ਇੰਫਾਲ : ਮਨੀਪੁਰ ਦੇ ਜੀਰੀਬਾਮ ਜ਼ਿਲ੍ਹੇ ਦੀ ਬੋਰੋਬੇਕੇਰਾ ਸਬ-ਡਵੀਜ਼ਨ ਦੇ ਜਕੁਰਾਡੋਰ ਕਰੋਂਗ ’ਚ ਸੋਮਵਾਰ ਸੀ ਆਰ ਪੀ ਐੱਫ ਨਾਲ ਮੁਕਾਬਲੇ ’ਚ 11 ਮਿਲੀਟੈਂਟ ਮਾਰੇ ਗਏ। ਦੋਸ਼ ਹੈ ਕਿ ਉਨ੍ਹਾਂ ਸੀ ਆਰ ਪੀ ਐੱਫ ਦੀ ਚੌਕੀ ’ਤੇ ਹਮਲਾ ਕੀਤਾ ਸੀ। ਦੋ ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਇਕ ਦੀ ਹਾਲਤ ਗੰਭੀਰ ਸੀ। ਮਿਲੀਟੈਂਟਾਂ ਨੇ ਫੌਜੀਆਂ ਵਰਗੀ ਵਰਦੀ ਪਾਈ ਹੋਈ ਸੀ। ਅਧਿਕਾਰੀਆਂ ਮੁਤਾਬਕ ਹਮਲੇ ਵੇਲੇ ਇਲਾਕੇ ਦੇ ਲੋਕ ਇੱਧਰ-ਉੱਧਰ ਭੱਜ ਗਏ। ਪੰਜ ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ। ਜਾਂ ਤਾਂ ਉਨ੍ਹਾਂ ਨੂੰ ਮਿਲੀਟੈਂਟ ਲੈ ਗਏ ਜਾਂ ਉਹ ਕਿਤੇ ਲੁਕ ਗਏ।
ਸੋਮਵਾਰ ਹੀ ਮਨੀਪੁਰ ਦੇ ਯਾਈਂਗੰਗਪੋਕਪੀ ਇਲਾਕੇ ’ਚ ਝੋਨਾ ਵੱਢ ਰਹੇ ਕਿਸਾਨ ਨੂੰ ਮਿਲੀਟੈਂਟਾਂ ਨੇ ਪਹਾੜੀ ਤੋਂ ਗੋਲੀ ਮਾਰ ਕੇ ਮਾਰ ਦਿੱਤਾ। ਪੁਲਸ ਮੁਤਾਬਕ ਮਿਲੀਟੈਂਟ ਹੇਠਲੇ ਇਲਾਕਿਆਂ ’ਚ ਤਿੰਨ ਦਿਨਾਂ ਤੋਂ ਫਾਇਰਿੰਗ ਕਰ ਰਹੇ ਹਨ।
ਇੰਫਾਲ ਵਿੱਚ ਵਸੇ ਮੈਤੀਆਂ ਤੇ ਪਹਾੜਾਂ ਵਿੱਚ ਰਹਿੰਦੇ ਕੁੱਕੀਆਂ ਵਿਚਾਲੇ ਪਿਛਲੇ ਸਾਲ ਮਈ ਤੋਂ ਚੱਲ ਰਹੇ ਸੰਘਰਸ਼ ’ਚ ਹੁਣ ਤੱਕ 200 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਤੇ ਹਜ਼ਾਰਾਂ ਬੇਘਰ ਹੋ ਚੁੱਕੇ ਹਨ।