18 C
Jalandhar
Sunday, November 24, 2024
spot_img

ਖੁਸ਼ਫਹਿਮੀ ਲੈ ਬੈਠੀ

ਹਰਿਆਣਾ ਤੋਂ ਬਾਅਦ ਮਹਾਰਾਸ਼ਟਰ ਅਸੰਬਲੀ ਚੋਣਾਂ ’ਚ ਕਾਂਗਰਸ ਦੀ ਅਗਵਾਈ ਵਾਲੇ ਗੱਠਜੋੜ ਮਹਾ ਵਿਕਾਸ ਅਘਾੜੀ ਦੀ ਹੋਈ ਦੁਰਗਤ ਨਾਲ ਲੋਕ ਸਭਾ ਚੋਣਾਂ ਵਿੱਚ ਸੀਟਾਂ ਵਧਣ ਤੋਂ ਬਾਅਦ ਕਾਂਗਰਸ ਦੀਆਂ ਭਾਜਪਾ-ਵਿਰੋਧੀ ਕੌਮੀ ਸਿਆਸਤ ਦੀ ਧੁਰੀ ਬਣਨ ਦੀਆਂ ਕੋਸ਼ਿਸ਼ਾਂ ਨੂੰ ਤਕੜਾ ਝਟਕਾ ਲੱਗਾ ਹੈ। ਇਸ ਲਈ ਖੁਦ ਕਾਂਗਰਸ ਹੀ ਮੁੱਖ ਤੌਰ ’ਤੇ ਜ਼ਿੰਮੇਵਾਰ ਹੈ। ਹਿਮਾਚਲ, ਕਰਨਾਟਕ, ਤਿਲੰਗਾਨਾ ਅਸੰਬਲੀ ਚੋਣਾਂ ਜਿੱਤ ਲੈਣ ਅਤੇ ਲੋਕ ਸਭਾ ਚੋਣਾਂ ਵਿੱਚ ਕੁਝ ਸੀਟਾਂ ਵਧਾ ਲੈਣ ਤੋਂ ਬਾਅਦ ਇਸ ਨੇ ਇੰਡੀਆ ਗੱਠਜੋੜ ਵਿੱਚ ਸ਼ਾਮਲ ਪਾਰਟੀਆਂ ਦੇ ਯੋਗਦਾਨ ਨੂੰ ਭੁਲਾ ਕੇ ਇਕੱਲਿਆਂ ਹੀ ਭਾਜਪਾ ਨੂੰ ਢਾਹ ਲੈਣ ਦਾ ਵਹਿਮ ਪਾਲ ਲਿਆ। ਝਾਰਖੰਡ ’ਚ ਅਸੰਬਲੀ ਚੋਣਾਂ ਵਿੱਚ ਗੱਠਜੋੜ ਇਸ ਕਰਕੇ ਮੁੜ ਸੱਤਾ ’ਚ ਆਉਣ ’ਚ ਸਫਲ ਹੋਇਆ, ਕਿਉਕਿ ਹੇਮੰਤ ਸੋਰੇਨ ਦੀ ਅਗਵਾਈ ਵਾਲੇ ਝਾਰਖੰਡ ਮੁਕਤੀ ਮੋਰਚੇ ਨੇ ਇੰਡੀਆ ਗੱਠਜੋੜ ਦਾ ਧਰਮ ਨਿਭਾਉਦਿਆਂ ਕਾਂਗਰਸ, ਰਾਸ਼ਟਰੀ ਜਨਤਾ ਦਲ ਤੇ ਸੀ ਪੀ ਆਈ (ਐੱਮ ਐੱਲ) ਨੂੰ ਲੋੜੀਂਦੀਆਂ ਸੀਟਾਂ ਛੱਡ ਕੇ ਇਕਜੁੱਟਤਾ ਨਾਲ ਚੋਣ ਲੜੀ। ਮਹਾਰਾਸ਼ਟਰ ਵਿਚ ਕਾਂਗਰਸ ਨੇ ਖੱਬੀਆਂ ਪਾਰਟੀਆਂ ਦੀ ਪਰਵਾਹ ਨਹੀਂ ਕੀਤੀ। ਹੋਰਨਾਂ ਰਾਜਾਂ ਦੀਆਂ ਜ਼ਿਮਨੀ ਚੋਣਾਂ ਵਿੱਚ ਵੀ ਖੱਬੀਆਂ, ਸੈਕੂਲਰ ਤੇ ਆਦਿਵਾਸੀ ਪਾਰਟੀਆਂ ਨਾਲ ਤਾਲਮੇਲ ਬਿਠਾਉਣ ਦੀ ਜ਼ਹਿਮਤ ਨਹੀਂ ਉਠਾਈ। ਪੰਜਾਬ ਵਿੱਚ ਖੱਬੀਆਂ ਪਾਰਟੀਆਂ ਨੂੰ ਸਾਥ ਦੇਣ ਤੱਕ ਦੀ ਅਪੀਲ ਵੀ ਨਹੀਂ ਕੀਤੀ। ਨਤੀਜੇ ਵਜੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮਿ੍ਰਤਾ ਵੜਿੰਗ ਗਿੱਦੜਬਾਹਾ ਅਸੰਬਲੀ ਹਲਕੇ ਦੀ ਜ਼ਿਮਨੀ ਚੋਣ, ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਡੇਰਾ ਬਾਬਾ ਨਾਨਕ ਦੀ ਜ਼ਿਮਨੀ ਚੋਣ ਹਾਰ ਗਈਆਂ। ਬਰਨਾਲਾ ’ਚ ਕਾਂਗਰਸ ਦਾ ਉਮੀਦਵਾਰ ਕੁਲਦੀਪ ਸਿੰਘ ਉਰਫ ਕਾਲਾ ਢਿੱਲੋਂ 2157 ਵੋਟਾਂ ਨਾਲ ਹੀ ਜਿੱਤ ਸਕਿਆ। ਕਾਲਾ ਢਿੱਲੋਂ ਨੇ ਟੱਕਰ ਕਾਂਟੇ ਦੀ ਹੋਣ ਨੂੰ ਭਾਂਪਦਿਆਂ ਹੋਰਨਾਂ ਤੋਂ ਇਲਾਵਾ ਖੱਬੀ ਸੋਚ ਵਾਲੇ ਲੋਕਾਂ ਤੱਕ ਵੀ ਪਹੁੰਚ ਕੀਤੀ ਸੀ ਤੇ ਵੋਟਾਂ ਲਈ ਅਪੀਲ ਕੀਤੀ ਸੀ। ਕਾਂਗਰਸ ਦੇ ਵੱਡੇ ਆਗੂ ਤਾਂ ਖੁਸ਼ਫਹਿਮੀ ਵਿੱਚ ਹੀ ਰਹੇ। ਕਾਂਗਰਸ ਨੇ ਅਜਿਹਾ ਰਵੱਈਆ ਹੋਰਨਾਂ ਰਾਜਾਂ ਦੀਆਂ ਜ਼ਿਮਨੀ ਚੋਣਾਂ ਵਿੱਚ ਵੀ ਅਪਣਾਇਆ। ਨਤੀਜੇ ਵਜੋਂ ਆਸਾਮ, ਰਾਜਸਥਾਨ, ਗੁਜਰਾਤ ’ਚ ਸੀਟਾਂ ਗੁਆਈਆਂ ਤੇ ਪੱਛਮੀ ਬੰਗਾਲ ’ਚ ਖੱਬੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਮੁਕਾਬਲੇ ਆਪਣੇ ਉਮੀਦਵਾਰ ਖੜ੍ਹੇ ਕਰਕੇ ਤਿ੍ਰਣਮੂਲ ਕਾਂਗਰਸ ਦੀ ਜਿੱਤ ਆਸਾਨ ਕੀਤੀ।
ਲਗਪਗ ਢਾਈ ਦਰਜਨ ਆਪੋਜ਼ੀਸ਼ਨ ਪਾਰਟੀਆਂ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਕੋਸ਼ਿਸ਼ ਵਜੋਂ ਬੇਂਗਲੁਰੂ ਦੀ ਮੀਟਿੰਗ ’ਚ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ-ਇੰਡੀਆ (ਭਾਰਤੀ ਰਾਸ਼ਟਰੀ ਵਿਕਾਸਸ਼ੀਲ ਸਮਾਵੇਸ਼ੀ ਗੱਠਬੰਧਨ) ਦਾ ਗਠਨ ਕੀਤਾ ਸੀ। ਉਦੋਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਸੀ ਕਿ ਗੱਠਬੰਧਨ ਦੀ ਵਿਚਾਰਧਾਰਾ ਵਿਕਾਸਵਾਦ, ਸਮਾਵੇਸ਼ਿਤਾ ਤੇ ਸਮਾਜੀ ਨਿਆਂ ਦੇ ਸਿਧਾਂਤਾਂ ਦੁਆਲੇ ਘੁੰਮਦੀ ਹੈ। ਆਪਣੇ ਜਤਨਾਂ ਨੂੰ ਮਿਲਾ ਕੇ ਮੈਂਬਰ ਪਾਰਟੀਆਂ ਦਾ ਉਦੇਸ਼ ਜਮਹੂਰੀ ਕਦਰਾਂ-ਕੀਮਤਾਂ ਦੀ ਰਾਖੀ ਕਰਨਾ, ਭਲਾਈ ਤੇ ਪ੍ਰਗਤੀ ਨੂੰ ਬੜ੍ਹਾਵਾ ਦੇਣਾ ਤੇ ਉਸ ਵਿਚਾਰਧਾਰਾ ਦਾ ਮੁਕਾਬਲਾ ਕਰਨਾ ਹੈ, ਜਿਹੜੀ ਭਾਰਤ ਦੇ ਵਿਚਾਰ ਨੂੰ ਖਤਰੇ ਵਿੱਚ ਪਾਉਦੀ ਹੈ। ਲੋਕ ਸਭਾ ਚੋਣਾਂ ਵਿੱਚ ਇਸ ਗੱਠਬੰਧਨ ਨੇ ਭਾਜਪਾ ਨੂੰ ਸਪੱਸ਼ਟ ਬਹੁਮਤ ਹਾਸਲ ਕਰਨ ਤੋਂ ਰੋਕ ਦਿੱਤਾ। ਕਾਂਗਰਸ ਦੀਆਂ ਸੀਟਾਂ ਵਧ ਕੇ 99 ਤੱਕ ਪੁੱਜ ਗਈਆਂ। ਹਾਲਾਂਕਿ ਗੱਠਬੰਧਨ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਰੋਕ ਨਹੀਂ ਸਕਿਆ ਪਰ ਕਾਂਗਰਸ ਨੇ ਅਗਲੀਆਂ ਚੋਣਾਂ ਵਿੱਚ ਗੱਠਬੰਧਨ ਦੀਆਂ ਪਾਰਟੀਆਂ ਨਾਲ ਸਮਾਵੇਸ਼ੀ ਵਾਲਾ ਸਿਧਾਂਤ ਨਿਭਾਉਣ ਦੀ ਥਾਂ ਇਕੱਲੇ ਭਾਜਪਾ ਨੂੰ ਢਾਹ ਲੈਣ ਦਾ ਵਹਿਮ ਪਾਲ ਲਿਆ। ਹਰਿਆਣਾ ਅਸੰਬਲੀ ਚੋਣਾਂ ਦੀ ਹਾਰ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਕਾਂਗਰਸ ‘ਇੰਡੀਆ ਧਰਮ’ ਨਿਭਾਏਗੀ ਪਰ ਉਹ ਵਹਿਮ ਵਿੱਚੋਂ ਨਿਕਲ ਨਹੀਂ ਸਕੀ। ਜੋ ਉਸ ਨੇ ਮਹਾਰਾਸ਼ਟਰ ਵਿੱਚ ਦੁਰਗਤ ਕਰਾਈ ਹੈ, ਉਹ ਸਭ ਦੇ ਸਾਹਮਣੇ ਹੈ। ਕਾਂਗਰਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਵੱਡੇ ਕਾਰਪੋਰੇਟ ਘਰਾਣਿਆਂ ਦੇ ਸਹਾਰੇ ਚੋਣਾਂ ਲੜਨ ਵਾਲੀ ਭਾਜਪਾ ਨੂੰ ਹਰਾਉਣਾ ਉਸ ਦੇ ਵੱਸ ਦਾ ਰੋਗ ਨਹੀਂ। ਹਰ ਰਾਜ ਦੀ ਨਿੱਕੀ ਤੋਂ ਨਿੱਕੀ ਪਾਰਟੀ ਅਤੇ ਜਨਤਕ ਜਥੇਬੰਦੀਆਂ ਨੂੰ ਨਾਲ ਲੈ ਕੇ ਹੀ ਮੋਦੀ ਰਾਜ ਤੋਂ ਪਿੱਛਾ ਛੁਡਾਇਆ ਜਾ ਸਕਦਾ ਹੈ।

Related Articles

Latest Articles