ਜਲੰਧਰ (ਕੇਸਰ) ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਬੁੱਧਵਾਰ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਦੇਸ਼ ਭਗਤ ਯਾਦਗਾਰ ਹਾਲ ’ਚ ਵੇਖਿਆਂ ਹੀ ਬਣਦਾ ਹੈ ਮੇਲੇ ਦਾ ਦਿਲਕਸ਼ ਨਜ਼ਾਰਾ। ਹਾਲ ’ਚ ਲੱਗੀ ਵਰਕਸ਼ਾਪ ਵਿੱਚ ਰਿਹਰਸਲਾਂ ਕਰ ਰਹੇ 100 ਦੇ ਕਰੀਬ ਮੁੰਡੇ-ਕੁੜੀਆਂ ਕਲਾਕਾਰ ਝੰਡੇ ਦਾ ਗੀਤ ਓਪੇਰਾ ‘ਮੇਲਾ ਕੀ ਕਹਿੰਦੈ’ 9 ਨਵੰਬਰ ਸਵੇਰੇ 10 ਵਜੇ ਝੰਡਾ ਲਹਿਰਾਉਣ ਉਪਰੰਤ ਅਜੀਤ ਸਿੰਘ ਪੰਡਾਲ ’ਚ ਪੇਸ਼ ਕਰਨਗੇ। ਕਮੇਟੀ ਮੈਂਬਰ ਅਮੋਲਕ ਸਿੰਘ ਦਾ ਲਿਖਿਆ ਝੰਡੇ ਦਾ ਗੀਤ ਸੱਤਪਾਲ ਬੰਗਾ (ਪਟਿਆਲਾ) ਦੀ ਨਿਰਦੇਸ਼ਨਾ ’ਚ ਅਨੇਕਾਂ ਮਹੱਤਵਪੂਰਨ ਸੁਨੇਹੇ ਦੇਵੇਗਾ।
ਹਾਲ ਦੇ ਪ੍ਰਵੇਸ਼ ਦੁਆਰ ਨੂੰ ਕਾਂਸ਼ੀ ਰਾਮ ਮੜੌਲੀ ਨਗਰ, ਪੁਸਤਕ ਪ੍ਰਦਰਸ਼ਨੀ ਨੂੰ ‘ਜਿਊਲੀਅਸ ਫ਼ਿਊਚਿਕ ਯਾਦਗਾਰੀ ਪੰਡਾਲ’ ਅਤੇ ਵਿਸ਼ਾਲ ਸਟੇਡੀਅਮ ਨੂੰ ਪਗੜੀ ਸੰਭਾਲ ਜੱਟਾ ਲਹਿਰ ਦੇ ਬਾਨੀ ਦੇ ਨਾਂਅ ‘ਅਜੀਤ ਸਿੰਘ ਪੰਡਾਲ’ ਨਾਂਅ ਨਾਲ ਸਜਾ ਦਿੱਤਾ ਗਿਆ ਹੈ। ਸਮੁੱਚਾ ਦੇਸ਼ ਭਗਤ ਯਾਦਗਾਰ ਹਾਲ ਲੜੀਆਂ, ਝੰਡਿਆਂ, ਟੂਕਾਂ ਅਤੇ ਫਲੈਕਸਾਂ ਨਾਲ ਸਜਿਆ ਦੇਸ਼-ਵਿਦੇਸ਼ ਤੇ ਪੰਜਾਬ ਭਰ ਤੋਂ ਆ ਰਹੇ ਮੇਲਾ ਪ੍ਰੇਮੀਆਂ ਨੂੰ ਬਾਹਵਾਂ ਫੈਲਾ ਕੇ ਜੀ ਆਇਆਂ ਆਖ ਰਿਹਾ ਹੈ। ਬੁੱਧਵਾਰ ਸਾਰਾ ਦਿਨ ਪੰਜਾਬ ਦੇ ਕੋਨੇ-ਕੋਨੇ ਤੋਂ ਨਾਮਵਰ ਚਿੱਤਰਕਾਰ, ਫੋਟੋਕਾਰ ਆਪਣੀਆਂ ਕਲਾ-ਕਿਰਤਾਂ ਲੈ ਕੇ ਚਾਈਂ-ਚਾਈਂ ਦੇਸ਼ ਭਗਤ ਹਾਲ ਆਉਂਦੇ ਰਹੇ। ਗੁਰਦੀਸ਼ ਜਲੰਧਰ, ਰਵਿੰਦਰ ਰਵੀ ਲੁਧਿਆਣਾ, ਗੁਰਪ੍ਰੀਤ ਬਠਿੰਡਾ, ਸੁਖਜੀਵਨ ਪਟਿਆਲਾ, ਇੰਦਰਜੀਤ ਮਾਨਸਾ, ਇੰਦਰਜੀਤ ਜਲੰਧਰ, ਵਰੁਨ ਟੰਡਨ, ਪਾਰਸ ਫਗਵਾੜਾ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਵੀ ਕਮੇਟੀ ਮੈਂਬਰ ਡਾ. ਸੈਲੇਸ਼ ਦੀ ਅਗਵਾਈ ’ਚ ਫ਼ਲਸਤੀਨ ’ਤੇ ਜੂਝਦੇ ਲੋਕਾਂ ਦੇ ਨਾਂਅ ਫੋਟੋ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ।
ਪੁਸਤਕ ਪ੍ਰਦਰਸ਼ਨੀ ਦਾ ਉਦਘਾਟਨ ਅਤੇ ਕਲਾਕਾਰ ਸ਼ਖਸੀਅਤਾਂ ਦਾ ਕਮੇਟੀ ਵੱਲੋਂ ਸਨਮਾਨ 7 ਨਵੰਬਰ ਦੁਪਹਿਰ 2 ਵਜੇ ਹੋਏਗਾ। ਜੂਲੀਅਸ ਫਿਊਚਿਕ ਪੁਸਤਕ ਪ੍ਰਦਰਸ਼ਨੀ ਪੰਡਾਲ ਵਿੱਚ ਸ਼ਾਮ 4 ਵਜੇ ਪੁਸਤਕ ਸੱਭਿਆਚਾਰ ਉਪਰ ਵਿਚਾਰ-ਚਰਚਾ ਹੋਏਗੀ ਅਤੇ ਇਸ ਤੋਂ ਪਹਿਲਾਂ ਬੀਤੇ ਦਿਨੀਂ ਵਿੱਛੜੀਆਂ ਸ਼ਖਸੀਅਤਾਂ ਸ੍ਰੀਮਤੀ ਕੈਲਾਸ਼ ਕੌਰ, ਡਾ. ਸੁਰਜੀਤ ਪਾਤਰ, ਇਕਬਾਲ ਖ਼ਾਨ, ਅਮਰਜੀਤ ਪ੍ਰਦੇਸੀ, ਹਰਬੰਸ ਹੀਓਂ, ਕੁਲਦੀਪ ਜਲੂਰ ਨੂੰ ਸਿਜਦਾ ਕੀਤਾ ਜਾਏਗਾ। ਪੁਸਤਕ ਪ੍ਰਦਰਸ਼ਨੀ ਵਿੱਚ ਦਿੱਲੀ, ਹਰਿਆਣਾ, ਰਾਜਸਥਾਨ, ਯੂ.ਪੀ. ਅਤੇ ਪੰਜਾਬ ਭਰ ’ਚੋਂ ਵੱਖ-ਵੱਖ ਭਾਸ਼ਾਵਾਂ ਅਤੇ ਵਿਧਾਵਾਂ ਦੀਆਂ ਪੁਸਤਕਾਂ 7 ਨਵੰਬਰ ਸ਼ਾਮ 4 ਵਜੇ ਤੋਂ ਪੁਸਤਕ ਪ੍ਰੇਮੀਆਂ ਦੀ ਨਜ਼ਰ ਹੋਣਗੀਆਂ ਅਤੇ 10 ਨਵੰਬਰ ਸਰਘੀ ਵੇਲੇ ਤੱਕ ਜਾਰੀ ਰਹੇਗੀ ਪੁਸਤਕ ਪ੍ਰਦਰਸ਼ਨੀ। ਚਿੱਤਰਕਲਾ ਪ੍ਰਦਰਸ਼ਨੀ ਨੂੰ ਅੰਤਿਮ ਛੋਹਾਂ ਦਿੰਦੇ ਹੋਏ ਡਾ. ਸੈਲੇਸ਼, ਵਿਜੈ ਬੰਬੇਲੀ, ਪਰਮਜੀਤ ਸਿੰਘ, ਸੁਰਿੰਦਰਪਾਲ, ਵਿਜੈ ਕੁਮਾਰ, ਗੁਰਦੀਪ ਸਿੰਘ ਸੰਧਰ, ਮਨਿੰਦਰ ਸਿੰਘ ਅਤੇ ਕੁਲਵੰਤ ਸਿੰਘ ਕਾਕਾ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਆਪਣੇ-ਆਪ ਵਿੱਚ ਮੇਲੇ ਦਾ ਹਾਸਲ ਹੈ।