16.8 C
Jalandhar
Wednesday, November 20, 2024
spot_img

ਬੈਨੀਵਾਲ ਨੇ ਬਹੁਤ ਲੁੱਟ ਮਚਾਈ : ਗੜ੍ਹੀ

ਪਾਰਟੀ ’ਚੋਂ ਕੱਢੇ ਜਾਣ ਤੋਂ ਬਾਅਦ ਦੋਸ਼ ਲਾ ਰਿਹੈ : ਬੈਨੀਵਾਲ
ਜਲੰਧਰ : ਬਹੁਜਨ ਸਮਾਜ ਪਾਰਟੀ ਪੰਜਾਬ ਦੀ ਪ੍ਰਧਾਨਗੀ ਤੋਂ ਹਟਾ ਕੇ ਪਾਰਟੀ ਵਿੱਚੋਂ ਕੱਢ ਦਿੱਤੇ ਗਏ ਜਸਵੀਰ ਸਿੰਘ ਗੜ੍ਹੀ ਨੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਉਤੇ ਭਿ੍ਰਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਹਨ। ਬੈਨੀਵਾਲ ਬਸਪਾ ਦੇ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ, ਦਿੱਲੀ, ਚੰਡੀਗੜ੍ਹ ਦੇ ਵੀ ਕੇਂਦਰੀ ਸੂਬਾ ਇੰਚਾਰਜ ਹਨ। ਗੜ੍ਹੀ ਨੇ ਬੈਨੀਪਾਲ ’ਤੇ ਪਾਰਟੀ ਫੰਡਾਂ ਵਿਚ ਗਬਨ ਕਰ ਕੇ ਵੱਡੀਆਂ ਜਾਇਦਾਦਾਂ ਬਣਾਉਣ ਅਤੇ ਮਹਿੰਗੀਆਂ ਕਾਰਾਂ ਖਰੀਦਣ ਦੇ ਦੋਸ਼ ਲਾਏ ਹਨ। ਗੜ੍ਹੀ ਨੂੰ 5 ਨਵੰਬਰ ਨੂੰ ਅਨੁਸ਼ਾਸਨਹੀਣਤਾ ਦਾ ਦੋਸ਼ ਲਾ ਕੇ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ ਅਤੇ ਉਨ੍ਹਾ ਦੀ ਥਾਂ ਸਾਬਕਾ ਸੂਬਾ ਪ੍ਰਧਾਨ ਤੇ ਰਾਜ ਸਭਾ ਦੇ ਸਾਬਕਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਨੂੰ ਪੰਜਾਬ ਪ੍ਰਧਾਨ ਬਣਾ ਦਿੱਤਾ ਗਿਆ ਸੀ। ਗੜ੍ਹੀ ਨੇ ਮੰਗਲਵਾਰ ਆਪਣੇ ਵੈਰੀਫਾਈਡ ‘ਐੱਕਸ’ ਖਾਤੇ ਤੋਂ ਇੱਕ ਪੋਸਟ ਸਾਂਝੀ ਕੀਤੀ ਹੈ। ਹਿੰਦੀ ’ਚ ਲਿਖੀ ਪੋਸਟ ਵਿੱਚ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ, ਕੌਮੀ ਕੋਆਰਡੀਨੇਟਰ ਆਕਾਸ਼ ਆਨੰਦ, ਕੇਂਦਰੀ ਆਗੂਆਂ ਸਤੀਸ਼ ਮਿਸ਼ਰਾ, ਰਾਮਜੀ ਗੌਤਮ ਆਦਿ ਨੂੰ ਵੀ ਟੈਗ ਕੀਤਾ ਗਿਆ ਹੈ। ਗੜ੍ਹੀ ਨੇ ਆਪਣੀ ਇਸ ਪੋਸਟ ਵਿਚ ਲਿਖਿਆ ਹੈਜਿਸ ਗੱਲ ਲਈ ਮੈਂ ਬਸਪਾ ਦੀ ਕੌਮੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਤੋਂ ਫੋਨ ਕਰਕੇ ਸਮਾਂ ਮੰਗਿਆ ਹੈ, ਉਹ ਮੇਰੇ ਦਿਲ ’ਚ ਹੀ ਨਾ ਰਹਿ ਜਾਵੇ, ਇਸ ਲਈ ਸਾਰਾ ਮਾਮਲਾ ਲੋਕਾਂ ਦੀ ਕਚਹਿਰੀ ’ਚ ਸਬੂਤਾਂ ਸਮੇਤ ਪੇਸ਼ ਕਰ ਰਿਹਾ ਹਾਂ। ਮੈਂ ਭੈਣ ਮਾਇਆਵਤੀ ਜੀ ਤੋਂ ਮੁਲਾਕਾਤ ਲਈ 5 ਨਵੰਬਰ ਨੂੰ ਪਾਰਟੀ ਦਫਤਰ ਵਿੱਚ ਫੋਨ ਕੀਤਾ ਸੀ।
ਗੜ੍ਹੀ ਨੇ ਬੈਨੀਵਾਲ ਨੂੰ ਸਵਾਲ ਕਰਦਿਆਂ ਕਿਹਾ ਕਿ ਇਕ ਪਾਸੇ ਜਿੱਥੇ ਪਾਰਟੀ ਵਰਕਰਾਂ ਤੋਂ ਮੋਟਰਸਾਈਕਲ ਵੀ ਨਹੀਂ ਖਰੀਦਿਆ ਜਾ ਰਿਹਾ ਤਾਂ ਉਥੇ ਬੈਨੀਵਾਲ ਨੇ 7 ਕਰੋੜ ਰੁਪਏ ਦੀਆਂ 13 ਜ਼ਮੀਨਾਂ/ ਪਲਾਟ/ ਦੁਕਾਨਾਂ ਕਿਵੇਂ ਖਰੀਦ ਲਈਆਂ ਹਨ? ਨਾਲ ਹੀ 4 ਕਰੋੜ ਦੀ ਲਾਗਤ ਵਾਲੇ ਦੋ ਮਹਿਲਾਂ ਵਰਗੇ ਘਰ ਅਤੇ ਸ਼ੋਅਰੂਮ ਕਿਵੇਂ ਬਣਾ ਲਏ?
ਗੜ੍ਹੀ ਨੇ ਬੈਨੀਵਾਲ ਉਤੇ ਚਾਰ ਸਾਲਾਂ ’ਚ 80 ਲੱਖ ਰੁਪਏ ਦੀਆਂ ਚਾਰ ਗੱਡੀਆਂ ਖਰੀਦਣ ਦੇ ਦੋਸ਼ ਵੀ ਲਾਏ ਹਨ। ਗੌਰਤਲਬ ਹੈ ਕਿ ਬੈਨੀਵਾਲ ਉਤੇ ਬੀਤੇ ਮਹੀਨੇ ਹੋਈਆਂ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਥੋਂ ਦੇ ਕਥਿਤ ਬਸਪਾ ਵਰਕਰਾਂ ਵੱਲੋਂ ਵੀ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਅਜਿਹੇ ਹੀ ਦੋਸ਼ ਲਾਏ ਜਾ ਰਹੇ ਹਨ।
ਗੜ੍ਹੀ ਨੇ ਪੰਜਾਬ ਦੇ ਬਸਪਾ ਦਫਤਰ ਦੇ ‘ਮੈਨਟੀਨੈਂਸ ਫੰਡ ਹਰ ਮਹੀਨੇ ਔਸਤਨ 60/70 ਹਜ਼ਾਰ ਰੁਪਏ ਚੋਰੀ’ ਕਰਨ ਦੇ ਦੋਸ਼ ਵੀ ਲਾਏ ਹਨ ਤੇ ਇੰਝ ਕੁੱਲ ਰਕਮ 30 ਲੱਖ ਰੁਪਏ ਲੁੱਟਣ ਦੇ ਦੋਸ਼ ਲਾਏ ਹਨ। ਟਵੀਟ ਵਿਚ ਬੈਨੀਵਾਲ ਦੇ ਉਨ੍ਹਾਂ ਪਰਵਾਰਕ ਮੈਂਬਰਾਂ ਦੇ ਨਾਂਅ ਵੀ ਲਿਖੇ ਹਨ, ਜਿਨ੍ਹਾਂ ਦੇ ਨਾਂਅ ਉਤੇ ਸੰਬੰਧਤ ਜਾਇਦਾਦਾਂ ਬੋਲਦੀਆਂ ਹਨ। ਗੜ੍ਹੀ ਨੇ ਕਿਹਾ ਕਿ ਉਹ ਪਿਛਲੇ 25 ਸਾਲਾਂ ਤੋਂ ਬਹੁਜਨ ਅੰਦੋਲਨ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਦੇ ਬਾਨੀ ‘ਸਾਹਿਬ ਕਾਂਸ਼ੀ ਰਾਮ ਵੱਲੋਂ ਦਿੱਤੀਆਂ ਕਦਰਾਂ-ਕੀਮਤਾਂ’ ਤਹਿਤ ਕੰਮ ਕਰ ਰਹੇ ਹਨ। ਉਨ੍ਹਾ ਦੋਸ਼ ਲਾਇਆਇਸ ਦੌਰਾਨ ਕੁਝ ਲੁਟੇਰੇ ਅਤੇ ਡਕੈਤ ਪ੍ਰਭਾਰੀ (ਇੰਚਾਰਜ) ਬਣ ਕੇ ਆਏ, ਬਹੁਜਨ ਸਮਾਜ ਦਾ ਸਮਾਂ ਤੇ ਪੈਸਾ ਲੁੱਟਿਆ ਅਤੇ ਕਰੋੜਾਂ ਦੀ ਜਾਇਦਾਦ ਬਣਾ ਕੇ ਬਹੁਜਨ ਸਮਾਜ ਪਾਰਟੀ ਨੂੰ ਹਨੇਰੇ ’ਚ ਛੱਡ ਦਿੱਤਾ। ਇਸ ਤੋਂ ਵੀ ਦੁਖਦਾਈ ਗੱਲ ਉਨ੍ਹਾ ਤੇ ਉਨ੍ਹਾ ਵਰਗੇ ਹੋਰ ਜੁਝਾਰੂਆਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਜਾਣਾ ਹੈ। ਅਜਿਹਾ ਕਰਨਾ ਪਾਰਟੀ ਵੱਲੋਂ ਆਪਣੀ ਕਬਰ ਖੁਦ ਪੁੱਟਣ ਦੇ ਬਰਾਬਰ ਹੈ।
ਬੈਨੀਵਾਲ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾ ਕਿਹਾ ਕਿ ਹੁਣ ਜਦੋਂ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਤਹਿਤ ਗੜ੍ਹੀ ਨੂੰ ਪਾਰਟੀ ਵਿੱਚੋਂ ਕੱਢਿਆ ਜਾ ਚੁੱਕਾ ਹੈ ਤਾਂ ਉਹ ਦੋਸ਼ ਲਗਾ ਰਹੇ ਹਨ। ਉਨ੍ਹਾ ਕਿਹਾ ਕਿ ਉਨ੍ਹਾਂ ਜੋ ਵੀ ਜਾਇਦਾਦਾਂ ਬਣਾਈਆਂ ਹਨ ‘ਉਹ ਮਿਹਨਤ ਕਰ ਕੇ’ ਬਣਾਈਆਂ ਹਨ। ਬੈਨੀਵਾਲ ਨੇ ਕਿਹਾ ਕਿ ਪੰਜਾਬ ’ਚ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਹਲਕਿਆਂ ’ਚ ਚੋਣਾਂ ਲੜਨ ਲਈ ਬਸਪਾ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਹਰੀ ਝੰਡੀ ਦੇ ਦਿੱਤੀ ਸੀ, ਪਰ ਸੂਬੇ ਦੇ ਪ੍ਰਧਾਨ ਹੁੰਦਿਆਂ ਗੜ੍ਹੀ ਨੂੰ ਚਾਰ ਉਮੀਦਵਾਰ ਨਹੀਂ ਲੱਭੇ। ਬੈਨੀਵਾਲ ਨੇ ਗੜ੍ਹੀ ਵੱਲੋਂ ਲਾਏ ਦੋਸ਼ਾਂ ਨੂੰ ਮੂਲੋਂ ਰੱਦ ਕਰਦਿਆਂ ਕਿਹਾ ਕਿ ਉਹ ਇਸ ਬਾਰੇ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦੇ।

Related Articles

Latest Articles