ਅਸਤੀਫੇ ’ਤੇ ਵਿਚਾਰ ਲਈ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਭਲਕੇ
ਚੰਡੀਗੜ੍ਹ : ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਇਸ ਦੀ ਜਾਣਕਾਰੀ ‘ਐੱਕਸ’ ਉੱਤੇ ਸਾਂਝੀ ਕਰਦਿਆਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨੇ ਸ਼ਨੀਵਾਰ ਆਪਣਾ ਅਸਤੀਫਾ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਸੌਂਪ ਕੇ ਨਵੇਂ ਪ੍ਰਧਾਨ ਦੀ ਚੋਣ ਲਈ ਰਾਹ ਪੱਧਰਾ ਕਰ ਦਿੱਤਾ ਹੈ। ਉਨ੍ਹਾ ਪਾਰਟੀ ਦੇ ਸਾਰੇ ਆਗੂਆਂ ਅਤੇ ਵਰਕਰਾਂ ਦਾ ਉਨ੍ਹਾ ਦੀ ਲੀਡਰਸ਼ਿਪ ’ਚ ਵਿਸ਼ਵਾਸ ਜਤਾਉਣ ਅਤੇ ਉਨ੍ਹਾ ਦੇ ਪੂਰੇ ਕਾਰਜਕਾਲ ਦੌਰਾਨ ਦਿਲੋਂ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਹੈ। ਇਸੇ ਦੌਰਾਨ ਦਲ ਦੇ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਵਰਕਿੰਗ ਕਮੇਟੀ ਦੀ ਹੰਗਾਮੀ ਮੀਟਿੰਗ 18 ਨਵੰਬਰ ਨੂੰ ਦੁਪਹਿਰ 12 ਵਜੇ ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਬੁਲਾ ਲਈ ਹੈ, ਜਿਹੜੀ ਸੁਖਬੀਰ ਬਾਦਲ ਦੇ ਅਸਤੀਫੇ ’ਤੇ ਵਿਚਾਰ ਕਰਕੇ ਅਗਲੀ ਕਾਰਵਾਈ ਤੈਅ ਕਰੇਗੀ। ਅਕਾਲੀ ਦਲ ਦੇ ਪ੍ਰਧਾਨ, ਅਹੁਦੇਦਾਰਾਂ ਅਤੇ ਵਰਕਿੰਗ ਕਮੇਟੀ ਦੇ ਅਹੁਦੇ ਲਈ ਚੋਣਾਂ 14 ਦਸੰਬਰ ਨੂੰ ਹੋਣੀਆਂ ਹਨ, ਜਦੋਂ ਮੌਜੂਦਾ ਢਾਂਚੇ ਦੀ ਪੰਜ ਸਾਲ ਦੀ ਮਿਆਦ ਸਮਾਪਤ ਹੋ ਰਹੀ ਹੈ। ਚਰਚਾ ਹੈ ਕਿ ਡਾ. ਚੀਮਾ ਨੂੰ ਪ੍ਰਧਾਨਗੀ ਦੀ ਕਮਾਨ ਸੌਂਪੀ ਜਾ ਸਕਦੀ ਹੈ। ਹਾਲਾਂਕਿ ਉਨ੍ਹਾ ਦੀ ਨਿਯੁਕਤੀ ਦੀ ਪ੍ਰਕਿਰਿਆ ਕਾਫੀ ਲੰਮੀ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਹੁਣ ਪਹਿਲਾਂ ਮੈਂਬਰਸ਼ਿਪ ਭਰਤੀ ਕੀਤੀ ਜਾਵੇਗੀ, ਜਿਸ ਮਗਰੋਂ ਸਰਕਲ ਪੱਧਰ ਦੇ ਡੈਲੀਗੇਟ ਚੁਣੇ ਜਾਣਗੇ। ਸਰਕਲ ਡੈਲੀਗੇਟ ਅੱਗੇ ਜ਼ਿਲ੍ਹਾ ਡੈਲੀਗੇਟ ਚੁਣਨਗੇ, ਜੋ ਅੱਗੇ ਸਟੇਟ ਡੈਲੀਗੇਟ ਚੁਣਨਗੇ। ਡਾ. ਚੀਮਾ ਨੇ ਦੱਸਿਆ ਕਿ ਸਟੇਟ ਡੈਲੀਗੇਟ, ਜੋ ਜਨਰਲ ਹਾਊਸ ਦੇ ਮੈਂਬਰ ਹੁੰਦੇ ਹਨ, ਪ੍ਰਧਾਨ ਤੇ ਅਹੁਦੇਦਾਰਾਂ ਦੇ ਨਾਲ-ਨਾਲ ਵਰਕਿੰਗ ਕਮੇਟੀ ਦੀ ਚੋਣ ਕਰਨਗੇ।
2007 ਤੋਂ 2017 ਤੱਕ ਅਕਾਲੀ ਦਲ ਤੇ ਭਾਜਪਾ ਦੀ ਗੱਠਜੋੜ ਸਰਕਾਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋਏ ਅਪਮਾਨ ਤੇ ਡੇਰਾ ਸੱਚਾ ਸੌਦਾ ਮੁਖੀ ਨੂੰ ਮੁਆਫੀ ਦੇਣ ਸੰਬੰਧੀ ਸੁਖਬੀਰ ਦੀ ਭੂਮਿਕਾ ਤੇ ਸੁਮੇਧ ਸੈਣੀ ਨੂੰ ਡੀ ਜੀ ਪੀ ਲਾਉਣ ਨੂੰ ਲੈ ਕੇ ਪੰਥਕ ਵੋਟ ਬੈਂਕ ’ਚ ਕਾਫੀ ਰੋਸ ਪਾਇਆ ਜਾ ਰਿਹਾ ਸੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਇਸ ਰੋਸ ਨੂੰ ਸਿਖਰ ’ਤੇ ਪਹੁੰਚਾ ਦਿੱਤਾ ਤੇ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਹਾਲਾਤ ਅਜਿਹੇ ਬਣ ਗਏ ਕਿ ਪਾਰਟੀ 59 ਸੀਟਾਂ ਤੋਂ ਸਿਰਫ 15 ਸੀਟਾਂ ’ਤੇ ਹੀ ਸਿਮਟ ਗਈ। 2022 ’ਚ ਸਥਿਤੀ ਹੋਰ ਵੀ ਬਦਤਰ ਹੋ ਗਈ। ਇਸੇ ਦੌਰਾਨ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਹੇਠ ਇਕ ਕਮੇਟੀ ਦਾ ਗਠਨ ਕਰ ਕੇ ਉਸ ਨੂੰ ਇਸ ਹਾਰ ਦੇ ਕਾਰਨਾਂ ਤੇ ਪਾਰਟੀ ਨੂੰ ਤਕੜਾ ਕਰਨ ਸੰਬੰਧੀ ਰਿਪੋਰਟ ਦੇਣ ਲਈ ਵੀ ਕਿਹਾ ਗਿਆ। ਝੂੰਦਾ ਕਮੇਟੀ ਨੇ ਆਪਣੀ ਰਿਪੋਰਟ ’ਚ ਨਾ ਸਿਰਫ ਹਾਰ ਦੇ ਕਾਰਨਾਂ ਦਾ ਜ਼ਿਕਰ ਕੀਤਾ, ਬਲਕਿ ਇਹ ਸਿਫਾਰਸ਼ ਵੀ ਕੀਤੀ ਕਿ ਸਾਰੇ ਆਗੂ ਆਪਣੇ ਅਹੁਦੇ ਛੱਡ ਦੇਣ। ਪਾਰਟੀ ਪ੍ਰਧਾਨ ਸੁਖਬੀਰ ਨੇ ਸਾਰੇ ਵਿੰਗ ਭੰਗ ਕਰ ਦਿੱਤੇ, ਪਰ ਝੂੰਦਾ ਰਿਪੋਰਟ ਜਨਤਕ ਨਹੀਂ ਕੀਤੀ। ਕਮੇਟੀ ਦੀ ਰਿਪੋਰਟ ’ਚ ਸੁਖਬੀਰ ਬਾਦਲ ਨੂੰ ਅਸਤੀਫਾ ਦੇਣ ਲਈ ਕਿਹਾ ਗਿਆ ਸੀ। ਉਨ੍ਹਾ ’ਤੇ ਅਸਤੀਫਾ ਦੇਣ ਦਾ ਦਬਾਅ ਲਗਾਤਾਰ ਵਧ ਰਿਹਾ ਸੀ। ਇਸੇ ਦਬਾਅ ਕਾਰਨ ਪਾਰਟੀ ਦੋਫਾੜ ਹੋ ਗਈ। ਸੁਖਦੇਵ ਸਿੰਘ ਢੀਂਡਸਾ ਵਰਗੇ ਆਗੂ ਮੁੜ ਅਕਾਲੀ ਦਲ ’ਚ ਸ਼ਾਮਲ ਹੋ ਗਏ ਸਨ, ਪਰ ਲੋਕ ਸਭਾ ਚੋਣਾਂ ਤੋਂ ਬਾਅਦ ਉਨ੍ਹਾ ਸਮੇਤ ਪਰਮਿੰਦਰ ਸਿੰਘ ਢੀਂਡਸਾ, ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਗੁਰਪ੍ਰਤਾਪ ਸਿੰਘ ਵਡਾਲਾ ਤੇ ਕਈ ਸੀਨੀਅਰ ਆਗੂ ਵੱਖ ਹੋ ਗਏ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਾਂਅ ਦਾ ਗਰੁੱਪ ਬਣਾ ਲਿਆ। ਇਸ ਦੌਰਾਨ ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਹਾਜ਼ਰ ਹੋ ਕੇ ਆਪਣੀ ਸਰਕਾਰ ਦੌਰਾਨ ਹੋਈਆਂ ਭੁੱਲਾਂ ਨੂੰ ਸਵੀਕਾਰ ਕੀਤਾ ਤੇ ਇਸ ਦੀ ਜ਼ਿੰਮੇਵਾਰੀ ਲੈ ਲਈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ, ਪਰ ਧਾਰਮਕ ਸਜ਼ਾ ਸੁਣਾਉਣੀ ਅਜੇ ਬਾਕੀ ਹੈ। ਸੁਖਬੀਰ ਬਾਦਲ ਕੁਝ ਦਿਨ ਪਹਿਲਾਂ ਧਾਰਮਕ ਸਜ਼ਾ ਲੁਆਉਣ ਦੀ ਅਪੀਲ ਕਰਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਗਏ ਸਨ, ਪਰ ਇਸ ਦੌਰਾਨ ਕੁਰਸੀ ਤੋਂ ਡਿੱਗਣ ਕਾਰਨ ਉਨ੍ਹਾ ਦੇ ਪੈਰ ’ਚ ਫਰੈਕਚਰ ਹੋ ਗਿਆ।