ਇੰਫਾਲ : ਮਨੀਪੁਰ ਦੀ ਇੰਫਾਲ ਵਾਦੀ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਭੜਕੀ ਭੀੜ ਨੇ ਭਾਜਪਾ ਦੇ ਤਿੰਨ ਹੋਰ ਵਿਧਾਇਕਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ। ਇਨ੍ਹਾਂ ਵਿੱਚੋਂ ਇਕ ਸੀਨੀਅਰ ਮੰਤਰੀ ਹੈ। ਭੀੜ ਨੇ ਇਕ ਕਾਂਗਰਸੀ ਵਿਧਾਇਕ ਦੇ ਘਰ ਨੂੰ ਵੀ ਅੱਗ ਲਗਾ ਦਿੱਤੀ। ਇਸੇ ਦੌਰਾਨ ਪੁਲਸ ਨੇ ਪ੍ਰਦਰਸ਼ਨਕਾਰੀਆਂ ਦੀ ਮਨੀਪੁਰ ਦੇ ਮੁੱਖ ਮੰਤਰੀ ਐੱਨ ਬਿਰੇਨ ਸਿੰਘ ਦੇ ਜੱਦੀ ਘਰ ’ਚ ਦਾਖਲ ਹੋਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਹਿੰਸਕ ਪ੍ਰਦਰਸ਼ਨਾਂ ਦੀਆਂ ਇਹ ਘਟਨਾਵਾਂ ਸਨਿੱਚਰਵਾਰ ਰਾਤ ਨੂੰ ਵਾਪਰੀਆਂ।
ਜਿਰੀਬਾਮ ਜ਼ਿਲ੍ਹੇ ’ਚ ਮਿਲੀਟੈਂਟਾਂ ਵੱਲੋਂ ਤਿੰਨ ਔਰਤਾਂ ਤੇ ਬੱਚਿਆਂ ਦੀਆਂ ਹੱਤਿਆਵਾਂ ਕੀਤੇ ਜਾਣ ਤੋਂ ਬਾਅਦ ਭੜਕੀ ਭੀੜ ਵੱਲੋਂ ਸਨਿੱਚਰਵਾਰ ਨੂੰ ਦਿਨ ਵੇਲੇ ਸੂਬੇ ਦੇ ਤਿੰਨ ਮੰਤਰੀਆਂ ਤੇ ਛੇ ਵਿਧਾਇਕਾਂ ਦੇ ਘਰਾਂ ’ਚ ਅੱਗ ਲਗਾਏ ਜਾਣ ਦੇ ਮੱਦੇਨਜ਼ਰ ਅਣਮਿੱਥੇ ਸਮੇਂ ਲਈ ਕਰਫਿਊ ਲਗਾਉਣ ਦੇ ਬਾਵਜੂਦ ਰਾਤ ਵੇਲੇ ਹਿੰਸਕ ਪ੍ਰਦਰਸ਼ਨ ਹੋਏ। ਦੋ ਦਿਨਾਂ ’ਚ ਮੁੱਖ ਮੰਤਰੀ ਤੇ 10 ਵਿਧਾਇਕਾਂ ਦੇ ਘਰਾਂ ’ਤੇ ਹਮਲੇ ਹੋਏ ਹਨ। ਹਾਲਾਤ ਵਿਗੜਨ ’ਤੇ ਪੰਜ ਜ਼ਿਲ੍ਹਿਆਂ ਵਿੱਚ ਕਰਫਿਊ ਲਾਇਆ ਗਿਆ ਹੈ ਤੇ 7 ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾ ਬੰਦ ਕੀਤੀ ਗਈ ਹੈ।
ਇਸ ਦਰਮਿਆਨ ਕੁਝ ਮੰਤਰੀਆਂ ਸਣੇ 19 ਵਿਧਾਇਕਾਂ ਨੇ ਮੁੱਖ ਮੰਤਰੀ ਐੱਨ ਬਿਰੇਨ ਸਿੰਘ ਨੂੰ ਹਟਾਉਣ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਦਫਤਰ ਨੂੰ ਪੱਤਰ ਲਿਖਿਆ ਹੈ। ਸੂਤਰਾਂ ਮੁਤਾਬਕ ਦੋ-ਤਿੰਨ ਦਿਨਾਂ ਵਿੱਚ ਹਾਲਾਤ ਹੋਰ ਵਿਗੜੇ ਤਾਂ ਰਾਸ਼ਟਰਪਤੀ ਰਾਜ ਲਾਇਆ ਜਾ ਸਕਦਾ ਹੈ।
ਪ੍ਰਦਰਸ਼ਨਕਾਰੀਆਂ ਨੇ ਨਿੰਗਥੌਕਹੌਂਗ ’ਚ ਲੋਕ ਨਿਰਮਾਣ ਮੰਤਰੀ ਗੋਵਿੰਦਾਸ ਕੌਂਥੂਜਾਮ, ਲਾਂਗਮੀਦੌਂਗ ’ਚ ਸਥਿਤ ਹਿਆਂਗਲਾਮ ਦੇ ਭਾਜਪਾ ਵਿਧਾਇਕ ਵਾਈ ਰਾਧੇਸ਼ਿਆਮ ਦੇ ਘਰ, ਥੌਬਲ ਜ਼ਿਲ੍ਹੇ ’ਚ ਵਾਂਗਜਿੰਗ ਤੈਂਥਾ ਦੇ ਭਾਜਪਾ ਵਿਧਾਇਕ ਪਾਓਨਮ ਬਰੋਜੇਨ ਅਤੇ ਇੰਫਾਲ ਪੂਰਬੀ ਜ਼ਿਲ੍ਹੇ ’ਚ ਖੁੰਦਰਕਪਾਮ ਦੇ ਕਾਂਗਰਸੀ ਵਿਧਾਇਕ ਲੋਕੇਸ਼ਵਰ ਦੇ ਘਰ ਨੂੰ ਅੱਗ ਲਗਾ ਦਿੱਤੀ। ਘਟਨਾਵਾਂ ਵੇਲੇ ਵਿਧਾਇਕ ਤੇ ਉਨ੍ਹਾਂ ਦੇ ਪਰਵਾਰਕ ਮੈਂਬਰ ਘਰ ’ਚ ਨਹੀਂ ਸਨ। ਪ੍ਰਦਰਸ਼ਨਕਾਰੀਆਂ ਨੇ ਪਹਿਲਾਂ ਸੰਪਤੀ ਦੀ ਭੰਨਤੋੜ ਕੀਤੀ ਤੇ ਫਿਰ ਅੱਗ ਲਗਾ ਦਿੱਤੀ। ਫਾਇਰ ਵਿਭਾਗ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਸਨਿੱਚਰਵਾਰ ਰਾਤ ਨੂੰ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਬਿਰੇਨ ਸਿੰਘ ਦੇ ਇੰਫਾਲ ਪੂਰਬੀ ’ਚ ਲੁਵਾਂਗਸ਼ੰਗਬਾਮ ’ਚ ਸਥਿਤ ਜੱਦੀ ਘਰ ਵੱਲ ਵਧੇ, ਪਰ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ 200 ਮੀਟਰ ਦੂਰ ਰੋਕ ਲਿਆ। ਇਸ ਦੌਰਾਨ ਸੁਰੱਖਿਆ ਬਲਾਂ, ਜਿਨ੍ਹਾਂ ’ਚ ਅਸਾਮ ਰਾਈਫਲਜ਼, ਬੀ ਐੱਸ ਐੱਫ ਤੇ ਸੂਬੇ ਦੀ ਪੁਲਸ ਦੇ ਜਵਾਨ ਸ਼ਾਮਲ ਸਨ, ਨੇ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਚਲਾ ਕੇ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਦੌੜਾ ਦਿੱਤਾ। ਉਪਰੰਤ ਪ੍ਰਦਰਸ਼ਨਕਾਰੀਆਂ ਨੇ ਬਿਰੇਨ ਸਿੰਘ ਦੀ ਰਿਹਾਇਸ਼ ਵੱਲ ਜਾਂਦੀ ਸੜਕ ’ਤੇ ਟਾਇਰ ਸਾੜੇ। ਬੀਤੇ ਦਿਨੀਂ ਜਿਰੀਬਾਮ ’ਚ 10 ਕੁੱਕੀ ਨੌਜਵਾਨਾਂ ਵੱਲੋਂ ਕੀਤੀ ਗਈ ਹਿੰਸਾ ਮਗਰੋਂ 10 ਵਿਅਕਤੀ ਲਾਪਤਾ ਹੋਏ ਸਨ, ਜਿਨ੍ਹਾਂ ’ਚੋਂ ਛੇ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ। ਤਿੰਨ ਲਾਸ਼ਾਂ ਸ਼ੁੱਕਰਵਾਰ ਨੂੰ ਅਤੇ ਤਿੰਨ ਸਨਿੱਚਰਵਾਰ ਨੂੰ ਬਰਾਮਦ ਹੋਈਆਂ ਹਨ। ਸ਼ੁੱਕਰਵਾਰ ਨੂੰ ਬਰਾਮਦ ਹੋਈਆਂ ਲਾਸ਼ਾਂ ਬਿਰਧ ਔਰਤ, ਉਸ ਦੀਆਂ ਦੋ ਧੀਆਂ ਅਤੇ ਤਿੰਨ ਪੋਤੇ-ਪੋਤੀਆਂ ਦੀਆਂ ਦੱਸੀਆਂ ਜਾ ਰਹੀਆਂ ਹਨ। ਲਾਪਤਾ ਹੋਏ ਸਾਰੇ ਵਿਅਕਤੀ ਮੈਤੇਈ ਭਾਈਚਾਰੇ ਨਾਲ ਸੰਬੰਧਤ ਸਨ। ਇਸੇ ਦੌਰਾਨ ਮਨੀਪੁਰ ਸਰਕਾਰ ਨੇ ਕੇਂਦਰ ਸਰਕਾਰ ਨੂੰ ਹਾਲਾਤ ਦੀ ਸਮੀਖਿਆ ਕਰਨ ਅਤੇ ਸੂਬੇ ਵਿਚਲੇ ਛੇ ਪੁਲਸ ਥਾਣਿਆਂ ਦੇ ਅਧਿਕਾਰ ਖੇਤਰ ’ਚ ਪੈਂਦੇ ਇਲਾਕਿਆਂ ’ਚ ਹਥਿਆਰਬੰਦ ਬਲਾਂ ਨੂੰ ਵਿਸ਼ੇਸ਼ ਤਾਕਤਾਂ ਦੇਣ ਸੰਬੰਧੀ ਐਕਟ (ਅਫਸਪਾ) ਵਾਪਸ ਲੈਣ ਦੀ ਬੇਨਤੀ ਕੀਤੀ ਹੈ। ਕੇਂਦਰ ਵੱਲੋਂ ਹਿੰਸਾ ਪ੍ਰਭਾਵਤ ਜਿਰੀਬਾਮ ਸਣੇ ਮਨੀਪੁਰ ਦੇ ਛੇ ਪੁਲਸ ਥਾਣਿਆਂ ਦੇ ਇਲਾਕਿਆਂ ਵਿੱਚ ਮੁੜ ਤੋਂ ਅਫਸਪਾ ਲਗਾ ਦਿੱਤਾ ਗਿਆ ਹੈ। ਜਾਇੰਟ ਸਕੱਤਰ (ਗ੍ਰਹਿ) ਵੱਲੋਂ ਕੇਂਦਰ ਸਰਕਾਰ ਨੂੰ ਲਿਖੇ ਗਏ ਇਕ ਪੱਤਰ ਵਿੱਚ ਕਿਹਾ ਗਿਆ ਹੈ ਕਿ ਸੂਬਾਈ ਮੰਤਰੀ ਮੰਡਲ ਵੱਲੋਂ 15 ਨਵੰਬਰ ਨੂੰ ਆਪਣੀ ਮੀਟਿੰਗ ’ਚ ਮੁੜ ਅਫਸਪਾ ਲਗਾਏ ਜਾਣ ਬਾਰੇ ਚਰਚਾ ਕੀਤੀ ਗਈ ਅਤੇ ਕੇਂਦਰ ਸਰਕਾਰ ਨੂੰ ਹਾਲਾਤ ਦੀ ਸਮੀਖਿਆ ਕਰਨ ਅਤੇ ਅਫਸਪਾ 1958 ਦੀ ਧਾਰਾ 3 ਤਹਿਤ ਸੂਬੇ ਦੇ ਅਸ਼ਾਂਤ ਐਲਾਨੇ ਗਏ ਛੇ ਪੁਲਸ ਥਾਣਿਆਂ ਅਧੀਨ ਆਉਂਦੇ ਇਲਾਕਿਆਂ ’ਚ ਮੁੜ ਤੋਂ ਲਾਏ ਗਏ ਅਫਸਪਾ ਨੂੰ ਵਾਪਸ ਲੈਣ ਦੀ ਸਿਫਾਰਸ਼ ਕਰਨ ਦਾ ਫੈਸਲਾ ਲਿਆ ਗਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮਨੀਪੁਰ ਦੇ ਹਾਲਾਤ ਦੇ ਮੱਦੇਨਜ਼ਰ ਚੋਣਾਂ ਵਾਲੇ ਸੂਬੇ ਮਹਾਰਾਸ਼ਟਰ ’ਚ ਆਪਣੀਆਂ ਰੈਲੀਆਂ ਰੱਦ ਕਰ ਕੇ ਦਿੱਲੀ ਪਰਤ ਆਏ।





