ਅਗਰਤਲਾ : ਪੱਛਮੀ ਤਿ੍ਪੁਰਾ ‘ਚ ਅਣਪਛਾਤੇ ਅਨਸਰਾਂ ਦੇ ਇੱਕ ਗਰੁੱਪ ਵੱਲੋਂ ਕੀਤੇ ਗਏ ਹਮਲੇ ‘ਚ ਕਾਂਗਰਸੀ ਵਿਧਾਇਕ ਸੁਦੀਪ ਰੌਏ ਬਰਮਨ ਅਤੇ ਸੂਬਾ ਇਕਾਈ ਦੇ ਵਰਕਿੰਗ ਪ੍ਰੈਜ਼ੀਡੈਂਟ ਸੁਸ਼ਾਂਤ ਚੱਕਰਵਰਤੀ ਸਣੇ ਪਾਰਟੀ ਦੇ ਚਾਰ ਨੇਤਾ ਜ਼ਖਮੀ ਹੋ ਗਏ | ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਰਾਤ ਰਾਨੀਰ ਬਾਜ਼ਾਰ ਇਲਾਕੇ ‘ਚ ਵਾਪਰੀ |
ਜ਼ਖਮੀਆਂ ਨੂੰ ਇੱਥੇ ਜੀ ਬੀ ਪੀ ਹਸਪਤਾਲ ਦਾਖਲ ਕਰਾਇਆ ਗਿਆ | ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਤੱਕ ਇਸ ਮਾਮਲੇ ‘ਚ ਕੋਈ ਵੀ ਐੱਫ ਆਈ ਆਰ ਦਰਜ ਨਹੀਂ ਕੀਤੀ ਗਈ ਸੀ | ਕਾਂਗਰਸ ਨੇਤਾ ਰਾਨੀਰ ਬਾਜ਼ਾਰ ‘ਚ ਰੈਲੀ ਕਰਨ ਗਏ ਸਨ, ਜਿਸ ਦੀ ਪੁਲਸ ਤੋਂ ਆਗਿਆ ਨਹੀਂ ਲਈ ਗਈ ਸੀ | ਇਸੇ ਦੌਰਾਨ ਕਾਂਗਰਸੀ ਨੇਤਾਵਾਂ ‘ਤੇ ਹਮਲਾ ਹੋ ਗਿਆ | ਕਾਂਗਰਸ ਪਾਰਟੀ ਦੇ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਇਹ ਹਮਲਾ ਭਾਜਪਾ ਵੱਲੋਂ ਸਪਾਂਸਰ ਗੁੰਡਿਆਂ ਵੱਲੋਂ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਹਮਲੇ ‘ਚ ਪਾਰਟੀ ਦੇ ਘੱਟੋ-ਘੱਟ 12 ਨੇਤਾ ਤੇ ਵਰਕਰ ਜ਼ਖਮੀ ਹੋਏ ਹਨ | ਤਿ੍ਪੁਰਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਡੀਆ ਇੰਚਾਰਜ ਅਸ਼ੀਸ਼ ਸਾਹਾ ਨੇ ਕਿਹਾ ਕਿ ਪਾਰਟੀ ਦਾ ਕਾਨੂੰਨੀ ਸੈੱਲ ਇਸ ਸੰਬੰਧੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਏਗਾ |