17.9 C
Jalandhar
Friday, November 22, 2024
spot_img

ਰਾਧੇ ਸ਼ਿਆਮ ਪ੍ਰਧਾਨ ਤੇ ਅਮਰੀਕ ਸਿੰਘ ਮਸੀਤਾਂ ਜਨਰਲ ਸਕੱਤਰ ਚੁਣੇ

ਚੌਕੀਮਾਨ (ਬਲਬੀਰ ਮਾਨ)-ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ (ਰਜਿ.) ਸੰਬੰਧਤ ਏਟਕ ਦਾ ਪਹਿਲਾ ਦੋ ਰੋਜ਼ਾ ਡੈਲੀਗੇਟ ਵੇਰਕਾ (ਅੰਮਿ੍ਰਤਸਰ) ਵਿਖੇ ਸੰਪੰਨ ਹੋ ਗਿਆ। ਅਜਲਾਸ ਵਿੱਚ ਏਟਕ ਦੇ ਕੇਂਦਰੀ ਆਗੂ ਵਿਦਿਆ ਸਾਗਰ ਗਿਰੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ, ਜਿਨ੍ਹਾ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੇ ਮਿਹਨਤਕਸ਼ ਲੋਕਾਂ ਦਾ ਮਾੜਾ ਹਾਲ ਕੀਤਾ ਹੋਇਆ ਹੈ।ਮਹਿੰਗਾਈ ਸਿਖਰਾਂ ਛੂਹ ਗਈ ਹੈ, ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਬਜਾਏ ਪਹਿਲਾਂ ਮਿਲ ਰਹੀਆਂ ਪੈਨਸ਼ਨਾਂ ’ਤੇ ਕੱਟ ਲਾਉਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਸਰਕਾਰ ਲੱਖਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਾ ਦੇ ਕੇ ਸੜਕਾਂ ’ਤੇ ਰੁਲਣ ਲਈ ਮਜਬੂਰ ਕਰ ਰਹੀ ਹੈ।
ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀਆਂ ਵਾਅਦਾਖਿਲਾਫੀਆਂ ਦਾ ਕੱਚਾ ਚਿੱਠਾ ਡੈਲੀਗੇਟਾਂ ਸਾਹਮਣੇ ਰੱਖ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਗਈ ਹੈ, ਜਿਸ ਕਾਰਨ ਗਰੀਬ ਲੋਕਾਂ ਸਮੇਤ ਹਰ ਵਰਗ ਆਮ ਆਦਮੀ ਪਾਰਟੀ ਨੂੰ ਤੀਜੇ ਬਦਲ ਵਜੋਂ ਲਿਆ ਕੇ ਅੱਜ ਪਛਤਾ ਰਹੇ ਹਨ। ਉਹਨਾ ਲੋਕਾਂ ਨੂੰ ਲਾਮਬੰਦ ਹੋ ਕੇ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਇਕੱਠੇ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ।
ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਦੀ ਲੀਡਰਸ਼ਿਪ ਦੇ ਲੜਾਕੂ ਪਿਛੋਕੜ ’ਤੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਹਾਕਮ ਜਮਾਤਾਂ ਨੇ ਮਿਹਨਤਕਸ਼ ਜਮਾਤ ਸਾਹਮਣੇ ਬਹੁਤ ਵੱਡੀਆ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਹਨ, ਜਿਨ੍ਹਾਂ ਦਾ ਟਾਕਰਾ ਮਜ਼ਬੂਤ ਸੰਗਠਨ ਬਣਾ ਕੇ ਹੀ ਕੀਤਾ ਜਾ ਸਕਦਾ ਹੈ। ਉਨ੍ਹਾ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਅਨੇਕਾਂ ਆਸਾਂ ਸਨ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੀ ਆਸ ਸੀ, ਆਮ ਲੋਕਾਂ ਨੂੰ ਆਪਣੇ ਕੰਮਾਂਕਾਰਾਂ ਵਿੱਚ ਤੇਜ਼ੀ ਆਉਣ ਦਾ ਅਨੁਮਾਨ ਸੀ, ਭਿ੍ਰਸ਼ਟਾਚਾਰ ਦੀਆਂ ਜੜ੍ਹਾਂ ਪੁਟਣ ਦੀਆਂ ਉਮੀਦਾਂ ਸਨ, ਪਰ ਸਭ ਕੁਝ ਧਰਿਆ-ਧਰਾਇਆ ਰਹਿ ਗਿਆ ਹੈ, ਇਹ ਸਰਕਾਰ ਨਖਿੱਧ ਸਾਬਤ ਹੋਈ ਹੈ। ਘੱਟੋ-ਘੱਟ ਉਜਰਤਾਂ ਵਿੱਚ ਵਾਧੇ ਨੂੰ ਬਰੇਕਾਂ ਲਾ ਰੱਖੀਆਂ ਹਨ। ਅੱਜ ਹਰੇਕ ਵਰਕਰ ਦੀ ਘੱਟੋ-ਘੱਟ ਉਜਰਤ 35000 /- ਰੁਪਏ ਪ੍ਰਤੀ ਮਹੀਨਾ ਬਣਦੀ ਹੈ, ਜੋ ਸਰਕਾਰਾਂ ਦੇਣ ਲਈ ਤਿਆਰ ਨਹੀਂ। ਨਿੱਤ ਦਿਨ ਵਧਦੀ ਮਹਿੰਗਾਈ ਕਾਰਨ ਗਰੀਬ ਵਰਗ ਭੁੱਖਮਰੀ ਦਾ ਸ਼ਿਕਾਰ ਹੋ ਰਿਹਾ ਹੈ। ਇਕ ਕਿਸਾਨ ਆਗੂ ਵੱਲੋਂ ਕਰਮਚਾਰੀਆਂ ਦੀਆਂ ਪੈਨਸ਼ਨਾਂ ਬੰਦ ਕਰਨ ਦੇ ਮੁੱਦੇ ’ਤੇ ਤਿੱਖਾ ਵਿਰੋਧ ਕਰਦਿਆਂ ਉਸ ਆਗੂ ਵੱਲੋਂ ਪੂੰਜੀਪਤੀਆਂ ਦੇ ਇਸ਼ਾਰੇ ’ਤੇ ਦਿੱਤੇ ਘਟੀਆ ਬਿਆਨ ਦੀ ਨਿੰਦਾ ਕੀਤੀ ਅਤੇ ਮੁਲਾਜ਼ਮਾਂ ਲਈ ਪੈਨਸ਼ਨ ਕਿਉ ਜ਼ਰੂਰੀ ਹੈ, ਇਸ ’ਤੇ ਵਿਸਥਾਰ ਨਾਲ ਚਾਨਣਾ ਪਾਉਦਿਆਂ ਕਿਹਾ ਕਿ ਪੈਨਸ਼ਨ ਕਿਸਾਨ ਸਮੇਤ ਹਰੇਕ ਵਰਗ ਦੇ ਲੋਕਾਂ ਨੂੰ ਮਿਲਣੀ ਚਾਹੀਦੀ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਨਰੇਗਾ ਮਜ਼ਦੂਰ ਯੂਨੀਅਨ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ ਨੇ ਹਾਜ਼ਰੀਨ ਨੂੰ ਸਰਮਾਏਦਾਰੀ ਸਿਸਟਮ ਬਾਰੇ ਚੰਗੀ ਤਰ੍ਹਾਂ ਸਮਝ ਕੇ ਲੁੱਟੇ ਜਾਣ ਵਾਲਿਆਂ ਨੂੰ ਇਕੱਠੇ ਹੋ ਕੇ ਲੜਣ ਦਾ ਸੱਦਾ ਦਿੱਤਾ। ਇਸ ਮੌਕੇ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਪੈਨਸ਼ਨਰਜ਼ ਯੂਨੀਅਨ ਦੀ ਲੀਡਰਸ਼ਿਪ ਅਤੇ ਡੈਲੀਗੇਟਾਂ ਨੂੰ ਕਿਹਾ ਕਿ ਸਾਨੂੰ ਆਪਣੇ ਮਸਲਿਆਂ ਦੇ ਨਾਲ-ਨਾਲ ਪਾਵਰਕਾਮ ਅਦਾਰੇ ਨੂੰ ਬਚਾਉਣ ਲਈ ਇਕੱਠੇ ਹੋ ਕੇ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ ਲੜਨ ਲਈ ਕਮਰਕੱਸੇ ਕਰਨੇ ਚਾਹੀਦੇ ਹਨ। ਸੂਬਾ ਜਨਰਲ ਸਕੱਤਰ ਅਮਰੀਕ ਸਿੰਘ ਮਸੀਤਾਂ ਤੇ ਵਿੱਤ ਸਕੱਤਰ ਸੁਖਜੰਟ ਸਿੰਘ ਵੱਲੋਂ ਪੇਸ਼ ਕੀਤੀਆਂ ਰਿਪੋਰਟਾਂ ’ਤੇ ਪੂਰੇ ਪੰਜਾਬ ਤੋਂ ਆਏ ਡੈਲੀਗੇਟਾਂ ਨੇ ਬਹਿਸ ਵਿੱਚ ਹਿੱਸਾ ਲਿਆ। ਪ੍ਰਧਾਨ ਰਾਧੇ ਸ਼ਿਆਮ ਨੇ ਡੈਲੀਗੇਟਾਂ ਵੱਲੋਂ ਰਿਪੋਰਟਾਂ ਵਿੱਚ ਕਰਵਾਏ ਵਾਧਿਆਂ ਨੂੰ ਰਿਪੋਰਟਾਂ ਵਿੱਚ ਸ਼ਾਮਲ ਕਰਕੇ ਦੋਵੇਂ ਰਿਪੋਰਟਾਂ ਸਰਬਸੰਮਤੀ ਨਾਲ ਨਾਅਰਿਆਂ ਦੀ ਗੰੂਜ ਨਾਲ ਪਾਸ ਕਰਵਾਈਆਂ ਅਤੇ ਪੁਰਾਣੀ ਕਮੇਟੀ ਭੰਗ ਕਰਕੇ ਨਵੀਂ ਚੁਣੀ ਜਾਣ ਵਾਲੀ ਕਮੇਟੀ ਦਾ ਪੈਨਲ ਪੰਜਾਬ ਏਟਕ ਦੇ ਵਰਕਿੰਗ ਪ੍ਰਧਾਨ ਸੁਖਦੇਵ ਸ਼ਰਮਾ ਨੇ ਪੜ੍ਹ ਕੇ ਡੈਲੀਗੇਟ ਹਾਊਸ ਸਾਹਮਣੇ ਰੱਖਿਆ, ਜਿਸ ਵਿੱਚ ਸਰਪ੍ਰਸਤ ਗੁਰਨਾਮ ਸਿੰਘ ਗਿੱਲ, ਸਲਾਹਕਾਰ ਸੰਤੋਖ ਸਿੰਘ ਬੋਪਾਰਾਏ ਤੇ ਪਾਲ ਸਿੰਘ ਮੁੰਡੀ, ਪ੍ਰਧਾਨ ਰਾਧੇ ਸ਼ਿਆਮ, ਵਰਕਿੰਗ ਪ੍ਰਧਾਨ ਚਮਕੌਰ ਸਿੰਘ ਬਰਮੀ, ਮੀਤ ਪ੍ਰਧਾਨ ਤਾਰਾ ਸਿੰਘ ਖਹਿਰਾ, ਕੇਵਲ ਸਿੰਘ ਬਨਵੈਤ, ਰਾਜਿੰਦਰ ਸਿੰਘ ਰਾਜਪੁਰਾ, ਨਰਿੰਦਰ ਸੈਣੀ, ਅਜਮੀਲ ਖਾਂ ਤੇ ਬਲਕਾਰ ਸਿੰਘ ਭੁੱਲਰ, ਜਨਰਲ ਸਕੱਤਰ ਅਮਰੀਕ ਸਿੰਘ ਮਸੀਤਾਂ, ਵਰਕਿੰਗ ਜਨਰਲ ਸਕੱਤਰ ਨਰਿੰਦਰ ਕੁਮਾਰ ਬੱਲ, ਸਕੱਤਰ ਗੁਰਮੇਲ ਸਿੰਘ ਨਾਹਰ,ਐੱਸ ਪੀ ਸਿੰਘ, ਦਵਿੰਦਰ ਸੈਣੀ, ਚੰਦ ਸਿੰਘ ਡੋਡ, ਭਿੰਦਰ ਸਿੰਘ ਚਹਿਲ, ਮਦਨ ਗੋਪਾਲ, ਬਰਿਜ ਮੋਹਣ ਮੋਹਾਲੀ, ਰਾਮ ਕੁਮਾਰ, ਵਿੱਤ ਸਕੱਤਰ ਸੁਖਜੰਟ ਸਿੰਘ ਬਰਨਾਲਾ, ਆਡੀਟਰ ਕੁਲਦੀਪ ਰਾਣਾ, ਪ੍ਰੈੱਸ ਸਕੱਤਰ ਬਲਬੀਰ ਸਿੰਘ ਮਾਨ, ਕਾਰਜਕਾਰੀ ਮੈਂਬਰ ਪੂਰਨ ਸਿੰਘ ਮਾੜੀਮੇਘਾ ਤਰਨ ਤਾਰਨ, ਰਾਮ ਆਸਰਾ ਨਵਾਂ ਸ਼ਹਿਰ, ਜਸਵੀਰ ਸਿੰਘ ਭਾਮ, ਚਰਨ ਦਾਸ ਨੂਰਪੁਰ ਬੇਦੀ, ਰਣਜੀਤ ਸਿੰਘ ਗਿੱਲ, ਅਵਤਾਰ ਸਿੰਘ ਕੰਡਾ, ਹਜ਼ਾਰਾ ਸਿੰਘ ਗਿੱਲ, ਦਵਿੰਦਰ ਸਿੰਘ ਬੈਨੀਪਾਲ, ਜੁਗਿੰਦਰ ਸਿੰਘ ਛੇਹਰਟਾ, ਰਜਨੀਸ਼ ਕੁਮਾਰ ਤੇ ਮੀਡੀਆ ਸਲਾਹਕਾਰ ਗੱਜਣ ਸਿੰਘ ਚੁਣੇ ਗਏ। ਸੁਖਦੇਵ ਸ਼ਰਮਾ ਨੇ ਪੈਨਲ ਨੂੰ ਆਮ ਸਹਿਮਤੀ ਨਾਲ ਪਾਸ ਕਰਵਾ ਕੇ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਇਕੱਠੇ ਹੋ ਕੇ ਸੰਘਰਸ਼ ਕਰਨ ਲਈ ਜ਼ੋਰ ਦਿੱਤਾ ਅਤੇ ਸਫ਼ਲ ਡੈਲੀਗੇਟ ਅਜਲਾਸ ਦੀ ਮੁਬਾਰਕਬਾਦ ਦਿੰਦਿਆਂ ਸਮਾਗਮ ਵਿੱਚ ਸ਼ਾਮਲ ਆਗੂਆਂ ਤੇ ਸਮੂਹ ਡੈਲੀਗੇਟਾਂ ਦਾ ਧੰਨਵਾਦ ਕਰਦਿਆਂ ਸਮਾਗਮ ਨੂੰ ਸਮਾਪਤ ਕਰਨ ਦਾ ਐਲਾਨ ਕੀਤਾ।

Related Articles

Latest Articles