ਬਰੇਲੀ : ਜੀ ਪੀ ਐੱਸ ਸਿਸਟਮ ਦੇ ਭਰੋਸੇ ਆਪਣੀ ਮੰਜ਼ਲ ਤੱਕ ਪਹੁੰਚਣ ਦੀ ਕੋਸ਼ਿਸ਼ ਕਿਸੇ ਦੀ ਜ਼ਿੰਦਗੀ ਦਾ ਆਖਰੀ ਪਲ ਵੀ ਹੋ ਸਕਦਾ ਹੈ। ਉਤਰ ਪ੍ਰਦੇਸ਼ ’ਚ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਨਾਲ ਵਿਆਹ ਸਮਾਰੋਹ ’ਚ ਜਾ ਰਹੇ ਕਾਰ ’ਚ ਸਵਾਰ 3 ਦੋਸਤਾਂ ਦੀ ਮੌਤ ਹੋ ਗਈ। ਪਰਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਹਾਦਸਾ ਜੀ ਪੀ ਐਸ ਸਿਸਟਮ ਦੇ ਚਲਦੇ ਹੋਏ ਹੋਇਆ, ਕਿਉਂਕਿ ਕਾਰ ਜੀ ਪੀ ਐਸ ਸਿਸਟਮ ਦੇ ਸਹਾਰੇ ਜਾ ਰਹੀ ਸੀ। ਹਾਲਾਂਕਿ ਹਾਦਸਾ ਜੀ ਪੀ ਐੱਸ ਸਿਸਟਮ ਦੇ ਚਲਦੇ ਹੋਇਆ ਜਾ ਨਹੀਂ, ਇਸ ਨੂੰ ਲੈ ਕੇ ਪੁਲਸ ਨੇ ਬਿਆਨ ਜਾਰੀ ਨਹੀਂ ਕੀਤਾ।
ਪੁਲਸ ਦਾ ਕਹਿਣਾ ਹੈ ਕਿ ਰਾਮਗੰਗਾ ਪੁਲ ਦੇ ਨੇੜੇ ਇੱਕ ਗੱਡੀ ਪੁਲ ਤੋਂ ਡਿਗ ਕੇ ਹਾਦਸਾਗ੍ਰਸਤ ਹੋ ਗਈ। ਸੂਚਨਾ ’ਤੇ ਫਰੀਦਪੁਰ ਅਤੇ ਦਾਤਾਗੰਜ ਬਦਾਯੂੰ ਦੀ ਪੁਲਸ ਮੌਕੇ ’ਤੇ ਪਹੁੰਚੀ ਤੇ ਮੌਕੇ ਤੋਂ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।
ਪੁਲਸ ਨੇ ਦੱਸਿਆ ਕਿ ਪੁਲ ਤੋਂ ਕਾਰ ਥੱਲੇ ਡਿਗਣ ਦੀ ਸੂਚਨਾ ਪਿੰਡ ਵਾਸੀਆਂ ਨੇ ਦਿੱਤੀ। ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕੱਢਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਤਿੰਨੇ ਕਾਰ ਸਵਾਰ ਮੈਨਪੁਰੀ ਨਿਵਾਸੀ ਕੌਸ਼ਲ ਕੁਮਾਰ, ਫਰੂਖਾਬਾਦ ਦੇ ਵਿਵੇਕ ਕੁਮਾਰ ਅਤੇ ਅਮਿਤ ਸਨ। ਕਾਰ ਦਾਤਾਗੰਜ ਵੱਲ ਜਾ ਰਹੀ ਸੀ। ਇਸ ਦੌਰਾਨ ਕਾਰ ਅਧੂਰੇ ਪੁਲ ’ਤੇ ਚੜ੍ਹ ਗਈ ਅਤੇ ਫਿਰ ਪੁਲ ਖ਼ਤਮ ਹੁੰਦੇ ਹੀ ਕਾਰ ਨਦੀ ’ਚ ਡਿਗ ਗਈ।