ਜੈਪੁਰ : ਰਾਜਸਥਾਨ ਦੇ ਝੁੰਝੁਨੂ ਜ਼ਿਲ੍ਹੇ ’ਚ ਡਾਕਟਰਾਂ ਵੱਲੋਂ ਮਿ੍ਰਤਕ ਐਲਾਨੇ ਗਏ ਨੌਜਵਾਨ ਨੇ ਅਗਨੀ ਦਿਖਾਉਣ ਤੋਂ ਪਹਿਲਾਂ ਚਿਖਾ ’ਤੇ ਹਿੱਲਜੁੱਲ ਕਰ ਦਿੱਤੀ। ਜ਼ਿਲ੍ਹਾ ਹਸਪਤਾਲ ਦੇ ਆਈ ਸੀ ਯੂ ’ਚ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਅਨਾਥ, ਬੋਲਾ ਤੇ ਗੂੰਗਾ 25 ਸਾਲਾ ਰੋਹਤਾਸ ਅਨਾਥ ਆਸ਼ਰਮ ’ਚ ਰਹਿੰਦਾ ਸੀ ਤੇ ਬੀਮਾਰ ਹੋਣ ਤੋਂ ਬਾਅਦ ਉਸ ਨੂੰ ਝੁੰਝੁਨੂ ਦੇ ਬੀ ਡੀ ਕੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਵੀਰਵਾਰ ਬਾਅਦ ਦੁਪਹਿਰ 2 ਵਜੇ ਦੇ ਕਰੀਬ ਉਸ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ। ਫਿਰ ਉਸ ਦੀ ਲਾਸ਼ ਨੂੰ ਮੁਰਦਾਘਰ ਵਿਚ ਰੱਖਿਆ ਗਿਆ ਅਤੇ ਰਸਮੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਐਂਬੂਲੈਂਸ ਵਿਚ ਸ਼ਮਸ਼ਾਨਘਾਟ ਲਿਜਾਇਆ ਗਿਆ। ਲਾਸ਼ ਨੂੰ ਚਿਖਾ ’ਤੇ ਰੱਖਿਆ ਗਿਆ ਤਾਂ ਉਸ ਦਾ ਸਾਹ ਚੱਲਣ ਲੱਗਾ ਅਤੇ ਸਰੀਰ ਹਿੱਲਣ ਲੱਗਾ। ਇਹ ਦੇਖ ਕੇ ਉਥੇ ਮੌਜੂਦ ਲੋਕ ਡਰ ਗਏ। ਤੁਰੰਤ ਐਂਬੂਲੈਂਸ ਬੁਲਾ ਕੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਵੀਰਵਾਰ ਰਾਤ ਡੀ ਸੀ ਨੇ ਜੀਂਦ ਦੇ ਨੌਜਵਾਨ ਨੂੰ ਮਿ੍ਰਤਕ ਐਲਾਨਣ ਵਾਲੇ ਡਾਕਟਰ ਯੋਗੇਸ਼ ਜਾਖੜ, ਡਾਕਟਰ ਨਵਨੀਤ ਮੀਲ ਅਤੇ ਡਾਕਟਰ ਸੰਦੀਪ ਪਾਚਰ ਨੂੰ ਮੁਅੱਤਲ ਕਰ ਦਿੱਤਾ।
ਛੱਤੀਸਗੜ੍ਹ ’ਚ 10 ਹੋਰ ਨਕਸਲੀ ਮਾਰੇ
ਸੁਕਮਾ : ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ’ਚ ਸ਼ੁੱਕਰਵਾਰ ਸੁਰੱਖਿਆ ਕਰਮੀਆਂ ਨਾਲ ਹੋਏ ਮੁਕਾਬਲੇ ’ਚ 10 ਨਕਸਲੀ ਮਾਰੇ ਗਏ। ਆਈ ਜੀ ਪੁਲਸ ਬਸਤਰ ਰੇਂਜ ਸੁੰਦਰਰਾਜ ਪੀ ਨੇ ਦੱਸਿਆ ਕਿ ਸਵੇਰੇ ਭੱਜੀ ਥਾਣੇ ਦੇ ਅਧਿਕਾਰ ਖੇਤਰ ਦੇ ਜੰਗਲ ’ਚ ਗੋਲੀਬਾਰੀ ਸ਼ੁਰੂ ਹੋ ਗਈ, ਜਦੋਂ ਜਵਾਨਾਂ ਦੀ ਟੀਮ ਨਕਸਲ ਵਿਰੋਧੀ ਮੁਹਿੰਮ ’ਤੇ ਸੀ।
ਉਨ੍ਹਾ ਦੱਸਿਆ ਕਿ ਮੌਕੇ ਤੋਂ 10 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਇੱਕ ਇੰਸਾਸ ਰਾਈਫਲ, ਇੱਕ ਏ ਕੇ-47 ਰਾਈਫਲ ਅਤੇ ਇਕ ਸੈਲਫ ਲੋਡਿੰਗ ਰਾਈਫਲ ਸਮੇਤ ਹਥਿਆਰਾਂ ਦਾ ਭੰਡਾਰ ਵੀ ਜ਼ਬਤ ਕੀਤਾ ਗਿਆ ਹੈ। ਇਸ ਘਟਨਾ ਦੇ ਨਾਲ ਸੁਕਮਾ ਸਮੇਤ ਸੱਤ ਜ਼ਿਲ੍ਹਿਆਂ ਵਾਲੇ ਛੱਤੀਸਗੜ੍ਹ ਦੇ ਬਸਤਰ ਖੇਤਰ ’ਚ ਇਸ ਸਾਲ ਦੌਰਾਨ ਹੁਣ ਤੱਕ 207 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਇਕ ਦਿਨ ’ਚ 17 ਵਿਕਟਾਂ ਡਿੱਗੀਆਂ
ਪਰਥ : ਆਸਟਰੇਲੀਆ ਤੇ ਭਾਰਤ ਵਿਚਾਲੇ ਪੰਜ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਦੇ ਪਹਿਲੇ ਦਿਨ 17 ਵਿਕਟਾਂ ਡਿੱਗੀਆਂ। ਟਾਸ ਜਿੱਤ ਕੇ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 150 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਸੀ, ਪਰ ਭਾਰਤੀ ਗੇਂਦਬਾਜ਼ਾਂ ਨੇ ਜਵਾਬੀ ਹਮਲਾ ਬੋਲ ਕੇ ਖੇਡ ਖਤਮ ਹੋਣ ਤੱਕ ਆਸਟਰੇਲੀਆ ਦੀਆਂ 7 ਵਿਕਟਾਂ ਸਿਰਫ 67 ਦੌੜਾਂ ਦੇ ਸਕੋਰ ਤੱਕ ਝਟਕਾ ਦਿੱਤੀਆਂ ਸਨ।
ਕਪਤਾਨ ਜਸਪ੍ਰੀਤ ਬੁਮਰਾਹ ਨੇ ਚਾਰ ਵਿਕਟਾਂ ਹਾਸਲ ਕੀਤੀਆਂ। ਆਸਟਰੇਲੀਆ ਦੇ ਜੋਸ ਹੇਜ਼ਲਵੁਡ ਨੇ ਚਾਰ ਭਾਰਤੀ ਖਿਡਾਰੀਆਂ ਨੂੰ ਆਊਟ ਕੀਤਾ। ਪਹਿਲਾ ਮੈਚ ਖੇਡ ਰਹੇ ਨਿਤੀਸ਼ ਰੈਡੀ ਨੇ 41 ਦੌੜਾਂ ਤੇ ਰਿਸ਼ਭ ਪੰਤ ਨੇ 37 ਦੌੜਾਂ ਬਣਾ ਕੇ ਲਾਜ ਰੱਖੀ। ਯਸ਼ਸਵੀ ਜੈਸਵਾਲ ਜ਼ੀਰੋ ’ਤੇ ਆਊਟ ਹੋਇਆ ਅਤੇ ਵਿਰਾਟ ਕੋਹਲੀ 5 ਦੌੜਾਂ ਹੀ ਬਣਾ ਸਕਿਆ।




