ਚੰਡੀਗੜ੍ਹ, ਹੁਸ਼ਿਆਰਪੁਰ (ਗੁਰਜੀਤ ਬਿੱਲਾ, ਓ ਪੀ ਰਾਣਾ)-ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੱਬੇਵਾਲ ਵਿੱਚ ‘ਆਪ’ ਉਮੀਦਵਾਰ ਇਸ਼ਾਂਕ ਚੱਬੇਵਾਲ ਲਈ ਚੋਣ ਪ੍ਰਚਾਰ ਕੀਤਾ। ਦੋਵੇਂ ਆਗੂਆਂ ਨੇ ਜੀਆਂ ਵਿੱਚ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ‘ਆਪ’ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ।ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੇ ਕਰੀਬ 20 ਰਾਜਾਂ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਬਾਕੀ ਰਾਜਾਂ ਵਿੱਚ ਹੋਰ ਪਾਰਟੀਆਂ ਦੀ ਸਰਕਾਰ ਹੈ। ਆਮ ਆਦਮੀ ਪਾਰਟੀ ਦੀ ਦੋ ਥਾਵੇਂ ਪੰਜਾਬ ਅਤੇ ਦਿੱਲੀ ਵਿੱਚ ਸਰਕਾਰ ਹੈ ਅਤੇ ਦੋਵੇਂ ਥਾਵਾਂ ’ਤੇ ਲੋਕਾਂ ਦੇ ਜ਼ੀਰੋ ਬਿਜਲੀ ਦੇ ਬਿੱਲ ਆਉਦੇ ਹਨ ਅਤੇ 24 ਘੰਟੇ ਬਿਜਲੀ ਮਿਲਦੀ ਹੈ, ਜਦੋਂ ਕਿ ਦੂਜੇ ਰਾਜਾਂ ਵਿੱਚ ਬਿਜਲੀ ਬਹੁਤ ਮਹਿੰਗੀ ਹੈ, ਮੁਫ਼ਤ ਬਿਜਲੀ ਹੋਣਾ ਇੱਕ ਚਮਤਕਾਰ ਵਰਗਾ ਹੈ।
ਕੇਜਰੀਵਾਲ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਡਾਕਟਰ ਇਸ਼ਾਂਕ ਇਤਿਹਾਸਕ ਬਹੁਮਤ ਨਾਲ ਜਿਤ ਗਏ ਤਾਂ ਤੁਹਾਡੇ ਸਾਰੇ ਕੰਮ ਪੂਰੇ ਹੋ ਜਾਣਗੇ। ਉਹਨਾ ਵਾਅਦਾ ਕੀਤਾ ਕਿ ਇਲਾਕੇ ਵਿੱਚ ਇੱਕ ਆਈ ਟੀ ਆਈ-ਪੋਲੀਟੈਕਨਿਕ ਕਾਲਜ ਬਣਾਇਆ ਜਾਵੇਗਾ। ਇੱਥੋਂ ਦੇ ਲੋਕਾਂ ਨੂੰ ਬਿਸਤ ਦੁਆਬ ਨਹਿਰ ਦਾ ਕੋਈ ਲਾਭ ਨਹੀਂ ਮਿਲਦਾ, ਅਸੀਂ ਇੱਥੋਂ ਦੇ ਕਿਸਾਨਾਂ ਨੂੰ ਵੀ ਉਸ ਨਹਿਰ ਤੋਂ ਪਾਣੀ ਦੇਣ ਦਾ ਪ੍ਰਬੰਧ ਕਰਾਂਗੇ। ਖੇਤੀ ਆਧਾਰਤ ਅਤੇ ਔਰਤਾਂ ਆਧਾਰਿਤ ‘ਲਘੂ ਉਦਯੋਗਾਂ’ ਲਈ ਨਵੀਂ ਨੀਤੀ ਬਣਾਈ ਜਾਵੇਗੀ, ਤਾਂ ਜੋ ਇੱਥੇ ਵੱਧ ਤੋਂ ਵੱਧ ਉਦਯੋਗ ਆਉਣ ਅਤੇ ਸਾਡੇ ਬੱਚਿਆਂ ਨੂੰ ਵੱਧ ਤੋਂ ਵੱਧ ਨੌਕਰੀਆਂ ਮਿਲ ਸਕਣ। ਖੇਡਾਂ ਲਈ ਲੋੜੀਂਦੇ ਸਾਰੇ ਸਟੇਡੀਅਮ ਇੱਥੇ ਬਣਾਏ ਜਾਣਗੇ। ਇਸ ਨਾਲ ਨੌਜਵਾਨਾਂ ਨੂੰ ਨਸ਼ਾ ਛੱਡਣ ਵਿੱਚ ਵੀ ਮਦਦ ਮਿਲੇਗੀ। ਆਦਮਪੁਰ ਤੋਂ ਗੜ੍ਹਸ਼ੰਕਰ ਜਾਣ ਵਾਲੀ ਸੜਕ ਦਾ ਨਾਂਅ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂਅ ’ਤੇ ਰੱਖਿਆ ਜਾਵੇਗਾ ਅਤੇ ਗੁਰੂ ਘਰਾਂ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਨੂੰ 18 ਫੁੱਟ ਚੌੜਾ ਕੀਤਾ ਜਾਵੇਗਾ, ਤਾਂ ਜੋ ਲੋਕਾਂ ਨੂੰ ਆਉਣ-ਜਾਣ ਵਿੱਚ ਕੋਈ ਦਿੱਕਤ ਨਾ ਆਵੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਵਿੱਤ ਮੰਤਰੀ ਪੰਜ ਸਾਲ ਇਹੀ ਕਹਿੰਦੇ ਰਹੇ ਕਿ ਖ਼ਜ਼ਾਨਾ ਖ਼ਾਲੀ ਹੈ। ਉਨ੍ਹਾ ਸਵਾਲ ਕੀਤਾ ਕਿ ਇਨ੍ਹਾਂ ਨਾ ਤਾਂ ਲੋਕਾਂ ਨੂੰ ਮੁਫ਼ਤ ਬਿਜਲੀ ਦਿੱਤੀ, ਨਾ ਸੜਕਾਂ ਬਣਾਈਆਂ, ਨਾ ਹੀ ਚੰਗੇ ਹਸਪਤਾਲ, ਸਕੂਲ-ਕਾਲਜ ਬਣਾਏ, ਫਿਰ ਖ਼ਜ਼ਾਨਾ ਖ਼ਾਲੀ ਕਿਵੇਂ ਹੋ ਗਿਆ? ਅਸਲ ਵਿੱਚ ਉਨ੍ਹਾਂ ਦੇ ਇਰਾਦੇ ਖ਼ਾਲੀ ਸਨ। ਉਹ ਕੰਮ ਕਰਨਾ ਹੀ ਨਹੀਂ ਚਾਹੁੰਦੇ ਸਨ।ਪ੍ਰਤਾਪ ਸਿੰਘ ਬਾਜਵਾ ’ਤੇ ਹਮਲਾ ਕਰਦਿਆਂ ਮਾਨ ਨੇ ਕਿਹਾ ਕਿ ਉਨ੍ਹਾ ਲੋਕ ਨਿਰਮਾਣ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਪੰਜਾਬ ’ਚ ਸਭ ਤੋਂ ਵੱਧ ਟੋਲ ਪਲਾਜ਼ੇ ਲਗਾਏ ਹਨ। ਅਸੀਂ 16 ਟੋਲ ਬੰਦ ਕੀਤੇ ਹਨ, ਜਿਸ ਕਾਰਨ ਲੋਕਾਂ ਨੂੰ ਹਰ ਰੋਜ਼ 62 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ। ਉਨ੍ਹਾ ਕੈਪਟਨ ਅਮਰਿੰਦਰ ਸਿੰਘ ’ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਉਹ ਅਤੇ ਉਨ੍ਹਾ ਦਾ ਪਰਵਾਰ ਕਦੇ ਵੀ ਲੋਕਾਂ ਦੇ ਨਾਲ ਨਹੀਂ ਖੜ੍ਹਾ। ਉਹ ਮੁਗ਼ਲ ਸਾਮਰਾਜ ਦੌਰਾਨ ਮੁਗ਼ਲਾਂ ਦੇ ਨਾਲ ਸਨ, ਅੰਗਰੇਜ਼ਾਂ ਦੇ ਰਾਜ ਦੌਰਾਨ ਅੰਗਰੇਜ਼ਾਂ ਦੇ ਨਾਲ ਸਨ।ਅਕਾਲੀ ਰਾਜ ਵੇਲੇ ਅਕਾਲੀ ਦਲ ਦੇ ਨਾਲ ਸਨ, ਕਾਂਗਰਸ ਦੀ ਸਰਕਾਰ ਵੇਲੇ ਉਸ ਦੇ ਨਾਲ ਅਤੇ ਹੁਣ ਭਾਜਪਾ ਨਾਲ ਹਨ। ਉਨ੍ਹਾ ਸੁਖਬੀਰ ਸਿੰਘ ਬਾਦਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵੀ ਨਿਸ਼ਾਨਾ ਸਾਧਿਆ।