ਪਟਿਆਲਾ : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਭਰ ਵਿਚ ਆਤਿਸ਼ਬਾਜ਼ੀ ਕੀਤੇ ਜਾਣ ਅਤੇ ਖੇਤਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਹੋਏ ਵਾਧੇ ਕਾਰਨ ਸੂਬੇ ’ਚ ਹਵਾ ਦੀ ਗੁਣਵੱਤਾ ਹੋਰ ਵਿਗੜ ਗਈ ਹੈ। ਅੰਮਿ੍ਰਤਸਰ ’ਚ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) ਪੱਧਰ ਸ਼ਨੀਵਾਰ ਸਵੇਰੇ 326 ਤੱਕ ਪਹੁੰਚ ਕੇ ‘ਬਹੁਤ ਮਾੜੀ’ ਸ਼੍ਰੇਣੀ ’ਚ ਆ ਗਿਆ।
ਜਲੰਧਰ ’ਚ ਏ ਕਿਊ ਆਈ 217, ਖੰਨਾ 179, ਲੁਧਿਆਣਾ 218, ਮੰਡੀ ਗੋਬਿੰਦਗੜ੍ਹ 224, ਪਟਿਆਲਾ 235 ਅਤੇ ਰੂਪਨਗਰ 155 ਦਰਜ ਕੀਤਾ ਗਿਆ। ਮਾਹਰਾਂ ਦਾ ਕਹਿਣਾ ਹੈ ਕਿ ਖੇਤਾਂ ’ਚ ਅੱਗਾਂ ਲਾਏ ਜਾਣ ਦੀ ਗਿਣਤੀ ’ਚ ਕਮੀ ਆਉਣੀ ਸ਼ੁਰੂ ਹੋ ਗਈ ਹੈ, ਪਰ ਚੰਡੀਗੜ੍ਹ ਟ੍ਰਾਈਸਿਟੀ ਅਤੇ ਐੱਨ ਸੀ ਆਰ ਸਮੇਤ ਵੱਖ-ਵੱਖ ਪ੍ਰਭਾਵਤ ਖੇਤਰਾਂ ’ਚ ਹਵਾ ਦੀ ਗੁਣਵੱਤਾ ’ਚ ਸੁਧਾਰ ਹੋਣ ’ਚ ਹਾਲੇ ਸਮਾਂ ਲੱਗੇਗਾ। ਪੰਜਾਬ ’ਚ ਸ਼ੁੱਕਰਵਾਰ ਪਰਾਲੀ ਸਾੜਨ ਦੇ 238 ਮਾਮਲੇ ਸਾਹਮਣੇ ਆਏ, ਜਿਸ ਨਾਲ ਇਸ ਸੀਜ਼ਨ ’ਚ ਅਜਿਹੀਆਂ ਘਟਨਾਵਾਂ ਦੀ ਕੁੱਲ ਗਿਣਤੀ 7864 ਹੋ ਗਈ ਹੈ।