ਵਾਸ਼ਿੰਗਟਨ : ਡੋਨਾਲਡ ਟਰੰਪ ਬੁੱਧਵਾਰ ਮੁੜ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ। ਉਨ੍ਹਾ 50 ਰਾਜਾਂ ਦੀਆਂ 538 ਸੀਟਾਂ ਵਿੱਚੋਂ 277 ਸੀਟਾਂ ਹਾਸਲ ਕੀਤੀਆਂ, ਜੋ ਕਿ ਬਹੁਮਤ ਲਈ ਲੋੜੀਂਦੀਆਂ 270 ਨਾਲੋਂ 7 ਵੱਧ ਹਨ। ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਸਖਤ ਟੱਕਰ ਦੇਣ ਦੇ ਬਾਵਜੂਦ 224 ਸੀਟਾਂ ਹੀ ਜਿੱਤ ਸਕੀ।
ਟਰੰਪ 2016 ਵਿੱਚ ਪਹਿਲੀ ਵਾਰ ਰਾਸ਼ਟਰਪਤੀ ਬਣੇ ਸਨ ਅਤੇ 2020 ਵਿੱਚ ਜੋਅ ਬਾਇਡੇਨ ਤੋਂ ਹਾਰ ਗਏ ਸਨ। ਟਰੰਪ ਦੂਜੀ ਸੰਸਾਰ ਜੰਗ ਤੋਂ ਬਾਅਦ ਪਹਿਲੇ ਆਗੂ ਹਨ, ਜਿਹੜੇ ਚਾਰ ਸਾਲ ਦੇ ਵਕਫੇ ਦੇ ਬਾਅਦ ਦੁਬਾਰਾ ਰਾਸ਼ਟਰਪਤੀ ਬਣੇ ਹਨ। ਅਮਰੀਕੀ ਇਤਿਹਾਸ ’ਚ ਟਰੰਪ ਪਹਿਲੇ ਆਗੂ ਹਨ, ਜਿਨ੍ਹਾ ਦੋਨੋਂ ਵਾਰ ਮਹਿਲਾ ਉਮੀਦਵਾਰਾਂ ਨੂੰ ਹਰਾਇਆ। ਦਿਲਚਸਪ ਤੱਥ ਇਹ ਵੀ ਹੈ ਕਿ 2016 ਤੇ 2024 ਦੇ ਇਲਾਵਾ ਕਦੇ ਕੋਈ ਮਹਿਲਾ ਨੇ ਰਾਸ਼ਟਰਪਤੀ ਦੀ ਚੋਣ ਨਹੀਂ ਲੜੀ। 2016 ਵਿੱਚ ਟਰੰਪ ਨੇ ਹਿਲੇਰੀ ਕਲਿੰਟਨ ਨੂੰ ਹਰਾਇਆ ਸੀ।
ਰਾਸ਼ਟਰਪਤੀ ਦੇ ਨਾਲ-ਨਾਲ ਸੰਸਦ ਦੇ ਦੋਹਾਂ ਸਦਨਾਂਸੈਨੇਟ ਤੇ ਪ੍ਰਤੀਨਿਧ ਸਭਾ ਦੀਆਂ ਚੋਣਾਂ ਵੀ ਹੋਈਆਂ ਹਨ। ਉਪਰਲੇ ਸਦਨ ਸੈਨੇਟ ਦੀਆਂ 100 ਸੀਟਾਂ ’ਚ ਹਰੇਕ ਰਾਜ ਦੀ ਦੋ ਸੀਟਾਂ ਦੀ ਹਿੱਸੇਦਾਰੀ ਹੈ। ਇਸ ਦੀਆਂ ਇੱਕ-ਤਿਹਾਈ ਸੀਟਾਂ ਲਈ ਹਰ ਦੋ ਸਾਲ ਬਾਅਦ ਚੋਣਾਂ ਹੁੰਦੀਆਂ ਹਨ। ਇਸ ਵਾਰ 34 ਸੀਟਾਂ ਲਈ ਚੋਣਾਂ ਹੋਈਆਂ। ਤਾਜ਼ਾ ਨਤੀਜਿਆਂ ਤੋਂ ਬਾਅਦ ਟਰੰਪ ਦੀ ਰਿਪਬਲੀਕਨ ਪਾਰਟੀ ਦੀਆਂ ਸੈਨੇਟ ਵਿੱਚ 51 ਸੀਟਾਂ ਹੋ ਗਈਆਂ ਹਨ। ਪਹਿਲਾਂ 49 ਸਨ। ਸੈਨੇਟ ਵਿਚ ਬਹੁਮਤ ਨਾਲ ਟਰੰਪ ਨੂੰ ਆਪਣੀਆਂ ਨੀਤੀਆਂ ਲਾਗੂ ਕਰਾਉਣਾ ਆਸਾਨ ਹੋਵੇਗਾ। ਸੈਨੇਟ ਦਾ ਅਮਰੀਕਾ ਵਿੱਚ ਵੱਧ ਮਹੱਤਵ ਹੈ, ਕਿਉਕਿ ਸੈਨੇਟ ਨੂੰ ਮਹਾਂਦੋਸ਼ ਤੇ ਵਿਦੇਸ਼ੀ ਸਮਝੌਤਿਆਂ ਵਰਗੇ ਅਹਿਮ ਮਸਲਿਆਂ ਨੂੰ ਰੱਦ ਜਾਂ ਮਨਜ਼ੂਰ ਕਰਨ ਦਾ ਅਧਿਕਾਰ ਹੈ।
ਪ੍ਰਤੀਨਿਧ ਸਭਾ ਦੀਆਂ 435 ਸੀਟਾਂ ਲਈ ਹਰ ਦੋ ਸਾਲ ਬਾਅਦ ਚੋਣਾਂ ਹੁੰਦੀਆਂ ਹਨ। ਬਹੁਮਤ 218 ਸੀਟਾਂ ਦਾ ਹੈ। ਚੱਲ ਰਹੀ ਗਿਣਤੀ ’ਚ ਰਿਪਬਲੀਕਨ ਪਾਰਟੀ 195 ਤੇ ਡੈਮੋਕਰੇਟਿਕ 176 ਸੀਟਾਂ ਹਾਸਲ ਕਰ ਚੁੱਕੀਆਂ ਸਨ।
ਜਿੱਤ ਦੇ ਬਾਅਦ ਟਰੰਪ ਨੇ ਕਿਹਾਇੱਕ ਵਾਰ ਅਮਰੀਕਾ ਨੂੰ ਮਹਾਨ ਬਣਾਵਾਂਗਾ। ਰੱਬ ਨੇ ਮੇਰੀ ਜਾਨ ਇਸੇ ਦਿਨ ਲਈ ਬਚਾਈ ਸੀ। (ਟਰੰਪ ’ਤੇ 13 ਜੁਲਾਈ ਨੂੰ ਪੈਨਸਿਲਵੇਨੀਆ ਵਿੱਚ ਹਮਲਾ ਹੋਇਆ ਸੀ। ਗੋਲੀ ਉਨ੍ਹਾ ਦੇ ਕੰਨ ਨੂੰ ਛੂਹ ਕੇ ਨਿਕਲ ਗਈ ਸੀ।) ਟਰੰਪ ਨੇ ਅੱਗੇ ਕਿਹਾਅਸੀਂ ਉਹ ਕਰ ਵਿਖਾਇਆ ਹੈ, ਜੋ ਲੋਕਾਂ ਨੂੰ ਨਾਮੁਮਕਿਨ ਲੱਗ ਰਿਹਾ ਸੀ। ਇਹ ਅਮਰੀਕਾ ਦੇ ਇਤਿਹਾਸ ਦੀ ਸਭ ਤੋਂ ਸ਼ਾਨਦਾਰ ਜਿੱਤ ਹੈ। ਮੈਂ ਦੇਸ਼ ਦੇ ਸਾਰੇ ਮਸਲੇ ਹੱਲ ਕਰਾਂਗਾ, ਅਮਰੀਕੀ ਲੋਕਾਂ ਦੇ ਪਰਵਾਰਾਂ ਤੇ ਉਨ੍ਹਾਂ ਦੇ ਭਵਿੱਖ ਲਈ ਲੜਾਂਗਾ। ਅਗਲੇ ਚਾਰ ਸਾਲ ਅਮਰੀਕਾ ਲਈ ਅਹਿਮ ਹਨ।
ਟਰੰਪ ਨੇ ਐਲਨ ਮਸਕ ਦੀ ਤਾਰੀਫ ਕਰਦਿਆਂ ਕਿਹਾਇਲੌਨ ਇਕ ਸਟਾਰ ਹਨ। ਚੋਣ ਪ੍ਰਚਾਰ ਵਿਚ ਉਨ੍ਹਾ ਰਾਕਟ ਦੀ ਤਰ੍ਹਾਂ ਉਡਾਣ ਭਰੀ।
ਕਮਲਾ ਹੈਰਿਸ ਸਵਿੰਗ ਸਟੇਟਾਂ ਵਿਚ ਪਛੜਨ ਕਰਕੇ ਹਾਰੀ। 43 ਰਾਜਾਂ ਬਾਰੇ ਸਪੱਸ਼ਟ ਹੁੰਦਾ ਹੈ ਕਿ ਕਿਹੜੀ ਪਾਰਟੀ ਨੇ ਜਿੱਤਣਾ ਹੈ। ਸੱਤ ਸਵਿੰਗ ਸਟੇਟਾਂ ਦੇ ਵੋਟਰ ਇੱਧਰ-ਉੱਧਰ ਹੋ ਕੇ ਉਮੀਦਵਾਰਾਂ ਦੀ ਖੇਡ ਵਿਗਾੜ ਦਿੰਦੇ ਹਨ। ਇਨ੍ਹਾਂ ਵਿੱਚੋਂ ਤਿੰਨ ’ਚ ਟਰੰਪ ਜਿੱਤ ਗਏ ਸਨ ਤੇ ਚਾਰ ’ਚ ਅੱਗੇ ਸਨ। ਪਿਛਲੀਆਂ ਚੋਣਾਂ ਵਿਚ ਟਰੰਪ ਸਿਰਫ ਇਕ ਸਵਿੰਗ ਸਟੇਟ ਕੈਰੋਲੀਨਾ ਵਿੱਚ ਜਿੱਤੇ ਸਨ। ਸਵਿੰਗ ਸਟੇਟਾਂ ਦੀਆਂ 93 ਸੀਟਾਂ ਹਨ। ਇਨ੍ਹਾਂ ਰਾਜਾਂ ਵਿਚ ਜਿੱਤ-ਹਾਰ ਦਾ ਫਰਕ ਬਹੁਤ ਘੱਟ ਰਹਿੰਦਾ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਟਰੰਪ ਨਾਲ ਦੋਹਾਂ ਦੇਸ਼ਾਂ ਵਿਚਕਾਰ ਗਲੋਬਲ ਅਤੇ ਰਣਨੀਤਕ ਭਾਈਵਾਲੀ ਤਹਿਤ ਮਿਲਵਰਤਣ ਦੇ ਨਵੀਨੀਕਰਨ ਲਈ ਉਤਸੁਕ ਹਨ। ਮੋਦੀ ਨੇ ਟਰੰਪ ਨੂੰ ਵਧਾਈ ਦਿੰਦਿਆਂ ਕਿਹਾਆਓ, ਆਪਣੇ ਲੋਕਾਂ ਦੀ ਬਿਹਤਰੀ ਲਈ ਅਤੇ ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਤ ਕਰਨ ਲਈ ਕੰਮ ਕਰੀਏ।