ਲਖਨਊ : ਯੂ ਪੀ ਮਹਿਲਾ ਕਮਿਸ਼ਨ ਨੇ ਮਤਾ ਪਾਸ ਕੀਤਾ ਹੈ ਕਿ ਮਰਦ ਦਰਜ਼ੀ ਔਰਤਾਂ ਦਾ ਨਾਪ ਨਹੀਂ ਲੈ ਸਕਣਗੇ | ਹਰ ਬੁਟੀਕ ਵਿਚ ਔਰਤਾਂ ਦਾ ਨਾਪ ਔਰਤ ਹੀ ਲੈ ਸਕੇਗੀ | ਇਸ ਤੋਂ ਇਲਾਵਾ ਕਮਿਸ਼ਨ ਨੇ ਕਿਹਾ ਹੈ ਕਿ ਔਰਤਾਂ ਦੇ ਜਿੰਮ ‘ਚ ਔਰਤਾਂ ਹੀ ਟਰੇਨਰ ਹੋਣਗੀਆਂ | ਜਿੰਮ ਅਤੇ ਯੋਗਾ ਸੈਂਟਰ ਵਿਚ ਡੀ ਵੀ ਆਰ ਸਮੇਤ ਸੀ ਸੀ ਟੀ ਵੀ ਕੈਮਰੇ ਜ਼ਰੂਰੀ ਹੋਣਗੇ |
ਕਮਿਸ਼ਨ ਦੀ ਮੈਂਬਰ ਹਿਮਾਨੀ ਅਗਰਵਾਲ ਨੇ ਦੱਸਿਆ ਕਿ 28 ਅਕਤੂਬਰ ਨੂੰ ਮਹਿਲਾ ਕਮਿਸ਼ਨ ਦੀ ਮੀਟਿੰਗ ‘ਚ ਮਤਾ ਰੱਖਿਆ ਗਿਆ ਕਿ ਸਿਰਫ ਮਹਿਲਾ ਟੇਲਰਜ਼ ਔਰਤਾਂ ਦਾ ਨਾਪ ਲੈਣ ਅਤੇ ਉੱਥੇ ਸੀ ਸੀ ਟੀ ਵੀ ਲਗਾਏ ਜਾਣੇ ਚਾਹੀਦੇ ਹਨ | ਮਤਾ ਸੂਬਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬਬੀਤਾ ਚੌਹਾਨ ਵੱਲੋਂ ਪੇਸ਼ ਕੀਤਾ ਗਿਆ ਅਤੇ ਮੀਟਿੰਗ ‘ਚ ਮੌਜੂਦ ਮੈਂਬਰਾਂ ਨੇ ਇਸ ਦਾ ਸਮਰਥਨ ਕੀਤਾ | ਅਗਰਵਾਲ ਨੇ ਕਿਹਾ—ਅਸੀਂ ਇਹ ਵੀ ਕਿਹਾ ਹੈ ਕਿ ਸੈਲੂਨਾਂ ‘ਚ ਮਹਿਲਾ ਨਾਈ ਹੋਣੀ ਚਾਹੀਦੀ ਹੈ, ਜੋ ਮਹਿਲਾ ਗਾਹਕਾਂ ਨੂੰ ਮਿਲੇ | ਸਾਡਾ ਵਿਚਾਰ ਹੈ ਇਸ ਤਰ੍ਹਾਂ ਦੇ ਕਿੱਤੇ ‘ਚ ਸ਼ਾਮਲ ਮਰਦਾਂ ਕਾਰਨ ਔਰਤਾਂ ਨਾਲ ਛੇੜਛਾੜ ਹੁੰਦੀ ਹੈ | ਮਰਦ ਬੁਰਾ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਨ, ਇਹ ਨਹੀਂ ਕਿ ਸਾਰੇ ਮਰਦਾਂ ਦੇ ਇਰਾਦੇ ਮਾੜੇ ਹਨ, ਪਰ ਕੁਝ ਮਰਦਾਂ ਦੀ ਨੀਅਤ ਚੰਗੀ ਨਹੀਂ ਹੁੰਦੀ |




