ਪੇਸ਼ਾਵਰ : ਪਾਕਿਸਤਾਨ ’ਚ ਬਲੋਚਿਸਤਾਨ ’ਚ ਕੋਇਟਾ ਰੇਲਵੇ ਸਟੇਸ਼ਨ ’ਤੇ ਸ਼ਨੀਵਾਰ ਹੋਏ ਬੰਬ ਧਮਾਕੇ ’ਚ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ ਅਤੇ 62 ਹੋਰ ਜ਼ਖਮੀ ਹੋ ਗਏ। ਇਕ ਹਫਤਾ ਪਹਿਲਾਂ ਬਲੋਚਿਸਤਾਨ ਦੇ ਮਸਤੁੰਗ ਜ਼ਿਲ੍ਹੇ ’ਚ ਕੁੜੀਆਂ ਦੇ ਸਕੂਲ ਤੇ ਹਸਪਤਾਲ ਨੇੜੇ ਧਮਾਕੇ ’ਚ ਪੰਜ ਬੱਚਿਆਂ ਸਣੇ ਅੱਠ ਲੋਕ ਮਾਰੇ ਗਏ ਸਨ। ਇਕ ਸਾਲ ਤੋਂ ਪਾਕਿਸਤਾਨ, ਖਾਸਕਰ ਬਲੋਚਿਸਤਾਨ ਤੇ ਖੈਬਰ ਪਖਤੂਨਖਵਾ ਸੂਬਿਆਂ ’ਚ ਦਹਿਸ਼ਤਗਰਦਾਂ ਦੇ ਹਮਲਿਆਂ ’ਚ ਵਾਧਾ ਹੋਇਆ ਹੈ।
ਕੋਇਟਾ ਦੇ ਡਵੀਜ਼ਨਲ ਕਮਿਸ਼ਨਰ ਹਮਜ਼ਾ ਸ਼ਫਕਤ ਨੇ ਕਿਹਾ ਕਿ ਇਹ ਆਤਮਘਾਤੀ ਹਮਲਾ ਸੀ, ਜਿਹੜਾ ਇਨਫੈਂਟਰੀ ਸਕੂਲ ਦੇ ਫੌਜੀ ਜਵਾਨਾਂ ਵੱਲ ਸੇਧਤ ਸੀ। ਆਮ ਲੋਕ ਵੀ ਇਸ ਦਾ ਸ਼ਿਕਾਰ ਹੋ ਗਏ। ਹਮਲੇ ’ਚ 14 ਜਵਾਨ ਮਾਰੇ ਗਏ ਤੇ 46 ਜ਼ਖਮੀ ਹੋਏ ਹਨ।
ਹਮਲੇ ਦੀ ਜ਼ਿੰਮੇਵਾਰੀ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ ਐੱਲ ਏ) ਨੇ ਲਈ ਹੈ। ਪਾਕਿਸਤਾਨ ਨੇ ਡੇਢ ਮਹੀਨੇ ਮੁਅੱਤਲ ਰਹੀ ਕੋਇਟਾ-ਪੇਸ਼ਾਵਰ ਰੇਲ ਸੇਵਾ 14 ਅਕਤੂਬਰ ਨੂੰ ਬਹਾਲ ਕੀਤੀ ਸੀ। ਬੀ ਐੱਲ ਏ ਵੱਲੋਂ ਕੋਲਪੁਰ ਤੇ ਮਚ ਵਿਚਾਲੇ ਪੁਲ ਉਡਾ ਦੇਣ ਕਾਰਨ 26 ਅਗਸਤ ਤੋਂ ਇਸ ਅਹਿਮ ਰੂਟ ’ਤੇ ਰੇਲ ਸੇਵਾ ਬੰਦ ਸੀ।
ਧਮਾਕਾ ਰੇਲਵੇ ਸਟੇਸ਼ਨ ਦੇ ਬੁਕਿੰਗ ਦਫਤਰ ’ਚ ਉਦੋਂ ਹੋਇਆ, ਜਦੋਂ ਜਫਰ ਐੱਕਸਪ੍ਰੈੱਸ ਸਵੇਰੇ 9 ਵਜੇ ਪੇਸ਼ਾਵਰ ਲਈ ਰਵਾਨਾ ਹੋਣ ਵਾਲੀ ਸੀ। ਉਸ ਦੇ ਪਲੇਟਫਾਰਮ ’ਤੇ ਪੁੱਜਣ ਤੋਂ ਪਹਿਲਾਂ ਧਮਾਕਾ ਹੋਇਆ। ਉਦੋਂ ਕਾਫੀ ਭੀੜ ਸੀ।