ਰਾਜਗੜ੍ਹ (ਮੱਧ ਪ੍ਰਦੇਸ਼)-ਸਥਾਨਕ ਪੁਲਸ ਨੇ ਭੋਪਾਲ ਦੇ ਡਿਪਟੀ ਕੁਲੈਕਟਰ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿਸ ‘ਤੇ ਇਕ ਸਰਕਾਰੀ ਮਹਿਲਾ ਕਰਮਚਾਰੀ ਨੇ ਉਸ ਨਾਲ ਵਿਆਹ ਕਰਵਾਉਣ ਦੇ ਬਹਾਨੇ ਵਾਰ-ਵਾਰ ਜਬਰ-ਜ਼ਨਾਹ ਕਰਨ ਦਾ ਦੋਸ਼ ਲਗਾਇਆ ਹੈ | ਰਾਜੇਸ਼ ਸੋਰਟੇ (47) ਦੇ ਕਥਿਤ ਤੌਰ ‘ਤੇ ਸ਼ਿਕਾਇਤਕਰਤਾ ਨਾਲ ਨਜ਼ਦੀਕੀ ਸੰਬੰਧ ਬਣ ਗਏ ਸਨ, ਜਦੋਂ ਉਹ 2022 ‘ਚ ਰਾਜਗੜ੍ਹ ਜ਼ਿਲ੍ਹੇ ਦੇ ਪਚੌਰ ‘ਚ ਤਹਿਸੀਲਦਾਰ ਸੀ | ਉਦੋਂ ਤੋਂ ਉਸ ਨੇ ਵੱਖ-ਵੱਖ ਥਾਵਾਂ ‘ਤੇ ਉਸ ਦਾ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕੀਤਾ | ਸਾਰੰਗਪੁਰ ਦੇ ਐੱਸ ਡੀ ਐੱਮ ਅਰਵਿੰਦ ਸਿੰਘ ਨੇ ਦੱਸਿਆ ਕਿ ਭਾਰਤੀ ਨਿਆਂ ਸੰਹਿਤਾ ਦੇ ਲਾਗੂ ਹੋਣ ਤੋਂ ਪਹਿਲਾਂ 2022 ‘ਚ ਕਥਿਤ ਅਪਰਾਧ ਹੋਣ ਕਾਰਨ ਪਚੌਰ ਪੁਲਸ ਨੇ ਵੀਰਵਾਰ ਨੂੰ ਸੋਰਟੇ ਵਿਰੁੱਧ ਭਾਰਤੀ ਦੰਡਾਵਲੀ ਦੇ ਤਹਿਤ ਜਬਰ-ਜ਼ਨਾਹ ਦਾ ਮਾਮਲਾ ਦਰਜ ਕੀਤਾ |




