ਸ੍ਰੀਨਗਰ ’ਚ ਗ੍ਰਨੇਡ ਹਮਲਾ, 12 ਜ਼ਖਮੀ

0
121

ਸ੍ਰੀਨਗਰ : ਐਤਵਾਰ ਇੱਥੇ ਟੂਰਿਸਟ ਰਿਸੈਪਸ਼ਨ ਸੈਂਟਰ ਨੇੜੇ ਲਗਦੀ ਸੰਡੇ ਮਾਰਕਿਟ ਕੋਲ ਸੀ ਆਰ ਪੀ ਐੱਫ ਦੇ ਮੋਰਚੇ ’ਤੇ ਗ੍ਰਨੇਡ ਹਮਲੇ ’ਚ 12 ਵਿਅਕਤੀ ਜ਼ਖਮੀ ਹੋ ਗਏ। ਸ਼ਹਿਰ ਦੇ ਖਾਨਿਆਰ ਇਲਾਕੇ ’ਚ ਸੁਰੱਖਿਆ ਬਲਾਂ ਵੱਲੋਂ ਲਸ਼ਕਰ-ਏ-ਤੋਇਬਾ ਦੇ ਇਕ ਪਾਕਿਸਤਾਨੀ ਕਮਾਂਡਰ ਨੂੰ ਮਾਰੇ ਜਾਣ ਤੋਂ ਇਕ ਦਿਨ ਬਾਅਦ ਵਿਆਪਕ ਸੁਰੱਖਿਆ ਵਾਲੇ ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ ਦੇ ਦਫਤਰਾਂ ਨੇੜੇ ਇਹ ਹਮਲਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਦਹਿਸ਼ਤਗਰਦਾਂ ਨੇ ਗ੍ਰਨੇਡ ਸੀ ਆਰ ਪੀ ਐੱਫ ਦੇ ਮੋਰਚੇ ਵੱਲ ਸੁੱਟਿਆ, ਪਰ ਉਹ ਰਾਹ ’ਚ ਡਿੱਗ ਕੇ ਫਟ ਗਿਆ। ਸੰਡੇ ਮਾਰਕਿਟ ’ਚ ਹਜ਼ਾਰਾਂ ਲੋਕ ਆਉਦੇ ਹਨ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਵਾਦੀ ਦੇ ਕਈ ਹਿੱਸਿਆਂ ਵਿਚ ਹਮਲਿਆਂ ਤੇ ਮੁਕਾਬਲਿਆਂ ਦੀਆਂ ਖਬਰਾਂ ਸੁਰਖੀਆਂ ’ਚ ਹਨ। ਸੰਡੇ ਮਾਰਕਿਟ ’ਚ ਬੇਕਸੂਰ ਦੁਕਾਨਦਾਰਾਂ ’ਤੇ ਗ੍ਰਨੇਡ ਹਮਲੇ ਦੀ ਖਬਰ ਬਹੁਤ ਹੀ ਦੁਖਦਾਈ ਹੈ। ਬੇਕਸੂਰ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਜਾਇਜ਼ ਨਹੀਂ ਹੋ ਸਕਦਾ। ਸੁਰੱਖਿਆ ਤੰਤਰ ਨੂੰ ਚਾਹੀਦਾ ਹੈ ਕਿ ਉਹ ਹਮਲਿਆਂ ਦੀ ਇਸ ਲਹਿਰ ਨੂੰ ਜਲਦੀ ਤੋਂ ਜਲਦੀ ਰੋਕਣ ਲਈ ਹਰ ਸੰਭਵ ਯਤਨ ਕਰੇ, ਤਾਂ ਜੋ ਲੋਕ ਬਿਨਾਂ ਕਿਸੇ ਡਰ ਦੇ ਆਪਣੀ ਜ਼ਿੰਦਗੀ ਬਤੀਤ ਕਰ ਸਕਣ।