ਵਰਧਮਾਨ ਸਟੀਲ ਗਰੁੱਪ 1750 ਕਰੋੜ ਨਾਲ ਪਲਾਂਟ ਲਾਏਗਾ

0
56

ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਸੂਬੇ ਵਿੱਚ 1750 ਕਰੋੜ ਰੁਪਏ ਦੀ ਲਾਗਤ ਨਾਲ ਇਲੈਕਟਿ੍ਰਕ ਆਰਕ ਫਰਨੇਸ ਰੂਟ ਰਾਹੀਂ ਵਿਸ਼ੇਸ਼ ਅਲਾਏ ਸਟੀਲ ਦੇ ਨਿਰਮਾਣ ਲਈ ਗ੍ਰੀਨਫੀਲਡ ਯੂਨਿਟ ਸਥਾਪਤ ਕਰਨ ਲਈ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਡ (ਵੀ.ਐੱਸ.ਐੱਸ.ਐੱਲ.) ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਮੁੱਖ ਮੰਤਰੀ ਨੇ ਵੀ.ਐੱਸ.ਐੱਸ.ਐੱਲ. ਦੇ ਵਾਈਸ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸਚਿਤ ਜੈਨ ਨਾਲ ਮੀਟਿੰਗ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਨਿਵੇਸ਼ ਨੂੰ ਵੱਡਾ ਹੁਲਾਰਾ ਦੇਣ ਲਈ ਵਚਨਬੱਧ ਹੈ। ਉਨ੍ਹਾ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਵੀ.ਐੱਸ.ਐੱਸ.ਐੱਲ. 1750 ਕਰੋੜ ਰੁਪਏ ਦੀ ਲਾਗਤ ਨਾਲ ਇਲੈਕਟਿ੍ਰਕ ਆਰਕ ਫਰਨੇਸ ਰੂਟ ਰਾਹੀਂ ਵਿਸ਼ੇਸ਼ ਅਲਾਏ ਸਟੀਲ ਦੇ ਨਿਰਮਾਣ ਲਈ ਗ੍ਰੀਨਫੀਲਡ ਯੂਨਿਟ ਸਥਾਪਤ ਕਰ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਪ੍ਰਤੀ ਸਾਲ 5 ਲੱਖ ਟਨ ਦੀ ਸਮਰੱਥਾ ਵਾਲਾ ਇਹ ਪ੍ਰੋਜੈਕਟ ਜਪਾਨ ਦੀ ਕੰਪਨੀ ‘ਏਚੀ ਸਟੀਲ ਕਾਰਪੋਰੇਸ਼ਨ’ ਦੇ ਸਹਿਯੋਗ ਨਾਲ 1750 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਤ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਸੂਬੇ ਦੇ 1500 ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮਿਲਣ ਦੀ ਉਮੀਦ ਹੈ ਅਤੇ ਕੰਪਨੀ ਇਸ ਪਲਾਂਟ ਤੋਂ ਗਰੀਨ ਸਟੀਲ ਤਿਆਰ ਕਰੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸੂਬੇ ਅਤੇ ਦੇਸ਼ ਲਈ ਵੱਡਾ ਮਾਲੀਆ ਪੈਦਾ ਕਰੇਗਾ, ਕਿਉਕਿ ਵੱਖ-ਵੱਖ ਜਾਪਾਨੀ/ਯੂਰਪੀਅਨ ਕੰਪਨੀਆਂ ਨੂੰ ਕੁੱਲ ਉਤਪਾਦਨ ਦਾ 20 ਫੀਸਦੀ ਤੋਂ ਵੱਧ ਨਿਰਯਾਤ ਹੋਵੇਗਾ। ਮਾਨ ਨੇ ਕਿਹਾ ਕਿ ਵੀ.ਐੱਸ.ਐੱਸ.ਐੱਲ. ਵਿਸ਼ਵ ਭਰ ਵਿੱਚ ਨਾਮੀ ਕੰਪਨੀ ਹੈ ਅਤੇ ਇਸ ਵੱਕਾਰੀ ਕੰਪਨੀ ਵੱਲੋਂ ਸੂਬੇ ਵਿੱਚ ਕੀਤਾ ਗਿਆ ਵੱਡਾ ਨਿਵੇਸ਼ ਹੋਰ ਕੰਪਨੀਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਉਦਯੋਗ ਅਤੇ ਵਣਜ ਨੂੰ ਹੁਲਾਰਾ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਹੁਣ ਤੱਕ ਸੂਬੇ ਵਿੱਚ ਟਾਟਾ ਸਟੀਲ, ਸਨਾਤਨ ਟੈਕਸਟਾਈਲ ਅਤੇ ਹੋਰ ਵਰਗੀਆਂ ਮੋਹਰੀ ਕੰਪਨੀਆਂ ਦੇ ਨਾਲ ਲੱਗਭੱਗ 86,000 ਕਰੋੜ ਰੁਪਏ ਦਾ ਨਿਵੇਸ਼ ਸੂਬੇ ਵਿੱਚ ਆ ਚੁੱਕਾ ਹੈ।ਇਸ ਮੌਕੇ ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੀ ਹਾਜ਼ਰ ਸਨ।