ਰਾਹੁਲ ਗਾਂਧੀ ਨੇ 17 ਨਵੰਬਰ ਨੂੰ ਨਿਊ ਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਵਿੱਚ ਇੱਕ ਸਮਾਗਮ ਵਿੱਚ ਕਿਹਾ ਕਿ ਭਾਰਤ ਆਰਥਕ ਤਬਾਹੀ ਦੇ ਕੰਢੇ ‘ਤੇ ਹੈ | ਇਹੀ ਹਕੀਕਤ ਹੈ | ਕੁਝ ਲੋਕ ਇਸ ਨੂੰ ਅਣਦੇਖਾ ਕਰ ਸਕਦੇ ਹਨ, ਮੀਡੀਆ ਵੀ ਇਸ ਨੂੰ ਅਣਦੇਖਾ ਕਰ ਸਕਦਾ ਹੈ | ਭਾਰਤ ਦੇ ਆਰਥਕ ਮਾਡਲ ਨੇ ਲਗਭਗ ਇੱਕ ਦਹਾਕਾ ਪਹਿਲਾਂ ਨਤੀਜੇ ਦੇਣੇ ਬੰਦ ਕਰ ਦਿੱਤੇ ਸਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ‘ਮੇਕ ਇਨ ਇੰਡੀਆ’ ਅਤੇ ‘ਸਟਾਰਟਅੱਪ ਇੰਡੀਆ’ ਪਹਿਲਕਦਮੀਆਂ ਨਾਲ ਖਾਸ ਰੁਜ਼ਗਾਰ ਨਹੀਂ ਪੈਦਾ ਹੋਇਆ | ਭਾਰਤ ਵਰਗੇ ਵਿਸ਼ਾਲ ਦੇਸ਼ ‘ਚ ਰੁਜ਼ਗਾਰ ਦੀ ਸਮੱਸਿਆ ਨੂੰ ਸਿਰਫ ਸੇਵਾ ਖੇਤਰ ਨਾਲ ਹੱਲ ਨਹੀਂ ਕੀਤਾ ਜਾ ਸਕਦਾ | ਭਾਰਤ ਦੀ ਆਰਥਕਤਾ ਦੀ ਅਸਲ ਤਾਕਤ ਛੋਟੇ ਅਤੇ ਦਰਮਿਆਨੇ ਆਕਾਰ ਦੇ ਉਦਯੋਗਾਂ ਅਤੇ ਖੇਤੀਬਾੜੀ ਵਿੱਚ ਹੈ, ਜੋ ਚੋਖਾ ਰੁਜ਼ਗਾਰ ਪੈਦਾ ਕਰਦੇ ਹਨ | ਦੇਸ਼ ਵਿੱਚ ਨਿੱਜੀ ਨਿਵੇਸ਼ ਵਧ ਨਹੀਂ ਰਿਹਾ ਅਤੇ ਗੌਤਮ ਅਡਾਨੀ ਤੇ ਮੁਕੇਸ਼ ਅੰਬਾਨੀ ਦੇ ਕਾਰੋਬਾਰ ਲਗਾਤਾਰ ਫੈਲ ਰਹੇ ਹਨ | ਦੇਸ਼ ਵਿੱਚ ਦੌਲਤ ਕੁਝ ਲੋਕਾਂ ਦੇ ਹੱਥਾਂ ਵਿੱਚ ਇਕੱਠੀ ਹੋ ਰਹੀ ਹੈ | ਰਾਹੁਲ ਨੇ ਭਾਰਤ ਦੀ ਸਥਿਤੀ ਦੀ ਤੁਲਨਾ ਫਰਾਂਸ, ਬ੍ਰਾਜ਼ੀਲ ਅਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਹੋ ਰਹੇ ਸਿਆਸੀ ਅਤੇ ਸਮਾਜੀ ਬਦਲਾਅ ਨਾਲ ਵੀ ਕੀਤੀ | ਭਾਰਤ ਵਿੱਚ ਜੋ ਕੁਝ ਹੋ ਰਿਹਾ ਹੈ, ਉਸ ਨੂੰ ਦੁਨੀਆ ਦੀਆਂ ਹੋਰ ਥਾਵਾਂ ‘ਤੇ ਵਾਪਰ ਰਹੀਆਂ ਘਟਨਾਵਾਂ ਤੋਂ ਅਲੱਗ-ਥਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ | ਬੇਰੁਜ਼ਗਾਰੀ, ਮਹਿੰਗਾਈ, ਸਿੱਖਿਆ ਪ੍ਰਣਾਲੀ ਅਤੇ ਭਿ੍ਸ਼ਟਾਚਾਰ ਪ੍ਰਤੀ ਨੌਜਵਾਨਾਂ ਦੀ ਬੇਚੈਨੀ ਸਿਰਫ ਭਾਰਤ ਤੱਕ ਹੀ ਸੀਮਿਤ ਨਹੀਂ | ਦੁਨੀਆ ਭਰ ਦੇ ਕਈ ਦੇਸ਼ਾਂ ਦੇ ਨੌਜਵਾਨ ਇਨ੍ਹਾਂ ਮੁੱਦਿਆਂ ‘ਤੇ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ | ਦੇਸ਼ ਵਿੱਚ ਕੁਝ ਚੋਣਾਂ ਵਿੱਚ ਪੰਜ ਲੱਖ ਵੋਟਾਂ ਦੇ ਫਰਕ ਨਾਲ ਜਿੱਤਣਾ ਆਮ ਨਜ਼ਰ ਆਇਆ ਹੈ | ਭਾਜਪਾ ਨੇ ਕਾਂਗਰਸ ਪਾਰਟੀ ਨਾਲੋਂ 20, 30, 40, ਅਤੇ ਇੱਥੋਂ ਤੱਕ ਕਿ 50 ਗੁਣਾ ਜ਼ਿਆਦਾ ਖਰਚ ਕੀਤਾ | ਇਹ ਸਾਰਾ ਪੈਸਾ ਕਿੱਥੋਂ ਆਇਆ?
ਭਾਜਪਾ ਦੇ ਕੌਮੀ ਬੁਲਾਰੇ ਪ੍ਰਦੀਪ ਭੰਡਾਰੀ ਨੇ ਦੋਸ਼ ਲਗਾਇਆ ਹੈ ਕਿ ਰਾਹੁਲ ਗਾਂਧੀ ਭਾਰਤ ਦੀ ਤਰੱਕੀ ਅਤੇ ਲੋਕਤੰਤਰ ਨੂੰ ਨਫਰਤ ਕਰਦੇ ਹਨ ਅਤੇ ਵਿਦੇਸ਼ ‘ਚ ਹਰ ਵਾਰ ਦੇਸ਼ ਦੇ ਵਿਰੁੱਧ ਬੋਲਦੇ ਹਨ | ਪ੍ਰਧਾਨ ਮੰਤਰੀ ਹਮੇਸ਼ਾ ਆਪਣੇ ਵਿਦੇਸ਼ੀ ਦੌਰਿਆਂ ਦੌਰਾਨ ਭਾਰਤ ਦੇ ਰਾਸ਼ਟਰੀ ਹਿੱਤਾਂ ਨੂੰ ਤਰਜੀਹ ਦਿੰਦੇ ਹਨ | ਭਾਜਪਾ ਦੇ ਇੱਕ ਹੋਰ ਬੁਲਾਰੇ ਗੌਰਵ ਭਾਟੀਆ ਨੇ ਰਾਹੁਲ ਗਾਂਧੀ ਨੂੰ ਮੀਰ ਜਾਫ਼ਰ ਤੱਕ ਦੱਸ ਦਿੱਤਾ | ਰਾਹੁਲ ਗਾਂਧੀ ਦੀਆਂ ਦਲੀਲਾਂ ਦਾ ਜਵਾਬ ਦੇਣ ਦੀ ਬਜਾਏ ਗੌਰਵ ਭਾਟੀਆ ਅਤੇ ਹੋਰ ਭਾਜਪਾ ਆਗੂ ਨਿੱਜੀ ਹਮਲੇ ਕਰ ਰਹੇ ਹਨ ਜਾਂ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰ ਰਹੇ ਹਨ | ਰਾਹੁਲ ਦਾ ਬਿਆਨ ਆਰਥਕ ਨੀਤੀਆਂ ਦੀ ਆਲੋਚਨਾ ਕਰਨ ਤੱਕ ਸੀਮਤ ਨਹੀਂ, ਉਹ ਮੋਦੀ ਸਰਕਾਰ ਦੀਆਂ ਨੀਤੀਆਂ ਬਾਰੇ ਵਿਆਪਕ ਸਵਾਲ ਉਠਾਉਂਦੇ ਹਨ, ਜੋ ਬੇਰੁਜ਼ਗਾਰੀ, ਨਿਰਮਾਣ, ਨਿੱਜੀ ਨਿਵੇਸ਼, ਆਰਥਕ ਅਸਮਾਨਤਾ, ਚੋਣ ਪ੍ਰਕਿਰਿਆ ਅਤੇ ਸੱਤਾ ਦੇ ਕੇਂਦਰੀਕਰਨ ਨੂੰ ਜੋੜਦੇ ਹਨ | ਇੱਥੇ ਦੋ ਬਿਰਤਾਂਤ ਹਨ | ਰਾਹੁਲ ਗਾਂਧੀ ਜ਼ੋਰ ਦੇ ਕੇ ਕਹਿ ਰਹੇ ਹਨ ਕਿ ਆਰਥਕ ਵਿਕਾਸ ਦੇ ਲਾਭ ਆਮ ਲੋਕਾਂ, ਨੌਜਵਾਨਾਂ ਅਤੇ ਛੋਟੇ ਕਾਰੋਬਾਰਾਂ ਤੱਕ ਨਹੀਂ ਪਹੁੰਚ ਰਹੇ, ਜਦੋਂ ਕਿ ਭਾਜਪਾ ਦਲੀਲ ਦਿੰਦੀ ਹੈ ਕਿ ਦੇਸ਼ ਦਾ ਆਰਥਕ ਵਿਕਾਸ ਮਜ਼ਬੂਤ ਹੈ | ਅਸਲ ਸਵਾਲ ਇਹ ਹੈ ਕਿ ਕੱੁਲ ਘਰੇਲੂ ਉਤਪਾਦਨ (ਜੀ ਡੀ ਪੀ) ਵਿੱਚ ਵਾਧੇ ਦੇ ਲਾਭ ਰੁਜ਼ਗਾਰ ਚਾਹੁਣ ਵਾਲਿਆਂ, ਛੋਟੇ ਉਦਯੋਗਾਂ, ਕਿਸਾਨਾਂ ਅਤੇ ਆਮ ਪਰਵਾਰਾਂ ਤੱਕ ਕਿੰਨੇ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚ ਰਹੇ ਹਨ? ਜੇ ਸਭ ਕੁਝ ਠੀਕ ਹੈ ਤਾਂ ਦੇਸ਼ ਦੇ ਲੋਕ ਬੇਚੈਨ ਕਿਉਂ ਹਨ?



