ਲਾਹੌਰ : ਅਦਾਰਾ ‘ਤਾਸਮਨ’ ਵੱਲੋਂ ਅਫਰਾ ਬੁਖਾਰੀ ਬੁੱਕ ਕਲੱਬ ਦੇ ਸਹਿਯੋਗ ਨਾਲ ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਆਰਟ ਐਂਡ ਕਲਚਰ, ਲਾਹੌਰ ਵਿਖੇ ਆਲਮੀ ਪੰਜਾਬੀ ਕਾਨਫਰੰਸ ਵਿੱਚ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ‘ਤਾਸਮਨ’ ਦੇ ਪ੍ਰਬੰਧਕੀ ਸੰਪਾਦਕ ਵਰਿੰਦਰ ਅਲੀਸ਼ੇਰ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਕਹਾਣੀਕਾਰ ਖਾਲਿਦ ਹੁਸੈਨ, ਸੁਕੀਰਤ ਆਨੰਦ, ਜਮੀਲ ਅਹਿਮਦ ਪਾਲ, ਸਹਿਜਪ੍ਰੀਤ ਮਾਂਗਟ ਵੱਲੋਂ ਕੀਤੀ ਗਈ। ਸਮਾਗਮ ਵਿੱਚ ਲਹਿੰਦੇ ਪੰਜਾਬ ਦੇ ਦੋ ਨੌਜਵਾਨ ਕਹਾਣੀਕਾਰ ਅਨੁਵਾਦਕ ਤੇ ਚਿੰਤਕ ਪ੍ਰੋਫੈਸਰ ਏਜਾਜ਼ ਅਤੇ ਇਰਫਾਨ ਮਜੀਦ ਨੂੰ ਇੱਕੀ-ਇੱਕੀ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਲਿਖਤਾਂ ਅਤੇ ਮਾਣ-ਸਨਮਾਨ ਵਿੱਚ ਲਹਿੰਦੇ ਪੰਜਾਬ ਦੇ ਸਾਹਿਤਕਾਰਾਂ ਨੂੰ ਬਰਾਬਰ ਮਾਣ ਦੇਣਾ ਬਹੁਤ ਵਧੀਆ ਪਿਰਤ ਹੈ। ਉਹਨਾਂ ਕਿਹਾ ਕਿ ਪ੍ਰੋਫੈਸਰ ਏਜਾਜ਼ ਅਤੇ ਇਰਫਾਨ ਮਜੀਦ ਨੂੰ ਸਨਮਾਨਿਤ ਕਰਨਾ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦਾ ਸਨਮਾਨ ਹੈ ।ਇਹਨਾਂ ਸਾਹਿਤਕਾਰਾਂ ਨੇ ਆਪਣੇ ਸਾਹਿਤਕ ਕਾਰਜਾਂ ਰਾਹੀਂ ਦੋਵਾਂ ਪੰਜਾਬਾਂ ਵਿਚਕਾਰ ਪੁਲ ਵਾਂਗ ਕੰਮ ਕੀਤਾ ਹੈ। ਪ੍ਰਧਾਨਗੀ ਮੰਡਲ ਵੱਲੋਂ ‘ਤਾਸਮਨ’ ਦੇ ਹੁਣ ਤੱਕ ਛਪੇ ਸਾਰੇ ਪੰਦਰਾਂ ਅੰਕ ਰਿਲੀਜ਼ ਕੀਤੇ ਗਏ। ਸਮਾਗਮ ਦਾ ਸੰਚਾਲਨ ਪ੍ਰਸਿੱਧ ਕਹਾਣੀਕਾਰ ਅਤੇ ਐਂਕਰ ਅਲੀ ਉਸਮਾਨ ਬਾਜਵਾ ਅਤੇ ਅਫ਼ਜ਼ਲ ਸਾਹਿਰ ਦੁਆਰਾ ਕੀਤਾ ਗਿਆ। ਇਸ ਮੌਕੇ ਤਾਸਮਨ ਪਰਵਾਰ ਵੱਲੋਂ ਗੁਰਲੀਨ ਕੌਰ ਅਤੇ ਸਹਿਜ ਕੌਰ ਉਚੇਚੇ ਤੌਰ ’ਤੇ ਸ਼ਾਮਲ ਹੋਏ। ਇਸ ਸਮੇਂ ਵਰਿਦਰ ਅਲੀਸ਼ੇਰ ਦੁਆਰਾ ਸੰਪਾਦਿਤ ਪੁਸਤਕ ‘ਕਲਮਾਂ ਦਾ ਕਾਫ਼ਲਾ’ ਰਿਲੀਜ਼ ਕੀਤੀ ਗਈ।



