ਮਹੂਰਤ ਤੋਂ ਪਹਿਲਾਂ ਹੀ ਸੜ ਗਿਆ ਰੈਸਟੋਰੈਂਟ

0
133

ਭੁੱਚੋ ਮੰਡੀ : ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਆਦੇਸ਼ ਹਸਪਤਾਲ ਭੁੱਚੋ ਕਲਾਂ ਸਾਹਮਣੇ ਨਵੇਂ ਬਣੇ ਮਹਿਫੀਲੀਓ ਰੈਸਟੋਰੈਂਟ ’ਚ ਐਤਵਾਰ ਸਵੇਰੇ ਅੱਗ ਨਾਲ ਵੱਡਾ ਨੁਕਸਾਨ ਹੋ ਗਿਆ। ਇਸ ਮੌਕੇ ਸੌਂ ਰਹੇ ਰੈਸਟੋਰੈਂਟ ਦੇ ਛੇ ਕਰਮਚਾਰੀਆਂ ਨੇ ਗੁਆਂਢੀਆਂ ਦੇ ਸਹਿਯੋਗ ਨਾਲ ਬਾਹਰ ਨਿਕਲ ਕੇ ਜਾਨ ਬਚਾਈ। ਭੁੱਚੋ ਮੰਡੀ ਅਤੇ ਬਠਿੰਡਾ ਤੋਂ ਪਹੁੰਚੀਆਂ ਅੱਗ ਬੁਝਾਊ ਗੱਡੀਆਂ ਦੇ ਅਮਲੇ ਨੇ ਭਾਰੀ ਮੁਸ਼ੱਕਤ ਦੇ ਬਾਅਦ ਅੱਗ ’ਤੇ ਕਾਬੂ ਪਾਇਆ। ਉਸ ਸਮੇਂ ਤੱਕ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਸੀ। ਨਵੇਂ ਬਣੇ ਇਸ ਰੈਸਟੋਰੈਂਟ ਦਾ ਮਹੂਰਤ ਛੇ ਦਸੰਬਰ ਨੂੰ ਹੋਣਾ ਸੀ। ਸ਼ਨੀਵਾਰ ਰਾਤ ਇੱਥੇ ਪਾਰਟੀ ਰੱਖੀ ਗਈ ਸੀ ਤੇ ਸਵੇਰੇ ਸਭ ਕੁਝ ਖਤਮ ਹੋ ਗਿਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ। ਰੈਸਟੋਰੈਂਟ ਦੇ ਮਾਲਕ ਵਿਪਨ ਬਾਂਸਲ ਅਤੇ ਉਸ ਦੇ ਪੁੱਤਰ ਵਰੁਣ ਬਾਂਸਲ ਨੇ ਦੱਸਿਆ ਕਿ ਉਹ ਅੱਗ ਲੱਗਣ ਤੋਂ ਦੋ ਘੰਟੇ ਪਹਿਲਾਂ ਹੀ ਰੈਸਟੋਰੈਂਟ ਬੰਦ ਕਰਵਾ ਕੇ ਘਰ ਆਏ ਸਨ। ਇਸ ਰੈਸਟੋਰੈਂਟ ਨੂੰ ਸ਼ਾਨਦਾਰ ਬਣਾਉਣ ਲਈ ਉਨ੍ਹਾਂ ਨੇ ਭਾਰੀ ਰਕਮ ਖਰਚ ਕੀਤੀ ਸੀ, ਜੋ ਮਿੱਟੀ ’ਚ ਮਿਲ ਗਈ। ਮੁਲਾਜ਼ਮ ਅਮਿਤ ਕੁਮਾਰ ਨੇ ਦੱਸਿਆ ਕਿ ਪਾਰਟੀ ਖਤਮ ਹੋਣ ਤੋਂ ਬਾਅਦ ਉਹ ਅਤੇ ਉਸ ਦੇ ਸਾਥੀ ਉਪਰਲੀ ਮੰਜ਼ਿਲ ’ਤੇ ਬਣੇ ਕਮਰਿਆਂ ’ਚ ਸੌਂ ਗਏ ਸਨ। ਕੁਝ ਦੇਰ ਬਾਅਦ ਗੁਆਂਢੀ ਨੇ ਫੋਨ ਕਰਕੇ ਉਸ ਨੂੰ ਦੱਸਿਆ ਕਿ ਰੈਸਟੋਰੈਂਟ ਵਿੱਚੋਂ ਧੂੰਆਂ ਨਿਕਲ ਰਿਹਾ ਹੈ। ਜਦੋਂ ਉਨ੍ਹਾਂ ਨੇ ਦੇਖਿਆ ਤਾਂ ਪੂਰੀ ਇਮਾਰਤ ’ਚ ਧੂੰਆਂ ਫੈਲਿਆ ਹੋਇਆ ਸੀ। ਇਹ ਸਭ ਕੁਝ ਦੇਖ ਕੇ ਉਹ ਘਬਰਾ ਗਏ ਅਤੇ ਆਪਣੀ ਆਪਣੀ ਜਾਨ ਬਚਾਉਣ ਲਈ ਭੱਜ ਗਏ। ਇਸ ਦੌਰਾਨ ਗੁਆਂਢੀਆਂ ਦੇ ਸਹਿਯੋਗ ਸਦਕਾ ਉਹ ਬਾਲਕੋਨੀ ਜ਼ਰੀਏ ਬਾਹਰ ਨਿਕਲੇ। ਬਠਿੰਡਾ ਛਾਉਣੀ ਦੀ ਪੁਲਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।