ਚੰਡੀਗੜ੍ਹ ’ਚ ਨਿੱਕੇ ਬੱਚਿਆਂ ਦੇ ਸਕੂਲ ਬੰਦ ਕਰਨ ਦੀ ਮੰਗ, ਲਾਹੌਰ ’ਚ ਵਿਆਹਾਂ ’ਤੇ ਰੋਕ
ਚੰਡੀਗੜ੍ਹ : ਸ਼ਹਿਰ ’ਚ ਵੀਰਵਾਰ ਵੀ ਹਵਾ ਦੀ ਗੁਣਵੱਤਾ ਦੇ ਸੂਚਕ ਅੰਕ (ਏ ਕਿਊ ਆਈ) ’ਚ ਤੇਜ਼ੀ ਨਾਲ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਸਦ ਾ ਪੱਧਰ 421 ਦੇ ਚਿੰਤਾਜਨਕ ਅੰਕੜੇ ਤੱਕ ਪਹੁੰਚ ਗਿਆ, ਜਿਸ ਨੂੰ ‘ਗੰਭੀਰ’ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਚੰਡੀਗੜ੍ਹ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਪ੍ਰਸ਼ਾਸਕ ਤੋਂ ਮੰਗ ਕੀਤੀ ਹੈ ਕਿ ਸਥਿਤੀ ਸੁਧਰਨ ਤੱਕ ਸਾਰੇ ਸਕੂਲ, ਖਾਸਕਰ ਨਿੱਕੇ ਬੱਚਿਆਂ ਦੇ, ਬੰਦ ਕਰ ਦਿੱਤੇ ਜਾਣ। ਸਿਹਤ ਮਾਹਰਾਂ ਅਨੁਸਾਰ ਇਸ ਉੱਚ ਪੱਧਰ ਦਾ ਏ ਕਿਊ ਆਈ ਖਾਸ ਤੌਰ ’ਤੇ ਬੱਚਿਆਂ, ਬਜ਼ੁਰਗਾਂ ਅਤੇ ਸਾਹ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਲਈ ਬਹੁਤ ਖਤਰਨਾਕ ਹੈ। ਧੂੰਏਂ ਨੇ ਸ਼ਹਿਰ ਨੂੰ ਆਪਣੀ ਲਪੇਟ ’ਚ ਲਿਆ ਹੋਇਆ ਹੈ। ਚੰਡੀਗੜ੍ਹ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਹਾਲਾਤ ਸ਼ੁੱਕਰਵਾਰ ਤੱਕ ਬਣੇ ਰਹਿਣਗੇ। ਮੌਸਮ ਵਿਭਾਗ ਦੇ ਮਾਹਰਾਂ ਅਨੁਸਾਰ ਪਹਾੜਾਂ ’ਚ ਪੱਛਮੀ ਗੜਬੜੀ ਨੇ ਖੇਤਰ ’ਚ ਨਮੀ ਦੀ ਮਾਤਰਾ ਨੂੰ ਵਧਾ ਦਿੱਤਾ ਹੈ, ਜਿਸ ਨਾਲ ਹਵਾ ਦਾ ਸੰਚਾਰ ਘਟਿਆ ਹੈ ਅਤੇ ਨਤੀਜੇ ਵਜੋਂ ਸਵੇਰੇ ਸੰਘਣੀ ਧੁੰਦ ਪੈ ਰਹੀ ਹੈ। ਖੇਤਰ ਦੀ ਵਿਗੜਦੀ ਹਵਾ ਦੀ ਗੁਣਵੱਤਾ ਸਿਰਫ ਫਸਲਾਂ ਨੂੰ ਸਾੜਨ ਦੇ ਨਤੀਜਾ ਵਜੋਂ ਨਹੀਂ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਕਿਹਾ ਕਿ ਹੋਰ ਮਹੱਤਵਪੂਰਨ ਯੋਗਦਾਨ ਪਾਉਣ ਵਾਲਿਆਂ ’ਚ ਧੂੜ ਅਤੇ ਸ਼ਹਿਰੀ ਪ੍ਰਦੂਸ਼ਣ ਸ਼ਾਮਲ ਹਨ, ਜਿਵੇਂ ਕਿ ਵਾਹਨਾਂ ’ਚੋਂ ਨਿਕਲਦਾ ਧੰੂਆਂ ਅਤੇ ਉਦਯੋਗਿਕ ਨਿਕਾਸ ਆਦਿ।
ਜਲਵਾਯੂ ਪਰਿਵਰਤਨ ਅਤੇ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਭਾਗ ਦੀ ਮੁਖੀ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਸਭ ਤੋਂ ਚਿੰਤਾਜਨਕ ਪਹਿਲੂ ਸ਼ਾਮ ਦੇ ਤਾਪਮਾਨ ਦਾ ਵਧਣਾ ਹੈ। ਇਸ ਵੇਲੇ ਇਸ ਖੇਤਰ ’ਚ ਰਾਤ ਦਾ ਤਾਪਮਾਨ 18 ਡਿਗਰੀ ਸੈਲਸੀਅਸ ਤੋਂ ਉੱਪਰ ਚੱਲ ਰਿਹਾ ਹੈ, ਜਦਕਿ ਨਵੰਬਰ ਦੇ ਦੂਜੇ ਹਫਤੇ ਆਮ ਤਾਪਮਾਨ 11 ਤੋਂ 12 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿੰਦਾ ਹੈ। ਕਿੰਗਰਾ ਨੇ ਕਿਹਾ ਕਿ ਖੇਤਰ ’ਚ ਹਵਾ ਦੀ ਰਫਤਾਰ ਲਗਭਗ 2 ਕਿਲੋਮੀਟਰ ਪ੍ਰਤੀ ਘੰਟਾ ਹੈ। ਅਜਿਹੀਆਂ ਸਥਿਤੀਆਂ ’ਚ ਪ੍ਰਦੂਸ਼ਣ ਇਕ ਜਗ੍ਹਾ ਫਸ ਜਾਂਦਾ ਹੈ ਅਤੇ ਖੇਤਰ ’ਚ ਜ਼ਹਿਰੀਲੀ ਹਵਾ ਦਾ ਗੁਬਾਰਾ ਬਣਾ ਦਿੰਦਾ ਹੈ। ਉਧਰ, ਲਾਹੌਰ ਵਿੱਚ ਏ ਕਿਊ ਆਈ 609 ਤੱਕ ਪੁੱਜਣ ਕਾਰਨ ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ। ਸੁੱਕੀ ਖੰਘ, ਸਾਹ ਲੈਣ ’ਚ ਔਖ, ਨਿਮੋਨੀਆ ਤੇ ਛਾਤੀ ਦੀ ਇੰਫੈਕਸ਼ਨ ਵਾਲੇ 15 ਹਜ਼ਾਰ ਮਰੀਜ਼ ਪਿਛਲੇ 24 ਘੰਟਿਆਂ ’ਚ ਹਸਪਤਾਲਾਂ ਤੇ ਡਾਕਟਰਾਂ ਕੋਲ ਪੁੱਜੇ। ਲਹਿੰਦੇ ਪੰਜਾਬ ’ਚ ਵਿਆਹਾਂ ’ਤੇ ਤਿੰਨ ਮਹੀਨਿਆਂ ਦੀ ਰੋਕ ਲਾ ਦਿੱਤੀ ਗਈ ਹੈ ਅਤੇ ਸਕੂਲ ਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਧੁਆਂਖੀ ਧੰੁਦ ਨੂੰ ਆਫਤ ਐਲਾਨ ਦਿੱਤਾ ਗਿਆ ਹੈ।