ਨਵੀਂ ਦਿੱਲੀ : ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਕਰਕੇ ਅਕਤੂਬਰ ’ਚ ਪ੍ਰਚੂਨ ਮਹਿੰਗਾਈ ਦਰ ਵਧ ਕੇ 6.21 ਫੀਸਦੀ ’ਤੇ ਪੁੱਜ ਗਈ। ਇਹ 14 ਮਹੀਨਿਆਂ ’ਚ ਸਭ ਤੋਂ ਵੱਧ ਹੈ। ਅਗਸਤ 2023 ’ਚ ਮਹਿੰਗਾਈ ਦੀ ਦਰ 6.83 ਫੀਸਦੀ ਰਹੀ ਸੀ। ਅਕਤੂਬਰ ਤੋਂ ਮਹੀਨਾ ਪਹਿਲਾਂ ਸਤੰਬਰ ’ਚ ਵੀ ਸਬਜ਼ੀਆਂ ਮਹਿੰਗੀਆਂ ਹੋਣ ਕਾਰਨ ਦਰ 5.49 ਫੀਸਦੀ ਰਹੀ ਸੀ। ਮਹਿੰਗਾਈ ਵਧਣ ’ਚ ਲਗਭਗ 50 ਫੀਸਦੀ ਹਿੱਸਾ ਖਾਣ-ਪੀਣ ਦੀਆਂ ਚੀਜ਼ਾਂ ਦਾ ਹੁੰਦਾ ਹੈ। ਇਨ੍ਹਾਂ ਦੀ ਮਹਿੰਗਾਈ ਮਹੀਨੇ-ਦਰ-ਮਹੀਨੇ ਦੇ ਆਧਾਰ ’ਤ 9.24 ਫੀਸਦੀ ਤੋਂ ਵਧ ਕੇ 10.87 ਫੀਸਦੀ ਹੋ ਗਈ। ਪਿੰਡਾਂ ’ਚ ਮਹਿੰਗਾਈ 5.87 ਫੀਸਦੀ ਤੋਂ ਵਧ ਕੇ 6.68 ਫੀਸਦੀ ਤੇ ਸ਼ਹਿਰਾਂ ’ਚ 5.05 ਫੀਸਦੀ ਤੋਂ ਵਧ ਕੇ 5.62 ਫੀਸਦੀ ਹੋ ਗਈ।
ਮਹਿੰਗਾਈ ਦਾ ਸਿੱਧਾ ਸੰਬੰਧ ਖਰੀਦ ਸ਼ਕਤੀ ਨਾਲ ਹੈ। ਮਿਸਾਲ ਲਈ ਜੇ ਮਹਿੰਗਾਈ ਦਰ 6 ਫੀਸਦੀ ਹੈ ਤਾਂ ਹਾਸਲ ਕੀਤੇ 100 ਰੁਪਏ ਦਾ ਮੁੱਲ 94 ਫੀਸਦੀ ਹੋਵੇਗਾ। ਕਰੀਬ 300 ਸਮਾਨ ਹਨ, ਜਿਨ੍ਹਾਂ ਦੀਆਂ ਕੀਮਤਾਂ ਦੇ ਆਧਾਰ ’ਤੇ ਪ੍ਰਚੂਨ ਮਹਿੰਗਾਈ ਦੀ ਦਰ ਤੈਅ ਹੁੰਦੀ ਹੈ।