ਵਿਛੜੇ ਆਗੂਆਂ ਤੋਂ ਪ੍ਰੇਰਨਾ ਲੈ ਕੇ ਖਤਰਿਆਂ ਦਾ ਮੁਕਾਬਲਾ ਕਰੀਏ : ਬੰਤ ਬਰਾੜ

0
126

16 ਦਸੰਬਰ ਨੂੰ ਸੀ ਪੀ ਆਈ ਦੀ ਅੰਮਿ੍ਰਤਸਰ ਵਿਖੇ ਮਾਝਾ ਜ਼ੋਨ ਦੀ ਰੈਲੀ
ਅੰਮਿ੍ਰਤਸਰ : ਸੋਮਵਾਰ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਕਾਮਰੇਡ ਸਤਪਾਲ ਡਾਂਗ, ਕਾਮਰੇਡ ਵਿਮਲਾ ਡਾਂਗ, ਕਾਮਰੇਡ ਪ੍ਰਦੁਮਣ ਸਿੰਘ, ਕਾਮਰੇਡ ਵੀਰ ਭਾਨ ਭੁੱਲਰ ਅਤੇ ਅੰਮਿ੍ਰਤਸਰ ਸ਼ਹਿਰ ਦੇ ਵਿਛੜੇ ਪਾਰਟੀ ਆਗੂਆਂ ਦਾ ਯਾਦਗਾਰੀ ਸਮਾਗਮ ਕਿ੍ਰਸ਼ਨਾ ਮੰਦਰ ਹਾਲ ਛੇਹਰਟਾ ਵਿਖੇ ਪਵਨ ਕੁਮਾਰ ਅਤੇ ਪ੍ਰੇਮ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਮਿਊਨਿਸਟ ਪਾਰਟੀ ਨੇ ਦੇਸ਼ ਦੀ ਆਜ਼ਾਦੀ ਲਈ ਅਥਾਹ ਕੁਰਬਾਨੀਆਂ ਕੀਤੀਆਂ ਹਨ, ਅਜ਼ਾਦੀ ਤੋਂ ਬਾਅਦ ਵੀ ਦੇਸ਼ ਦੀ ਉਸਾਰੀ ਲਈ ਅਤੇ ਲੋਕਾਂ ਦੇ ਮਸਲਿਆਂ ਦੇ ਹੱਲ ਲਈ ਲਹੂ-ਵੀਟਵੇਂ ਅੰਦੋਲਨ ਕੀਤੇ ਹਨ। ਅੰਮਿ੍ਰਤਸਰ ਸ਼ਹਿਰ ਦੇ ਕਮਿਊਨਿਸਟ ਆਗੂਆਂ ਅਤੇ ਮੈਂਬਰਾਂ/ ਹਮਦਰਦਾਂ ਨੇ ਵੀ ਆਪਣਾ ਗਿਣਨਯੋਗ ਹਿੱਸਾ ਪਾਇਆ ਹੈ। ਅੰਮਿ੍ਰਤਸਰ ਸ਼ਹਿਰ ਦੇ ਕਮਿਊਨਿਸਟ ਆਗੂਆਂ ਨੇ ਮਜ਼ਦੂਰਾਂ ਦੇ ਹੱਕਾਂ ਲਈ ਅਤੇ ਉਨ੍ਹਾਂ ਦੀਆਂ ਭਲਾਈ ਸਕੀਮਾਂ ਬਣਵਾਉਣ ਅਤੇ ਲਾਗੂ ਕਰਵਾਉਣ ਲਈ ਵੱਡੇ ਅੰਦੋਲਨ ਕੀਤੇ ਹਨ। ਕਾਮਰੇਡ ਸਤਪਾਲ ਡਾਂਗ, ਕਾਮਰੇਡ ਵਿਮਲਾ ਡਾਂਗ ਅਤੇ ਕਾਮਰੇਡ ਪ੍ਰਦੁਮਣ ਸਿੰਘ ਨੇ ਆਪਣੀ ਕੀਰਤੀ ਨਾਲ ਅੰਮਿ੍ਰਤਸਰ ਸ਼ਹਿਰ ਦੇ ਮਜ਼ਦੂਰ ਅੰਦੋਲਨ ਨੂੰ ਦੇਸ਼ ਪੱਧਰ ਤੇ ਨਾਂਅ ਦਿੱਤਾ ਹੈ। ਇਹਨਾਂ ਆਗੂਆਂ ਨਾਲ ਸ਼ਾਮਲ ਦੂਜੀ ਪਾਲ ਦੇ ਆਗੂਆਂ ਦੇ ਕੰਮ ਨੂੰ ਕਿਸੇ ਵੀ ਤਰ੍ਹਾਂ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਉਹਨਾ ਕਿਹਾ ਕਿ ਅੱਜ ਦੇਸ਼ ਦੇ ਮਜ਼ਦੂਰਾਂ ਅਤੇ ਲੋਕਾਂ ਸਾਹਮਣੇ ਜੋ ਖ਼ਤਰੇ ਹਨ, ਇਹਨਾਂ ਆਗੂਆਂ ਦੀਆਂ ਕੀਤੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈ ਕੇ ਹੀ ਅਸੀਂ ਇਹਨਾਂ ਖ਼ਤਰਿਆਂ ਦਾ ਮੁਕਾਬਲਾ ਕਰ ਸਕਦੇ ਹਾਂ ਅਤੇ ਅੱਗੇ ਵਧ ਸਕਦੇ ਹਾਂ।
ਉਹਨਾ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਲੋਕਾਂ ਨੂੰ ਧਰਮ ਦੇ ਨਾਂਅ ’ਤੇ ਵੰਡ ਕੇ ਅਤੇ ਫਿਰਕੂ ਦੰਗੇ ਕਰਵਾ ਕੇ ਰਾਜ ਕਰਨ ਵਾਲੀ ਨੀਤੀ ’ਤੇ ਕੰਮ ਕਰ ਰਹੀ ਹੈ, ਜੋ ਦੇਸ਼ ਦੀ ਬਰਬਾਦੀ ਦਾ ਰਸਤਾ ਹੈ। ਦੇਸ਼ ਦਾ ਵਿਕਾਸ ਅਤੇ ਦੇਸ਼ ਦੇ ਲੋਕਾਂ ਦੀ ਭਲਾਈ ਆਪਸੀ ਭਾਈਚਾਰਕ ਸਾਂਝ ਨਾਲ ਹੀ ਹੋ ਸਕਦੀ ਹੈ। ਦੇਸ਼ ਦੀ ਦੌਲਤ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੀ ਜਾ ਰਹੀ ਹੈ। ਪਾਰਲੀਮੈਂਟ ਚੋਣਾਂ ਦੇ ਨਤੀਜਿਆਂ ਨਾਲ ਭਾਜਪਾ ਦੀ ਇਕੱਲੀ ਪਾਰਟੀ ਦੇ ਬਹੁਮਤ ਵਾਲੀ ਸਰਕਾਰ ਨਹੀਂ ਬਣੀ। ਅਗਲੀਆ ਪਾਰਲੀਮੈਂਟ ਚੋਣਾਂ ਵਿੱਚ ਲੋਕ ਇਹਨਾਂ ਪਾਸੋਂ ਖਹਿੜਾ ਛੁਡਵਾ ਲੈਣਗੇ, ਪ੍ਰੰਤੂ ਇਸ ਸਮੇਂ ਦੌਰਾਨ ਇਹ ਲੋਕਾਂ ਦਾ ਜ਼ਿਆਦਾ ਨੁਕਸਾਨ ਨਾ ਕਰਨ, ਇਸ ਲਈ ਮਜ਼ਬੂਤ ਅੰਦੋਲਨ ਕੀਤੇ ਜਾਣੇ ਚਾਹੀਦੇ ਹਨ।
ਪੰਜਾਬ ਦੇ ਮਸਲਿਆਂ ਦੀ ਗੱਲ ਕਰਦੇ ਹੋਏ ਉਨ੍ਹਾ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਮਸਲੇ ਜਿਉਂ ਦੇ ਤਿਉਂ ਹੀ ਲਟਕੇ ਪਏ ਹਨ। ਇਹਨਾਂ ਮਸਲਿਆਂ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਸੰਜੀਦਾ ਨਹੀਂ। ਅਮਨ-ਕਾਨੂੰਨ ਅਤੇ ਨਸ਼ਿਆਂ ਦੇ ਮਾਮਲੇ ਵਿਗੜਦੇ ਹੀ ਜਾ ਰਹੇ ਹਨ, ਭਿ੍ਰਸ਼ਟਾਚਾਰ ਸਿਖਰਾਂ ਵੱਲ ਹੈ, ਚੰਡੀਗੜ੍ਹ ਦਾ ਮਸਲਾ ਸਰਕਾਰ ਜਾਣਬੁਝ ਕੇ ਉਲਝਾ ਰਹੀ ਹੈ। ਉਹਨਾ ਕਿਹਾ ਕਿ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ 16 ਦਸੰਬਰ ਨੂੰ ਅੰਮਿ੍ਰਤਸਰ ਵਿਖੇ ਮਾਝਾ ਜ਼ੋਨ ਦੀ ਰੈਲੀ ਕੀਤੀ ਜਾਵੇਗੀ।
ਕਾਮਰੇਡ ਬਰਾੜ ਤੋਂ ਇਲਾਵਾ ਅਮਰਜੀਤ ਸਿੰਘ ਆਸਲ, ਲਖਬੀਰ ਸਿੰਘ ਨਿਜ਼ਾਮਪੁਰ, ਵਿਜੇ ਕੁਮਾਰ, ਰਾਜਿੰਦਰ ਪਾਲ ਕੌਰ, ਦਸਵਿੰਦਰ ਕੌਰ, ਬਲਦੇਵ ਸਿੰਘ ਵੇਰਕਾ, ਬਲਵਿੰਦਰ ਕੌਰ, ਗੁਰਦਿਆਲ ਸਿੰਘ, ਮਹਾਂਬੀਰ ਸਿੰਘ ਗਿੱਲ ਆਦਿ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ।ਇਸ ਮੌਕੇ ਕੁਲਵੰਤ ਰਾਏ ਬਾਵਾ, ਰਕੇਸ਼ ਕਾਂਡਾ, ਬ੍ਰਹਮਦੇਵ ਸ਼ਰਮਾ, ਜਸਬੀਰ ਸਿੰਘ, ਜੈਮਲ ਸਿੰਘ, ਹਰੀਸ਼ ਕੈਲੇ, ਮੋਹਨ ਲਾਲ, ਰਾਜੇਸ਼ ਕੁਮਾਰ, ਪਰਮਜੀਤ ਸਿੰਘ, ਸਤਨਾਮ ਸਿੰਘ, ਸੁਖਵੰਤ ਸਿੰਘ ਤੇ ਗੁਰਬਖ਼ਸ਼ ਕੌਰ ਆਦਿ ਹਾਜ਼ਰ ਸਨ।