡਗੰਨ, 21 ਏਅਰ ਸਟਾਈਲ ਰਾਈਫਲਾਂ ਅਤੇ ਸਬ-ਮਸ਼ੀਨ-ਗੰਨਾਂ ਸ਼ਾਮਲ ਹਨ। ਮੌਕੇ ਤੋਂ 5 ਲੱਖ ਡਾਲਰ ਦੀ ਕਰੰਸੀ ਵੀ ਫੜੀ ਗਈ ਹੈ। ਸੈਂਕੜਿਆਂ ਦੀ ਗਿਣਤੀ ’ਚ ਅਧੁਨਿਕ ਗੋਲੀ-ਸਿੱਕੇ ਸਮੇਤ ਦਰਜਨਾਂ ਬੁਲੇਟ ਪਰੂਫ ਜੈਕਟਾਂ ਤੇ ਹੋਰ ਬਚਾਅ ਉਪਕਰਣ ਵੀ ਬਰਾਮਦ ਕੀਤੇ ਗਏ ਹਨ। ਜਾਂਚ ਟੀਮ ਦੇ ਇੰਚਾਰਜ ਇੰਸਪੈਕਟਰ ਜਿਲੀਅਨ ਵੈਲਰਡ ਅਨੁਸਾਰ ਫੜੀ ਗਈ ਖੇਪ ਕਾਫੀ ਅਧੁਨਿਕ ਢੰਗ ਨਾਲ ਤਿਆਰ ਕੀਤੀ ਜਾਂਦੀ ਸੀ, ਜੋ ਮਨੁੱਖੀ ਸਰੀਰ ਉੱਤੇ ਘਾਤਕ ਅਸਰ ਪਾਉਂਦੀ ਹੈ। ਇਹ ਪੁੱਛੇ ਜਾਣ ’ਤੇ ਕਿ ਪਿਛਲੇ ਸਾਲ ਤੋਂ ਨੌਜਵਾਨਾਂ ਦੀਆਂ ਮੌਤਾਂ ਦੀ ਗਿਣਤੀ ’ਚ ਵਾਧੇ ਦਾ ਕਾਰਨ ਇਹ ਨਸ਼ੇ ਤਾਂ ਨਹੀਂ ਸਨ, ਤਾਂ ਉਨ੍ਹਾ ਜਵਾਬ ਦੇਣ ਦੀ ਥਾਂ ਸਿਰ ਹਿਲਾਇਆ। ਐਡਾ ਵੱਡਾ ਨੈੱਟਵਰਕ ਇੱਕ ਵਿਅਕਤੀ ਦਾ ਕੰਮ ਨਾ ਹੋ ਕੇ ਸੰਗਠਤ ਟੀਮ ਹੋਣ ਬਾਰੇ ਪੁੱਛੇ ਜਾਣ ’ਤੇ ਪੁਲਸ ਅਧਿਕਾਰੀ ਨੇ ‘ਹੋਰ ਜਾਂਚ ਜਾਰੀ ਹੈ ਅਤੇ ਅੱਗੇ ਵੇਖੋ’ ਕਹਿ ਕੇ ਗੱਲ ਖਤਮ ਕਰ ਦਿੱਤੀ।

Related Articles

Latest Articles