ਸ੍ਰੀ ਅਕਾਲ ਤਖਤ ਸਾਹਿਬ ਬਖਸ਼ਿੰਦ : ਸੁਖਬੀਰ

0
88

ਮਾਮਲਾ ਛੇਤੀ ਨਿਬੇੜਨ ਲਈ ਜਥੇਦਾਰ ਨੂੰ ਮੁੜ ਅਰਜ਼ੋਈ
ਅੰਮਿ੍ਰਤਸਰ : ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੜ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾ ਦਾ ਮਾਮਲਾ ਛੇਤੀ ਵਿਚਾਰਿਆ ਜਾਵੇ। ਉਨ੍ਹਾ ਕਿਹਾ ਕਿ ਉਹ ਨਿਮਰਤਾ ਸਹਿਤ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖਤ ਵਿਖੇ ਪੇਸ਼ ਹੋਣਾ ਚਾਹੁੰਦੇ ਹਨ।
ਇਸ ਬਾਰੇ ਪੱਤਰ ਉਨ੍ਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਲਿਖਿਆ ਸੀ, ਜਿਹੜਾ ਹੁਣ ਜਨਤਕ ਹੋਇਆ ਹੈ। ਇਸ ਪੱਤਰ ਉੱਪਰ 18 ਨਵੰਬਰ ਦੀ ਮਿਤੀ ਅੰਕਤ ਹੈ। ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਭੇਜੇ ਇਸ ਪੱਤਰ ’ਚ ਸਿਰਫ ਪੰਜ ਸਤਰਾਂ ਹਨ, ਜਿਸ ’ਚ ਉਨ੍ਹਾ ਕਿਹਾ ਕਿ ਸ੍ਰੀ ਅਕਾਲ ਤਖਤ ਵੱਲੋਂ ਉਨ੍ਹਾ ਨੂੰ ਤਨਖਾਹੀਆ ਕਰਾਰ ਦਿੱਤਾ ਹੋਇਆ ਹੈ ਅਤੇ ਇਸ ਦਾ ਉਨ੍ਹਾ ਦੇ ਮਨ ’ਤੇ ਬੇਹੱਦ ਡੂੰਘਾ ਅਸਰ ਹੈ। ਉਨ੍ਹਾ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਮੁੜ ਨਿਮਰਤਾ ਅਤੇ ਸਤਿਕਾਰ ਸਹਿਤ ਬੇਨਤੀ ਕਰ ਰਹੇ ਹਨ ਕਿ ਉਹ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖਤ ’ਤੇ ਪੇਸ਼ ਹੋਣਾ ਚਾਹੁੰਦੇ ਹਨ। ਉਨ੍ਹਾ ਉਮੀਦ ਪ੍ਰਗਟਾਈ ਹੈ ਕਿ ਸ੍ਰੀ ਅਕਾਲ ਤਖਤ ਛੇਵੇਂ ਪਾਤਸ਼ਾਹ ਦਾ ਸਾਜਿਆ ਹੋਇਆ ਕਿਰਪਾਲੂ ਅਤੇ ਬਖਸ਼ਿੰਦ ਅਸਥਾਨ ਹੋਣ ਕਾਰਨ ਉਹ ਉਨ੍ਹਾ ਦੀ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਨਗੇ।
ਉਨ੍ਹਾ ਦਾ ਇਹ ਪੱਤਰ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਪੁੱਜ ਗਿਆ ਹੈ, ਜਿਸ ਦੀ ਪੁਸ਼ਟੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ ਵੱਲੋਂ ਕੀਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਕਦੋਂ ਹੋਵੇਗੀ, ਬਾਰੇ ਉਨ੍ਹਾ ਕਿਹਾ ਕਿ ਇਸ ਸੰਬੰਧੀ ਫੈਸਲਾ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਹੀ ਕੀਤਾ ਜਾਵੇਗਾ। ਸੁਖਬੀਰ ਸਿੰਘ ਬਾਦਲ ਇਸ ਤੋਂ ਪਹਿਲਾਂ ਖੁਦ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਆ ਕੇ ਅਤੇ ਪੱਤਰ ਦੇ ਕੇ ਆਪਣੇ ਮਾਮਲੇ ਨੂੰ ਛੇਤੀ ਵਿਚਾਰਨ ਦੀ ਅਪੀਲ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਜਦੋਂ ਉਨ੍ਹਾ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਤਾਂ ਅਗਲੇ ਦਿਨ ਹੀ ਉਨ੍ਹਾ ਸ੍ਰੀ ਅਕਾਲ ਤਖਤ ਵਿਖੇ ਪੁੱਜ ਕੇ ਆਪਣਾ ਮੁਆਫੀਨਾਮਾ ਦਿੱਤਾ ਸੀ।