ਬਰਨਾਲਾ : ਭਾਰਤੀ ਕਮਿਊਨਿਸਟ ਪਾਰਟੀ ਨੇ ਵੀਰਵਾਰ ਬਰਨਾਲਾ ਜ਼ਿਮਨੀ ਚੋਣ ’ਚ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਹਮਾਇਤ ਦਾ ਐਲਾਨ ਕੀਤਾ।
ਸਥਾਨਕ ਬਾਬਾ ਅਰਜਣ ਸਿੰਘ ਭਦੌੜ ਯਾਦਗਾਰੀ ਭਵਨ ਵਿਖੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਖੁਸ਼ੀਆ ਸਿੰਘ ਦੀ ਅਗਵਾਈ ਹੇਠ ਪਾਰਟੀ ਦੀ ਜ਼ਿਲ੍ਹਾ ਬਾਡੀ ਦੀ ਮੀਟਿੰਗ ਹੋਈ, ਜਿਸ ’ਚ ਸਹਾਇਕ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਹੋਏ। ਚਲਦੀ ਮੀਟਿੰਗ ’ਚ ਕਾਲਾ ਢਿੱਲੋਂ ਪੁੱਜ ਗਏ ਤਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਖੁਸ਼ੀਆ ਸਿੰਘ ਨੇ ਕਿਹਾ ਕਿ ਕੌਮੀ ‘ਇੰਡੀਆ’ ਗੱਠਜੋੜ ਦੇ ਚਲਦਿਆਂ ਪਾਰਟੀ ਦੇ ਫੈਸਲੇ ਅਨੁਸਾਰ ਕਾਂਗਰਸੀ ਉਮੀਦਵਾਰ ਕਾਲਾ ਢਿੱਲੋਂ ਦੀ ਹਮਾਇਤ ਦਾ ਨਿਰਣਾ ਕੀਤਾ ਗਿਆ ਹੈ। ਕਾਲਾ ਢਿੱਲੋਂ ਨੇ ਪਾਰਟੀ ਦੀ ਜ਼ਿਲ੍ਹਾ ਕਮੇਟੀ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਜਿੱਤਣ ’ਤੇ ਨਰੇਗਾ ਮਜ਼ਦੂਰਾਂ, ਕਾਮਿਆਂ ਤੇ ਸਮੂਹ ਕਿਰਤੀਆਂ ਦੀਆਂ ਮੰਗਾਂ ਨੂੰ ਵਿਧਾਨ ਸਭਾ ’ਚ ਜ਼ੋਰਦਾਰ ਢੰਗ ਨਾਲ ਉਠਾਉਣਗੇ।
ਇਸ ਮੌਕੇ ਸੀ ਪੀ ਆਈ ਦੇ ਜ਼ਿਲ੍ਹਾ ਮੀਤ ਸਕੱਤਰ ਜੁਗਰਾਜ ਸਿੰਘ ਰਾਮਾ, ਜ਼ਿਲ੍ਹਾ ਕੌਂਸਲ ਮੈਂਬਰ ਐਡਵੋਕੇਟ ਹਾਕਮ ਸਿੰਘ ਭੁੱਲਰ ਤੇ ਪਰਮਜੀਤ ਸਿੰਘ ਗਾਂਧੀ, ਸਾਬਕਾ ਜ਼ਿਲ੍ਹਾ ਸਕੱਤਰ ਉਜਾਗਰ ਸਿੰਘ ਬੀਹਲਾ, ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਸਕੱਤਰ ਰਣਜੀਤ ਕੌਰ, ਪ੍ਰਧਾਨ ਪਰਮਜੀਤ ਕੌਰ, ਮੀਤ ਸਕੱਤਰ ਗੁਰਮੀਤ ਕੌਰ ਤੇ ਵੇਅਰ ਹਾਊਸਿੰਗ ਮੁਲਾਜ਼ਮ ਆਗੂ ਮੋਹਣ ਸਿੰਘ ਕਸਿਆੜਾ ਆਦਿ ਵੀ ਹਾਜ਼ਰ ਸਨ। ਖੁਸ਼ੀਆ ਸਿੰਘ ਨੇ ਪਾਰਟੀ ਦੇ ਵੱਖ-ਵੱਖ ਵਿੰਗਾਂ, ਜਿਵੇਂ ਏਟਕ, ਰੁਜ਼ਗਾਰ ਪ੍ਰਾਪਤੀ ਮਜ਼ਦੂਰ ਯੂਨੀਅਨ ਪੰਜਾਬ, ਪੰਜਾਬ ਇਸਤਰੀ ਸਭਾ, ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ, ਪੰਜਾਬ ਖੇਤ ਮਜ਼ਦੂਰ ਸਭਾ ਤੇ ਪੰਜਾਬ ਕਿਸਾਨ ਸਭਾ ਦੇ ਸਥਾਨਕ ਆਗੂਆਂ ਤੇ ਵਰਕਰਾਂ ਨੂੰ ਕਾਲਾ ਢਿੱਲੋਂ ਦੇ ਹੱਕ ’ਚ ਜੁਟਣ ਦਾ ਸੱਦਾ ਦਿੱਤਾ। ਉਨ੍ਹਾ ਕਾਲਾ ਢਿੱਲੋਂ ਨੂੰ ਜਿੱਤ ਦਾ ਯਕੀਨ ਦਿਵਾਇਆ।