ਬਰੈਂਪਟਨ ’ਚ ਧਰਮ ਅਸਥਾਨ ਦੇ ਬਾਹਰ ਉੱਧੜਧੁੰਮੀ

0
179

ਓਟਵਾ : ਕੈਨੇਡਾ ਦੇ ਬਰੈਂਪਟਨ ਸ਼ਹਿਰ ’ਚ ਹਿੰਦੂ ਸਭਾ ਮੰਦਰ ਨੇੜੇ ਖਾਲਿਸਤਾਨੀ ਵੱਖਵਾਦੀਆਂ ਵੱਲੋਂ ਕੀਤਾ ਗਿਆ ਪ੍ਰੋਟੈੱਸਟ ਕਥਿਤ ਤੌਰ ’ਤੇ ਮੰਦਰ ’ਚ ਮੌਜੂਦ ਸ਼ਰਧਾਲੂਆਂ ’ਤੇ ਹਮਲਾ ਕੀਤੇ ਜਾਣ ਤੋਂ ਬਾਅਦ ਹਿੰਸਕ ਹੋ ਗਿਆ। ਇਹ ਪ੍ਰੋਟੈੱਸਟ ਮੰਦਰ ਵਿਚ ਭਾਰਤੀ ਹਾਈ ਕਮਿਸ਼ਨ ਵੱਲੋਂ ਲੋਕਾਂ ਦੀ ਮਦਦ ਲਈ ਲਾਏ ਗਏ ਕੌਂਸਲਰ ਕੈਂਪ ਦੇ ਖਿਲਾਫ ਕੀਤਾ ਜਾ ਰਿਹਾ ਸੀ। ਹਾਈ ਕਮਿਸ਼ਨ ਵੱਲੋਂ ਅਕਸਰ ਮੰਦਰਾਂ, ਗੁਰਦੁਆਰਿਆਂ ਅਤੇ ਅਜਿਹੇ ਹੋਰ ਸਥਾਨਾਂ ਉਤੇ ਭਾਰਤੀ ਲੋਕਾਂ ਤੇ ਭਾਰਤੀ-ਕੈਨੇਡੀਅਨਾਂ ਦੇ ਭਾਰਤ ਨਾਲ ਸੰਬੰਧਤ ਕੰਮਕਾਜ ਦੇ ਨਬੇੜੇ ਲਈ ਅਜਿਹੇ ਕੈਂਪ ਲਾਏ ਜਾਂਦੇ ਹਨ।
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਵੱਖ-ਵੱਖ ਸਿਆਸੀ ਆਗੂਆਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਬਰੈਂਪਟਨ ਦੇ ਹਿੰਦੂ ਸਭਾ ਮੰਦਰ ਵਿਚ ਹੋਈ ਹਿੰਸਾ ਦੇ ਸੰਬੰਧ ਵਿੱਚ ਗਿ੍ਰਫਤਾਰੀਆਂ ਦੀ ਘਾਟ ਦੇ ਬਾਵਜੂਦ ਪੀਲ ਪੁਲਸ ਨੇ ਐਤਵਾਰ ਦੁਪਹਿਰ ਨੂੰ ਮੰਦਰ ਦੇ ਬਾਹਰ ਦਰਜਨਾਂ ਅਧਿਕਾਰੀਆਂ ਦੇ ਨਾਲ ਆਪਣੀ ਮੌਜੂਦਗੀ ਬਣਾਈ ਰੱਖੀ। ਟਰੂਡੋ ਨੇ ਲਿਖਿਆਬਰੈਂਪਟਨ ’ਚ ਹਿੰਦੂ ਸਭਾ ਮੰਦਰ ’ਚ ਹਿੰਸਾ ਦੀਆਂ ਕਾਰਵਾਈਆਂ ਨਾਕਾਬਿਲੇ ਮਨਜ਼ੂਰ ਹਨ। ਹਰ ਕੈਨੇਡੀਅਨ ਨੂੰ ਅਜ਼ਾਦੀ ਅਤੇ ਸੁਰੱਖਿਅਤ ਢੰਗ ਨਾਲ ਧਾਰਮਕ ਅਭਿਆਸ ਕਰਨ ਦਾ ਅਧਿਕਾਰ ਹੈ। ਭਾਈਚਾਰੇ ਦੀ ਸੁਰੱਖਿਆ ਲਈ ਤੇਜ਼ੀ ਨਾਲ ਕਾਰਵਾਈ ਕਰਨ ਅਤੇ ਇਸ ਘਟਨਾ ਦੀ ਜਾਂਚ ਕਰਨ ਲਈ ਪੀਲ ਰਿਜਨਲ ਪੁਲਸ ਦਾ ਧੰਨਵਾਦ।
ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਮੰਦਰ ’ਤੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਖਾਲਿਸਤਾਨੀ ਵੱਖਵਾਦੀਆਂ ਵੱਲੋਂ ਹੱਦ ਨੂੰ ਪਾਰ ਕੀਤਾ ਗਿਆ ਹੈ। ਉਨ੍ਹਾ ‘ਐੱਕਸ’ ’ਤੇ ਲਿਖਿਆਕੈਨੇਡੀਅਨ ਖਾਲਿਸਤਾਨੀ ਕੱਟੜਪੰਥੀਆਂ ਵੱਲੋਂ ਇੱਕ ਲਾਲ ਲਕੀਰ ਪਾਰ ਕਰ ਦਿੱਤੀ ਗਈ ਹੈ। ਬਰੈਂਪਟਨ ’ਚ ਹਿੰਦੂ ਸਭਾ ਮੰਦਰ ਦੇ ਅੰਦਰ ਹਿੰਦੂ-ਕੈਨੇਡੀਅਨ ਸ਼ਰਧਾਲੂਆਂ ’ਤੇ ਖਾਲਿਸਤਾਨੀਆਂ ਵੱਲੋਂ ਕੀਤਾ ਗਿਆ ਹਮਲਾ ਦਰਸਾਉਂਦਾ ਹੈ ਕਿ ਖਾਲਿਸਤਾਨੀ ਹਿੰਸਕ ਕੱਟੜਪੰਥੀ ਲਹਿਰ ਕਿੰਨੀ ਡੂੰਘੀ ਹੋ ਗਈ ਹੈ। ਕੈਨੇਡਾ ’ਚ ਮੈਂ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਰਿਪੋਰਟਾਂ ’ਚ ਇੱਕ ਛੋਟਾ ਜਿਹਾ ਸੱਚ ਹੈ ਕਿ ਕੈਨੇਡੀਅਨ ਰਾਜਨੀਤਕ ਉਪਕਰਨਾਂ ਤੋਂ ਇਲਾਵਾ ਖਾਲਿਸਤਾਨੀਆਂ ਨੇ ਸਾਡੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ’ਚ ਪ੍ਰਭਾਵਸ਼ਾਲੀ ਢੰਗ ਨਾਲ ਘੁਸਪੈਠ ਕੀਤੀ ਹੈ। ਇਸ ’ਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ‘ਪ੍ਰਗਟਾਵੇ ਦੀ ਆਜ਼ਾਦੀ’ ਦੇ ਤਹਿਤ ਖਾਲਿਸਤਾਨੀ ਵੱਖਵਾਦੀਆਂ ਨੂੰ ਕੈਨੇਡਾ ’ਚ ਛੋਟ ਮਿਲ ਰਹੀ ਹੈ।
ਅਜਿਹੇ ਹਮਲਿਆਂ ’ਤੇ ਸਖਤ ਇਤਰਾਜ਼ ਕਰਦਿਆਂ ਟੋਰਾਂਟੋ ਦੇ ਐੱਮ ਪੀ ਕੇਵਿਨ ਵੁਆਂਗ ਨੇ ਕਿਹਾਕੈਨੇਡਾ ਕੱਟੜਪੰਥੀਆਂ ਲਈ ਇੱਕ ਸੁਰੱਖਿਅਤ ਟਿਕਾਣਾ ਬਣ ਗਿਆ ਹੈ ਅਤੇ ਦੇਸ਼ ਦੇ ਨੇਤਾ ਹਿੰਦੂਆਂ ਦੀ ਰੱਖਿਆ ਕਰਨ ’ਚ ਉਸੇ ਤਰ੍ਹਾਂ ਅਸਫਲ ਰਹੇ ਹਨ, ਜਿਵੇਂ ਉਹ ਈਸਾਈਆਂ ਅਤੇ ਯਹੂਦੀ ਕੈਨੇਡੀਅਨਾਂ ਦੀ ਸੁਰੱਖਿਆ ਕਰਨ ’ਚ ਅਸਫਲ ਰਹੇ ਹਨ। ਹਮਲਿਆਂ ਤੋਂ ਬਾਅਦ ਕੈਨੇਡਾ ’ਚ ਹਿੰਦੂ ਭਾਈਚਾਰੇ ਲਈ ਕੰਮ ਕਰਨ ਵਾਲੀ ਸੰਸਥਾ ਹਿੰਦੂ ਕੈਨੇਡੀਅਨ ਫਾਊਂਡੇਸ਼ਨ ਨੇ ਮੰਦਰ ’ਤੇ ਹਮਲੇ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਪੋਸਟ ਵਿਚ ਕਿਹਾ ਗਿਆ ਹੈ ਕਿ ਬੱਚਿਆਂ, ਔਰਤਾਂ ਅਤੇ ਮਰਦਾਂ ’ਤੇ ਹਮਲੇ ਕੀਤੇ ਜਾ ਰਹੇ ਹਨ। ਇਹ ਸਭ ਖਾਲਿਸਤਾਨੀਆਂ ਦੇ ਹਮਦਰਦ ਸਿਆਸਤਦਾਨਾਂ ਦੀ ਸ਼ਹਿ ਹੇਠ ਹੋ ਰਿਹਾ ਹੈ। ਬਰੈਂਪਟਨ ਨਾਰਥ ਤੋਂ ਕੈਨੇਡੀਅਨ ਸੰਸਦ ਮੈਂਬਰ ਰੂਬੀ ਸਹੋਤਾ ਨੇ ਕਿਹਾਮੈਂ ਬਰੈਂਪਟਨ ’ਚ ਹਿੰਦੂ ਸਭਾ ਮੰਦਰ ਦੇ ਬਾਹਰ ਹਿੰਸਾ ਦੀਆਂ ਹਾਲ ਹੀ ਦੀਆਂ ਕਾਰਵਾਈਆਂ ਬਾਰੇ ਸੁਣ ਕੇ ਦੁਖੀ ਹਾਂ। ਸਾਡੇ ਭਾਈਚਾਰੇ ’ਚ ਹਰ ਕੋਈ ਆਪਣੇ ਪੂਜਾ ਸਥਾਨਾਂ ’ਚ ਸੁਰੱਖਿਅਤ ਅਤੇ ਸਤਿਕਾਰ ਮਹਿਸੂਸ ਕਰਨ ਦਾ ਹੱਕਦਾਰ ਹੈ। ਸਾਡੇ ਸਮਾਜ ’ਚ ਅਜਿਹੀਆਂ ਕਾਰਵਾਈਆਂ ਲਈ ਕੋਈ ਥਾਂ ਨਹੀਂ ਅਤੇ ਮੈਂ ਇਸ ਹਿੰਸਾ ਦੀ ਸਖਤ ਨਿੰਦਾ ਕਰਦੀ ਹਾਂ। ਮੈਂ ਪੁਲਸ ਮੁਖੀ ਨਿਸ਼ਾਨ ਨਾਲ ਗੱਲ ਕੀਤੀ ਹੈ ਅਤੇ ਮੈਨੂੰ ਭਰੋਸਾ ਹੈ ਕਿ ਪੀਲ ਰਿਜਨਲ ਪੁਲਸ ਸਾਡੇ ਭਾਈਚਾਰੇ ਦੀ ਸੁਰੱਖਿਆ ਲਈ ਤੇਜ਼ੀ ਨਾਲ ਕੰਮ ਕਰੇਗੀ ਅਤੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਵੇਗੀ। ਸਾਡੇ ਭਾਈਚਾਰੇ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਖਤਰੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ’ਚ ਸ਼ਾਮਲ ਲੋਕਾਂ ਨੂੰ ਕਾਨੂੰਨੀ ਨਤੀਜੇ ਭੁਗਤਣੇ ਚਾਹੀਦੇ ਹਨ। ਉਧਰ ਓਂਟਾਰੀਓ ਸਿੱਖਸ ਅਤੇ ਗੁਰਦੁਆਰਾ ਕੌਂਸਲ ਨੇ ਵੀ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਭਾਈਚਾਰੇ ’ਚ ਹਿੰਸਾ ਅਤੇ ਡਰਾਉਣ-ਧਮਕਾਉਣ ਦੀ ਕੋਈ ਥਾਂ ਨਹੀਂ ਅਤੇ ਉਹ ਸ਼ਾਂਤੀ, ਏਕਤਾ ਅਤੇ ਸਾਰਿਆਂ ਲਈ ਆਪਸੀ ਸਨਮਾਨ ਦੀ ਵਕਾਲਤ ਕਰਦੇ ਹਨ।
ਪਿਛਲੇ ਸਾਲ ਵਿੰਡਸਰ ’ਚ ਇੱਕ ਹਿੰਦੂ ਮੰਦਰ ’ਤੇ ਭਾਰਤ-ਵਿਰੋਧੀ ਨਾਅਰੇ ਲਿਖੇ ਗਏ ਸਨ। ਮਿਸੀਸਾਗਾ ਅਤੇ ਬਰੈਂਪਟਨ ’ਚ ਇਸ ਤੋਂ ਪਹਿਲਾਂ ਹੋਈਆਂ ਘਟਨਾਵਾਂ ’ਚ ਵੀ ਇਸੇ ਤਰ੍ਹਾਂ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਨਾਲ ਕੈਨੇਡਾ ’ਚ ਭਾਰਤੀ ਭਾਈਚਾਰੇ ਵੱਲੋਂ ਸਖਤ ਪ੍ਰਤੀਕਿਰਿਆਵਾਂ ਆਈਆਂ ਸਨ।
ਇਸੇ ਦੌਰਾਨ ਖਾਲਿਸਤਾਨ ਪੱਖੀ ਕਾਰਕੁਨਾਂ ਨੇ ਦਾਅਵਾ ਕੀਤਾ ਕਿ ਕੁਝ ਬਦਮਾਸ਼ 1984 ਦੇ ਕਤਲੇਆਮ ਦੀ ਯਾਦ ’ਚ ਬਰੈਂਪਟਨ ’ਚ ਇਕੱਠੇ ਹੋਏ ਸਿੱਖਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ ਅਤੇ ਡਰਾ-ਧਮਕਾ ਰਹੇ ਸਨ। ਸੋਸ਼ਲ ਮੀਡੀਆ ਰਿਪੋਰਟਾਂ ਅਨੁਸਾਰ ਜਦੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਤਾਂ ਬਦਮਾਸ਼ਾਂ ਨੇ ਨੇੜਲੇ ਹਿੰਦੂ ਸਭਾ ਮੰਦਰ ’ਚ ਪਨਾਹ ਲੈ ਲਈ, ਜਿਸ ਕਾਰਨ ਝੜਪ ਹੋ ਗਈ। ਜਿਸ ਸਮੇਂ ਝੜਪ ਹੋਈ, ਉਦੋਂ ਮੰਦਰ ਵਿਚ ਹਿੰਦੂ ਸਭਾ ਮੰਦਰ ਬਰੈਂਪਟਨ ਦੇ ਸਹਿਯੋਗ ਨਾਲ ਇਕ ਕੌਂਸਲਰ ਕੈਂਪ ਚੱਲ ਰਿਹਾ ਸੀ, ਜਿਹੜਾ ਭਾਰਤੀ ਹਾਈ ਕਮਿਸ਼ਨ ਵੱਲੋਂ ਲਾਇਆ ਗਿਆ ਸੀ ਅਤੇ ਖਾਲਿਸਤਾਨੀ ਵੱਖਵਾਦੀਆਂ ਵੱਲੋਂ ਇਸ ਕੈਂਪ ਦਾ ਵਿਰੋਧ ਕੀਤਾ ਜਾ ਰਿਹਾ ਸੀ। ਗੌਰਤਲਬ ਹੈੈ ਕਿ ਕੈਨੇਡਾ ਵਿਚ ਖਾਸਕਰ ਨਿੱਝਰ ਕਤਲ ਕੇਸ ਨੂੰ ਲੈ ਕੇ ਸਿੱਖ ਵੱਖਵਾਦੀਆਂ ਵੱਲੋਂ ਭਾਰਤੀ ਹਾਈ ਕਮਿਸ਼ਨ ਦੀਆਂ ਸਰਗਰਮੀਆਂ ਦਾ ਅਕਸਰ ਵਿਰੋਧ ਕੀਤਾ ਜਾਂਦਾ ਹੈ। ਓਟਵਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਵੀ ਬਰੈਂਪਟਨ ’ਚ ਕੌਂਸਲਰ ਕੈਂਪ ਦੇ ਬਾਹਰ ਭਾਰਤ ਵਿਰੋਧੀ ਅਨਸਰਾਂ ਵੱਲੋਂ ਪਾਏ ਗਏ ਹਿੰਸਕ ਵਿਘਨ ਦੀ ਨਿੰਦਾ ਕੀਤੀ ਹੈ। ਭਾਰਤੀ ਹਾਈ ਕਮਿਸ਼ਨ ਨੇ ਇੱਕ ਬਿਆਨ ’ਚ ਕਿਹਾਸਥਾਨਕ ਸਹਿ-ਪ੍ਰਬੰਧਕਾਂ ਦੇ ਪੂਰਨ ਸਹਿਯੋਗ ਨਾਲ ਸਾਡੇ ਕੌਂਸਲਰਾਂ ਦੁਆਰਾ ਕੀਤੇ ਜਾ ਰਹੇ ਰੂਟੀਨ ਕੌਂਸਲਰ ਕੰਮ ਲਈ ਅਜਿਹੀਆਂ ਰੁਕਾਵਟਾਂ ਨੂੰ ਦੇਖਣਾ ਬਹੁਤ ਨਿਰਾਸ਼ਾਜਨਕ ਹੈ। ਅਸੀਂ ਭਾਰਤੀ ਨਾਗਰਿਕਾਂ ਸਮੇਤ ਬਿਨੈਕਾਰਾਂ ਦੀ ਸੁਰੱਖਿਆ ਲਈ ਵੀ ਬਹੁਤ ਚਿੰਤਤ ਹਾਂ, ਜਿਨ੍ਹਾਂ ਦੀ ਮੰਗ ’ਤੇ ਅਜਿਹੇ ਸਮਾਗਮ/ ਕੈਂਪ ਲਾਏ ਜਾਂਦੇ ਹਨ। ਭਾਰਤ ਵਿਰੋਧੀ ਅਨਸਰਾਂ ਦੇ ਅਜਿਹੇ ਯਤਨਾਂ ਦੇ ਬਾਵਜੂਦ ਸਾਡਾ ਵਣਜ ਦੂਤਾਵਾਸ ਭਾਰਤੀ ਅਤੇ ਕੈਨੇਡੀਅਨ ਬਿਨੈਕਾਰਾਂ ਨੂੰ 1,000 ਤੋਂ ਵੱਧ ਜੀਵਨ ਸਰਟੀਫਿਕੇਟ ਜਾਰੀ ਕਰ ਸਕਿਆ। ਵੈਨਕੂਵਰ ਅਤੇ ਸਰੀ ’ਚ 2 ਅਤੇ 3 ਨਵੰਬਰ ਨੂੰ ਲਗਾਏ ਗਏ ਅਜਿਹੇ ਕੈਂਪਾਂ ’ਚ ਵੀ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
ਬਿ੍ਰਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਦੁਆਰਾ ਪਾਸ ਕੀਤੇ ਗਏ ਆਦੇਸ਼ ਦੇ ਬਾਅਦ ਵੈਨਕੂਵਰ ਦੇ ਸਭ ਤੋਂ ਵੱਡੇ ਗੁਰਦੁਆਰਿਆਂ ਵਿੱਚੋਂ ਇੱਕ ਦੇ ਆਲੇ-ਦੁਆਲੇ ਇੱਕ 60 ਮੀਟਰ ਦਾ ਬਫਰ ਜ਼ੋਨ ਬਣਾਇਆ ਗਿਆ ਸੀ, ਕਿਉਂਕਿ ਸਿੱਖ ਕੱਟੜਪੰਥੀ ਸਮੂਹਾਂ ਨੇ ਕੌਂਸਲਰ ਕੈਂਪ ਦੌਰਾਨ ਹੰਗਾਮਾ ਕਰਨ ਦੀ ਯੋਜਨਾ ਬਣਾਈ ਸੀ। ਸਥਾਨਕ ਮੀਡੀਆ ਨੇ ਦੱਸਿਆ ਕਿ ਰੌਸ ਸਟਰੀਟ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਕੈਨੇਡਾ ਅਤੇ ਭਾਰਤ ਦਰਮਿਆਨ ਵਧ ਰਹੇ ਤਣਾਅ ਦੇ ਵਿਚਕਾਰ 2 ਨਵੰਬਰ ਨੂੰ ਤੈਅਸ਼ੁਦਾ ਕੌਂਸਲਰ ਕੈਂਪਾਂ ਤੋਂ ਪਹਿਲਾਂ ਸੁਪਰੀਮ ਕੋਰਟ ਦਾ ਦਖਲ ਮੰਗਿਆ ਸੀ। ਗੁਰਦੁਆਰੇ ਦਾ ਸੰਚਾਲਨ ਕਰਨ ਵਾਲੀ ਖਾਲਸਾ ਦੀਵਾਨ ਸੁਸਾਇਟੀ ਨੇ ਅਦਾਲਤੀ ਦਸਤਾਵੇਜ਼ਾਂ ’ਚ ਕਿਹਾ ਕਿ ਉਸ ਨੂੰ ਦੋਵੇਂ ਕੌਂਸਲਰ ਕੈਂਪਾਂ ਵਿੱਚ ਤਿੱਖੇ ਵਿਰੋਧ ਦਾ ਖਦਸ਼ਾ ਹੈ। ਅਦਾਲਤ ’ਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ’ਚ ਜ਼ਿਕਰ ਕੀਤਾ ਗਿਆ ਹੈ ਕਿ ਅਜਿਹੇ ਕੈਂਪ ਹਰ ਸਾਲ ਕਰਵਾਏ ਜਾਂਦੇ ਹਨ ਅਤੇ ਇਹ ਭਾਰਤੀ ਮੂਲ ਦੇ ਬਜ਼ੁਰਗਾਂ ਨੂੰ ਭਾਰਤ ਸਰਕਾਰ ਨਾਲ ਸੰਬੰਧਤ ਪ੍ਰਸ਼ਾਸਨਕ ਕੰਮ ਪੂਰਾ ਕਰਨ ’ਚ ਮਦਦ ਕਰਦੇ ਹਨ, ਖਾਸ ਤੌਰ ’ਤੇ ਉਨ੍ਹਾਂ ਦੀਆਂ ਪੈਨਸ਼ਨਾਂ ਆਦਿ ਦੇ ਸੰਬੰਧ ’ਚ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਭਾਰਤੀ ਕੌਂਸਲਖਾਨੇ ’ਚ ਨਿੱਜੀ ਤੌਰ ’ਤੇ ਹਾਜ਼ਰ ਹੋਣ ਦੀ ਲੋੜ ਨਹੀਂ ਪੈਂਦੀ।
ਇਸੇ ਦੌਰਾਨ ਬਰੈਂਪਟਨ ’ਚ ਹਿੰਦੂ ਸਭਾ ਮੰਦਰ ਨੇੜੇ ਲਾਏ ਗਏ ਅਜਿਹੇ ਹੀ ਕੌਂਸਲਰ ਕੈਂਪ ਖਿਲਾਫ ਖਾਲਿਸਤਾਨੀ ਕੱਟੜਪੰਥੀਆਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਐਤਵਾਰ ਹਿੰਸਕ ਰੂਪ ਧਾਰ ਗਿਆ, ਜਿਸ ’ਚ ਕਥਿਤ ਤੌਰ ’ਤੇ ਮੰਦਰ ਦੇ ਸ਼ਰਧਾਲੂਆਂ ਅਤੇ ਉਥੇ ਆਪਣੇ ਕੰਮ ਕਰਵਾਉਣ ਲਈ ਆਏ ਹੋਏ ਲੋਕਾਂ ’ਤੇ ਹਮਲਾ ਕੀਤਾ ਗਿਆ।