ਮੁੰਬਈ : ਮਹਾਯੁਤੀ ਦੇ ਹੱਕ ’ਚ ਜਨਤਾ ਨੇ ਭਰਪੂਰ ਵੋਟ ਦਿੱਤਾ ਅਤੇ ਉਨ੍ਹਾਂ ਨੂੰ 223 ਸੀਟਾਂ ਮਿਲੀਆਂ। ਮਹਾਯੁਤੀ ਦੀ ਹਨੇਰੀ ਅੱਗੇ ਮਹਾਂਵਿਕਾਸ ਅਘਾੜੀ ਕਿਤੇ ਨਹੀਂ ਟਿਕੀ। ਉਨ੍ਹਾਂ ਨੂੰ 288 ’ਚੋਂ ਸਿਰਫ਼ 55 ਸੀਟਾਂ ਹੀ ਮਿਲ ਸਕੀਆਂ। ਮਹਾਰਾਸ਼ਟਰ ਦੀ ਸਿਆਸੀ ਬੈਟਲ ਦੇ ਸਭ ਤੋਂ ਵੱਡੇ ਖਿਡਾਰੀ ਤਾਂ ਉਹ ਨੇਤਾ ਬਣ ਕੇ ਸਾਹਮਣੇ ਆਏ, ਜਿਸ ਨੂੰ ਚੋਣ ਰੈਲੀਆਂ ਦੌਰਾਨ ਮੰਚਾਂ ਤੋਂ ਊਧਵ ਠਾਕਰੇ ਅਤੇ ਉਨ੍ਹਾ ਦੇ ਪੁੱਤਰ ਅਦਿੱਤਿਆ ਨੇ ‘ਗੱਦਾਰ’ ਕਹਿ ਕੇ ਵਾਰ-ਵਾਰ ਸੰਬੋਧਨ ਕੀਤਾ, ਪਰ ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਮਹਾਰਸ਼ਟਰ ਦੇ ਲੋਕਾਂ ਨੇ ‘ਗੱਦਾਰ’ ਨੂੰ ਹੀ ਅਸਲੀ ਹੱਕਦਾਰ ਮੰਨ ਲਿਆ।
ਜਿੱਤ ’ਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ। ਉਥੇ ਹੀ ਦੂਜੇ ਪਾਸੇ ਦੇਵੇਂਦਰ ਫੜਨਵੀਸ ਨੇ ਮੁੱਖ ਮੰਤਰੀ ਚਿਹਰੇ ’ਤੇ ਹਾਲੇ ਕੁਝ ਵੀ ਬੋਲਣ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੈ। ਤਿੰਨੇ ਪਾਰਟੀਆਂ ਮਿਲ ਕੇ ਇਸ ’ਤੇ ਫੈਸਲਾ ਲੈਣਗੀਆਂ। ਇਸ ਜਿੱਤ ਲਈ ਮਹਾਰਾਸ਼ਟਰ ਦੀ ਜਨਤਾ ਦਾ ਧੰਨਵਾਦ। ਉਨ੍ਹਾ ਕਿਹਾ ਕਿ ਇਹ ਸਾਡੀ ਨਹੀਂ, ਮਹਾਰਾਸ਼ਟਰ ਦੀ ਜਨਤਾ ਦੀ ਜਿੱਤ ਹੈ। ਮਹਾਂਵਿਕਾਸ ਅਘਾੜੀ ਵੱਲੋਂ ਊਧਵ ਦੀ ਸ਼ਿਵ ਸੈਨਾ ਦੇ ਸਾਂਸਦ ਸੰਜੈ ਰਾਊਤ ਇਨ੍ਹਾਂ ਨਤੀਜਿਆਂ ਤੋਂ ਖੁਸ਼ ਨਹੀਂ ਦਿਖਾਈ ਦਿੱਤੇ। ਉਨ੍ਹਾਂ ਇਸ ’ਤੇ ਸਵਾਲ ਉਠਾਏ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਝਾਰਖੰਡ ਅਤੇ ਮਹਾਰਾਸ਼ਟਰ ਦੇ ਨਤੀਜਿਆਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਐੱਕਸ ’ਤੇ ਲਿਖਿਆ, ‘‘ਝਾਰਖੰਡ ਦੇ ਲੋਕਾਂ ਦਾ ‘ਇੰਡੀਆ’ ਨੂੰ ਵਿਸ਼ਾਲ ਜਨਾਦੇਸ਼ ਦੇਣ ਲਈ ਦਿਲ ਤੋਂ ਧੰਨਵਾਦ। ਮੁੱਖ ਮੰਤਰੀ ਹੇਮੰਤ ਸੋਰੇਨ, ਕਾਂਗਰਸ ਅਤੇ ਝਾਮੂਮੋ ਦੇ ਸਾਰੇ ਵਰਕਰਾਂ ਨੂੰ ਇਸ ਜਿੱਤ ਲਈ ਧੰਨਵਾਦ ਅਤੇ ਸ਼ੁਭਕਾਮਨਾਵਾਂ। ਪ੍ਰਦੇਸ਼ ’ਚ ਗਠਜੋੜ ਦੀ ਇਹ ਜਿੱਤ ਸੰਵਿਧਾਨ ਦੇ ਨਾਲ ਜਲ-ਜੰਗਲ-ਜ਼ਮੀਨ ਦੀ ਸੁਰੱਖਿਆ ਦੀ ਜਿੱਤ ਹੈ।’’ ਉਥੇ ਹੀ ਮਹਾਰਾਸ਼ਟਰ ਦੇ ਨਤੀਜਿਆਂ ’ਤੇ ਸਵਾਲ ਖੜੇ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, ‘ਮਹਾਰਾਸ਼ਟਰ ਦੇ ਨਤੀਜੇ ਨਾ-ਮੰਨਣਯੋਗ ਵਾਲੇ ਹਨ, ਇਨ੍ਹਾਂ ’ਤੇ ਅਸੀਂ ਵਿਸਥਾਰ ਨਾਲ ਵਿਸ਼ਲੇਸ਼ਣ ਕਰਾਂਗੇ। ਸੂਬੇ ਦੇ ਸਾਰੇ ਵੋਟਰਾਂ ਨੂੰ ਉਨ੍ਹਾਂ ਦਾ ਸਮਰਥਨ ਅਤੇ ਸਾਰੇ ਵਰਕਰਾਂ ਨੂੰ ਉਨ੍ਹਾਂ ਦੀ ਮਿਹਨਤ ਲਈ ਧੰਨਵਾਦ।’
ਊਧਵ ਠਾਕਰੇ ਨੇ ਪ੍ਰੈੱਸ ਕਾਨਫਰੰਸ ਕਰਕੇ ਵੋਟਰਾਂ ਨੂੰ ਧੰਨਵਾਦ ਦਿੱਤਾ। ਨਾਲ ਹੀ ਉਨ੍ਹਾ ਮਹਾਯੁਤੀ ਸਰਕਾਰ ’ਤੇ ਨਿਸ਼ਾਨਾ ਲਾਇਆ। ਉਨ੍ਹਾ ਕਿਹਾ, ‘ਇੱਕ ਦੇਸ਼, ਇੱਕ ਚੋਣ, ਇੱਕ ਪਾਰਟੀ, ਇਸ ਤਰ੍ਹਾਂ ਹੀ ਲੱਗਦਾ ਹੈ।’ ਊਧਵ ਠਾਕਰੇ ਨੇ ਕਿਹਾ, ‘ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਸੁਨਾਮੀ ਕਿਉਂ ਆਈ। ਇਸ ’ਤੇ ਖੋਜ ਕਰਨੀ ਹੋਵੇਗੀ।’ ਉਨ੍ਹਾ ਕਿਹਾ, ‘ਕਿਸਾਨ ਪ੍ਰੇਸ਼ਾਨ ਹੈ, ਬੇਰੁਜ਼ਗਾਰੀ ਸਿਖਰਾਂ ’ਤੇ ਹੈ।’ ਸੂਬੇ ’ਚ ਮੁੱਖ ਮੰਤਰੀ ਕੌਣ ਬਣੇਗਾ, ਇਸ ’ਤੇ ਅੰਦਾਜ਼ਾ ਲਾਉਂਦੇ ਹੋਏ ਊਧਵ ਠਾਕਰੇ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਭਾਜਪਾ ਦਾ ਮੁੱਖ ਮੰਤਰੀ ਹੋਵੇਗਾ।’ ਊਧਵ ਠਾਕਰੇ ਨੇ ਸਵਾਲ ਉਠਾਏ ਕਿ ਇਸ ਪ੍ਰਕਾਰ ਦੀ ਸੁਨਾਮੀ ਲਿਆਉਣ ਲਈ ਭਾਜਪਾ ਨੇ ਕੀ ਕੀਤਾ? ਊਧਵ ਠਾਕਰੇ ਨੇ ਇਹ ਵੀ ਕਿਹਾ ਕਿ ਮੈਨੂੰ ਇਸ ਤਰ੍ਹਾਂ ਨਹੀਂ ਲੱਗਦਾ ਕਿ ‘ਬਟੋਗੇ ਤੋ ਕਟੋਗੇ’ ਨੇ ਸੂਬੇ ’ਚ ਕੰਮ ਕੀਤਾ।
ਜਿੱਤ ਤੋਂ ਬਾਅਦ ਹੇਮੰਤ ਨੇ ਆਪਣੀ ਪਤਨੀ ਨੂੰ ਦੱਸਿਆ ‘ਵਨ-ਮੈਨ ਆਰਮੀ’
ਮਹਾਰਾਸ਼ਟਰ ’ਚ ਖਰਾਬ ਪ੍ਰਦਰਸ਼ਨ ਦੌਰਾਨ ਕਾਂਗਰਸ ਅਤੇ ‘ਇੰਡੀਆ’ ਗਠਜੋੜ ਨੂੰ ਝਾਰਖੰਡ ਤੋਂ ਕੁਝ ਰਾਹਤ ਮਿਲੀ ਹੈ। ਝਾਰਖੰਡ ’ਚ ਇੰਡੀਆ ਗਠਜੋੜ ਨੇ ਇੱਕ ਵਾਰ ਫਿਰ ਸੱਤਾ ’ਚ ਵਾਪਸੀ ਕੀਤੀ ਹੈ। ਹੇਮੰਤ ਸੋਰੇਨ ਨੇ ਇਸ ਜਿੱਤ ਦਾ ਕ੍ਰੈਡਿਟ ਆਪਣੀ ਪਤਨੀ ਕਲਪਨਾ ਸੋਰੇਨ ਅਤੇ ਉਨ੍ਹਾ ਦੀ ਟੀਮ ਨੂੰ ਦਿੱਤਾ। ਸੋਰੇਨ ਨੇ ਕਿਹਾ, ‘ਅਸੀਂ ਆਪਣਾ ਹੋਮਵਰਕ ਕਰ ਲਿਆ ਸੀ ਅਤੇ ਆਪਣੇ ਟੀਚੇ ਨਿਰਧਾਰਤ ਕਰ ਲਏ ਸਨ। ਅਸੀਂ ਜਾਣਦੇ ਸੀ ਕਿ ਇੱਥੇ ਬਹੁਤ ਮੁਸ਼ਕਲ ਮੁਕਾਬਲਾ ਹੋਣ ਵਾਲਾ ਹੈ। ਇਸ ਲਈ ਅਸੀਂ ਆਪਣੀ ਟੀਮ ਦੇ ਨਾਲ ਜ਼ਮੀਨ ’ਤੇ ਕੰਮ ਕਰਨ ਲਈ ਨਿਕਲ ਪਏ। ਇਹ ਬੇਹਤਰੀਨ ਟੀਮ ਵਰਕ ਸੀ ਅਤੇ ਅਸੀਂ ਉਹ ਸੰਦੇਸ਼ ਦੇਣਾ ਚਾਹੁੰਦੇ ਸੀ। ਉਨ੍ਹਾ ਕਿਹਾਤੁਸੀਂ ਦੇਖਿਆ ਕਿ ਲੋਕ ਸਭਾ ਚੋਣਾਂ ’ਚ ਅਸੀਂ ਕਿਸ ਤਰ੍ਹਾਂ ਪ੍ਰਦਰਸ਼ਨ ਕੀਤਾ (ਜੇ ਐੱਮ ਐੱਮ-ਕਾਂਗਰਸ ਗਠਜੋੜ ਨੇ ਪੰਜ ਸੀਟਾਂ ਜਿੱਤੀਆਂ ਸਨ।) ਜੇਕਰ ਮੈਂ ਜੇਲ੍ਹ ’ਚੋਂ ਬਾਹਰ ਹੁੰਦਾ ਤਾਂ ਅਸੀਂ ਹੋਰ ਵੀ ਚੰਗਾ ਪ੍ਰਦਰਸ਼ਨ ਕਰਦੇ। ਉਸ ਸਮੇਂ ਮੇਰੀ ਪਤਨੀ ਕਲਪਨਾ ਸੋਰੇਨ ‘ਵਨ ਮੈਨ ਆਰਮੀ’ ਦੇ ਰੂਪ ’ਚ ਕੰਮ ਕਰ ਰਹੀ ਸੀ, ਇਸ ਵਾਰ ਅਸੀਂ ਦੋ ਸਾਂ।
ਪੂਰੀ ਤਾਕਤ ਲਗਾਉਣ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਲੈ ਕੇ ਵੱਡੇ ਵੱਡੇ ਨੇਤਾਵਾਂ ਨੂੰ ਚੋਣ ਪ੍ਰਚਾਰ ’ਚ ਉਤਾਰਨ ਤੋਂ ਬਾਅਦ ਵੀ ਭਾਜਪਾ ਨੂੰ ਇੱਥੇ ਹਾਰ ਦਾ ਸਾਹਮਣਾ ਕਰਨਾ ਪਿਆ। ਝਾਰਖੰਡ ’ਚ ਵਿਧਾਨ ਸਭਾ ਦੀਆ 81 ਸੀਟਾਂ ਹਨ ਅਤੇ ਇਸ ਸੂਬੇ ’ਚ 13 ਨਵੰਬਰ ਅਤੇ 20 ਨਵੰਬਰ ਨੂੰ ਦੋ ਗੇੜਾਂ ’ਚ ਵੋਟਿੰਗ ਹੋਈ ਸੀ। ਸੂਬੇ ’ਚ ਸਰਕਾਰ ਬਣਾਉਣ ਲਈ ਜ਼ਰੂਰੀ ਅੰਕੜਾ 45 ਹੈ। ‘ਇੰਡੀਆ’ ਗਠਜੋੜ ਇੱਥੇ ਇੱਕ ਵਾਰ ਫਿਰ ਤੋਂ ਸਰਕਾਰ ਬਣਾਉਣ ਜਾ ਰਿਹਾ ਹੈ।
ਭਾਜਪਾ ਨੇ ਸੂਬੇ ’ਚ ਕਥਿਤ ਰੂਪ ਨਾਲ ਹੋਰ ਰਹੀ ਬੰਗਲਾਦੇਸ਼ੀ ਅਤੇ ਰੋਹਿੰਗਿਆ ਦੀ ਘੁਸਪੈਠ ਨੂੰ ਮੁੱਦਾ ਬਣਾਇਆ, ਪਰ ਚੋਣ ਨਤੀਜਿਆਂ ਤੋਂ ਸਾਫ਼ ਹੈ ਕਿ ਇਹ ਕਾਰਡ ਨਹੀਂ ਚੱਲਿਆ। ਦੂਜੇ ਪਾਸੇ ਝਾਮੂਮੋ ਅਤੇ ਇੰਡੀਆ ਗਠਜੋੜ ’ਚ ਸ਼ਾਮਲ ਬਾਕੀ ਦਲਾਂ ਨੇ ਸੋਰੇਨ ਸਰਕਾਰ ਦੀਆਂ ਉਪਲੱਬਧੀਆਂ ਨੂੰ ਮੱਦਾ ਬਣਾਇਆ।
ਝਾਰਖੰਡ ’ਚ ਭਾਜਪਾ ਨੇ ਨਵੀਂਆਂ ਸੀਟਾਂ ਜਿੱਤਣ ’ਤੇ ਫੋਕਸ ਕੀਤਾ ਅਤੇ 11 ਨਵੀਂਆਂ ਸੀਟਾਂ ਜਿੱਤੀਆਂ, ਪਰ 14 ਇਸ ਤਰ੍ਹਾਂ ਦੀਆਂ ਗੁਆ ਦਿੱਤੀਆਂ, ਜਿੱਥੇ 2019 ’ਚ ਜਿੱਤ ਮਿਲੀ ਸੀ। ਦੂਜੇ ਪਾਸੇ ਝਾਰਖੰਡ ਮੁਕਤੀ ਮੋਰਚਾ ਨੇ 30 ’ਚੋਂ 25 ਸੀਟਾਂ ਰਿਟੇਨ ਕੀਤੀਆਂ। ਇਸ ਤੋਂ ਇਲਾਵਾ 8 ਨਵੀਂਆਂ ਸੀਟਾਂ ਵੀ ਜਿੱਤੀਆਂ। ਕਾਂਗਰਸ ਨੇ 16 ’ਚੋਂ 11 ਸੀਟਾਂ ਬਰਕਰਾਰ ਰੱਖੀਆਂ ਅਤੇ 5 ਨਵੀਂਆਂ ਸੀਟਾਂ ਵੀ ਜਿੱਤੀਆਂ। ਝਾਰਖੰਡ ਨੂੰ 5 ਪਾਲੀਟੀਕਲ ਜ਼ੋਨਾਂ ’ਚ ਵੰਡਿਆ ਜਾਂਦਾ ਹੈ। ਭਾਜਪਾ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਆਪਣੇ ਗੜ੍ਹ ਮੰਨੇ ਜਾਂਦੇ ਛੋਟਾ ਨਾਗਪੁਰ ਇਲਾਕੇ ’ਚ ਹੋਇਆ। ਭਾਜਪਾ ਪ੍ਰਦੇਸ਼ ਪ੍ਰਧਾਨ ਬਾਬੂਲਾਲ ਮਰਾਂਡੀ ਇੱਥੋਂ ਹੀ ਆਉਂਦੇ ਹਨ। ਇਸ ਤੋਂ ਇਲਾਵਾ ਆਦਿਵਾਸੀ ਗਿਣਤੀ ਸੰਥਾਲ ਪਰਗਨਾ ’ਚ ਭਾਜਪਾ ਲਗਭਗ ਸਾਫ਼ ਹੋ ਗਈ। ਚੰਪਾਈ ਸੋਰੇਨ ਦੇ ਇਲਾਕੇ ਕੋਲਹਾਨ ’ਚ ਭਾਜਪਾ 2 ਨਵੀਂਆਂ ਸੀਟਾਂ ਜਿੱਤ ਸਕੀ। ਝਾਰਖੰਡ ਮੁਕਤੀ ਮੋਰਚਾ ਨੇ ਆਦਿਵਾਸੀ ਗਿਣਤੀ ਵਾਲੇ ਸੰਥਾਲ ਪਰਗਨਾ ਅਤੇ ਕੋਲਹਾਨ ਦਾ ਗੜ੍ਹ ਬਰਕਰਾਰ ਰੱਖਿਆ, ਨਾਲ ਹੀ ਛੋਟਾ ਨਾਗਪੁਰ ’ਚ 6 ਨਵੀਂਆਂ ਸੀਟਾਂ ਜਿੱਤੀਆਂ।





