ਯੂਕੋ ਬੈਂਕ ‘ਚੋਂ 13 ਲੱਖ ਤੋਂ ਵੱਧ ਦੀ ਹੋਈ ਲੁੱਟ ਦੀ ਗੁੱਥੀ ਸੁਲਝੀ, 3 ਮੁਲਜ਼ਮ ਕਾਬੂ
ਜਲੰਧਰ (ਇਕਬਾਲ ਸਿੰਘ ਉੱਭੀ)-ਜਲੰਧਰ ਇੰਡਸਟਰੀ ਏਰੀਆ ਸਥਿਤ ਯੂਕੋ ਬੈਂਕ ਵਿੱਚ ਹੋਈ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਦੇ ਹੋਏ ਪੁਲਸ ਨੇ ਮਸ਼ਹੂਰ ਅਪਰਾਧੀ ਅਜੈ ਪਾਲ ਸਿੰਘ ਨਿਹੰਗ ਨੂੰ 2 ਸਾਥੀਆਂ ਸਮੇਤ ਕਾਬੂ ਕਰਕੇ ਉਸ ਦੇ ਘਰ ‘ਚੋਂ ਲੁੱਟੇ ਗਏ 7.5 ਲੱਖ ਰੁਪਏ, ਵਾਰਦਾਤ ਵਿੱਚ ਵਰਤੀ ਐਕਟਿਵਾ ਅਤੇ ਦੇਸੀ ਕੱਟਾ ਬਰਾਮਦ ਕੀਤਾ ਹੈ | ਪੱਤਰਕਾਰ ਸੰਮੇਲਨ ਦੌਰਾਨ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਅਜੈ ਪਾਲ ਦੇ ਭਰਾ ਗੁਰਪ੍ਰੀਤ ਉਰਫ ਗੋਪੀ ਨੇ ਆਪਣੇ ਦੋ ਸਾਥੀਆਂ ਬਸਤੀ ਸ਼ੇਖ ਦੇ ਵਿਨੈ ਤਿਵਾੜੀ ਤੇ ਕੋਟ ਮੁਹੱਲਾ ਦੇ ਤਰੁਣ ਨਾਹਰ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ | ਮੁਲਜ਼ਮ ਘਟਨਾ ਤੋਂ ਬਾਅਦ ਕਾਲਾ ਸੰਘਿਆ ਚਲੇ ਗਏ, ਜਿੱਥੇ ਉਨ੍ਹਾਂ ਨੇ ਕੱਪੜੇ ਬਦਲੇ ਅਤੇ ਫਿਰ ਵਾਪਸ ਆ ਗਏ | ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਸਿੱਧਾ ਅਜੈ ਪਾਲ ਦੇ ਘਰ ਗਿਆ ਅਤੇ ਐਕਟਿਵਾ ਰੱਖੀ ਅਤੇ ਪਿਸਤੌਲ ਛੁਪਾ ਲਿਆ | ਗੁਰਪ੍ਰੀਤ ਗੋਪੀ ਬਦਨਾਮ ਬਦਮਾਸ਼ ਹੈ ਅਤੇ ਉਸ ‘ਤੇ ਕਈ ਕੇਸ ਦਰਜ ਹਨ | ਉਹ 10 ਸਾਲਾਂ ਤੋਂ ਭਗੌੜਾ ਚੱਲ ਰਿਹਾ ਸੀ | ਅਜੈ ਪਾਲ ਨਿਹੰਗ ਜੇਲ੍ਹ ਵਿੱਚ ਸੀ ਅਤੇ ਕੁਝ ਦਿਨ ਪਹਿਲਾਂ ਹੀ ਬਾਹਰ ਆਇਆ ਸੀ | ਇਸ ਲੁੱਟ ਦਾ ਮਾਸਟਰਮਾਈਾਡ ਗੁਰਪ੍ਰੀਤ ਗੋਪੀ ਸੀ ਜਿਸ ਨੇ ਸਾਰੀ ਰੇਕੀ ਕਰਕੇ ਆਪਣੇ ਨਾਲ ਬਸਤੀ ਸ਼ੇਖ ਦੇ ਵਿਨੈ ਤਿਵਾੜੀ ਅਤੇ ਤਰੁਣ ਨਾਹਰ ਨੂੰ ਮਿਲਾਇਆ | ਗੁਰਪ੍ਰੀਤ ਗੋਪੀ ਨੇ ਹੀ ਬੈਂਕ ਮਹਿਲਾ ਕਰਮਚਾਰੀ ਦੀ ਚੇਨ ਖੋਹੀ ਸੀ |