ਲਖਨਊ : ਮਹਾਰਾਸ਼ਟਰ ਤੇ ਝਾਰਖੰਡ ਅਸੰਬਲੀ ਅਤੇ ਯੂ ਪੀ ’ਚ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਐਤਵਾਰ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਉਦੋਂ ਤੱਕ ਦੇਸ਼ ’ਚ ਕੋਈ ਵੀ ਜ਼ਿਮਨੀ ਚੋਣ ਨਹੀਂ ਲੜੇਗੀ, ਜਦੋਂ ਤੱਕ ਚੋਣ ਕਮਿਸ਼ਨ ਇਨ੍ਹਾਂ ਚੋਣਾਂ ’ਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦਾ ਭਰੋਸਾ ਨਹੀਂ ਦਿੰਦਾ। ਬਸਪਾ ਪ੍ਰਧਾਨ ਨੇ ਦੋਸ਼ ਲਾਇਆ ਕਿ ਯੂ ਪੀ ਦੀਆਂ ਜ਼ਿਮਨੀ ਚੋਣਾਂ ਦੌਰਾਨ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਯੂ ਪੀ ਅਸੰਬਲੀ ਦੀਆਂ ਨੌਂ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ’ਚ ਇਹ ਆਮ ਚਰਚਾ ਰਹੀ ਕਿ ਇਨ੍ਹਾਂ ਵਿਚ ਈ ਵੀ ਐੱਮ ਵਿਚ ਹੇਰ-ਫੇਰ ਕਰਕੇ ਵੋਟਾਂ ਪਵਾਈਆਂ ਗਈਆਂ। ਉਨ੍ਹਾ ਕਿਹਾ ਕਿ ਪਹਿਲਾਂ ਬੈਲਟ ਪੇਪਰ ਰਾਹੀਂ ਦੁਰਵਰਤੋਂ ਹੋਣ ਦੀਆਂ ਗੱਲਾਂ ਹੁੰਦੀਆਂ ਸਨ, ਪਰ ਹੁਣ ਈ ਵੀ ਐੱਮ ’ਚ ਵੀ ਅਜਿਹਾ ਹੀ ਕੀਤਾ ਜਾ ਰਿਹਾ ਹੈ, ਜਿਹੜਾ ਲੋਕਤੰਤਰ ’ਚ ਗਲਤ ਹੈ। ਹੁਣ ਮਹਾਰਾਸ਼ਟਰ ਦੇ ਚੋਣ ਨਤੀਜਿਆਂ ’ਤੇ ਵੀ ਸਵਾਲ ਉਠਾਏ ਜਾ ਰਹੇ ਹਨ। ਇਹ ਦੇਸ਼ ਲਈ ਚਿੰਤਾਜਨਕ ਹੈ। ਇਸ ਕਰਕੇ ਉਨ੍ਹਾਂ ਦੀ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਦੇਸ਼ ਦਾ ਚੋਣ ਕਮਿਸ਼ਨ ਇਸ ਸਥਿਤੀ ਨੂੰ ਰੋਕਣ ਲਈ ਕੁਝ ਸਖਤ ਕਦਮ ਨਹੀਂ ਚੁੱਕਦਾ, ਉਦੋਂ ਤੱਕ ਉਨ੍ਹਾਂ ਦੀ ਪਾਰਟੀ ਕੋਈ ਵੀ ਜ਼ਿਮਨੀ ਚੋਣ ਨਹੀਂ ਲੜੇਗੀ।





