ਜਾਮਾ ਮਸਜਿਦ ਦੇ ਸਰਵੇਖਣ ਦੌਰਾਨ ਲੋਕਾਂ ਤੇ ਪੁਲਸ ਵਿਚਾਲੇ ਟਕਰਾਅ
ਸੰਭਲ (ਯੂ ਪੀ) : ਇੱਥੇ ਮੁਗਲ ਕਾਲ ਵੇਲੇ ਦੀ ਇਕ ਮਸਜਿਦ ਦੇ ਐਤਵਾਰ ਸਰਵੇਖਣ ਦੌਰਾਨ ਹਿੰਸਾ ਭੜਕ ਗਈ ਤੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਸ ਸਰਵੇਖਣ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਉਨ੍ਹਾਂ ਦਾ ਪੁਲਸ ਨਾਲ ਟਕਰਾਅ ਹੋ ਗਿਆ। ਪਥਰਾਅ ਤੋਂ ਬਾਅਦ ਪੁਲਸ ਨੇ ਅੱਥਰੂ ਗੈਸ ਛੱਡੀ ਤੇ ਲਾਠੀਚਾਰਜ ਕੀਤਾ।
ਇਸ ਖੇਤਰ ਵਿਚ ਪਿਛਲੇ ਕੁਝ ਦਿਨਾਂ ਤੋਂ ਤਣਾਅ ਵਧਿਆ ਹੋਇਆ ਹੈ, ਕਿਉਂਕਿ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਥਾਂ ’ਤੇ ਅਸਲ ’ਚ ਇੱਕ ਪ੍ਰਾਚੀਨ ਹਿੰਦੂ ਮੰਦਰ ਸੀ। ਇਸ ਸੰਬੰਧੀ ਸਥਾਨਕ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਅਦਾਲਤ ਦੇ ਹੁਕਮਾਂ ’ਤੇ ਪਿਛਲੇ ਮੰਗਲਵਾਰ ਵੀ ਜਾਮਾ ਮਸਜਿਦ ਦਾ ਸਰਵੇਖਣ ਕੀਤਾ ਗਿਆ ਸੀ, ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਇਸ ਥਾਂ ’ਤੇ ਇੱਕ ਮੰਦਰ ਹੈ।
ਭੀੜ ਬੇਕਾਬੂ ਹੋ ਗਈ ਅਤੇ ਉਸ ਨੇ ਕਈ ਥਾਈਂ ਅੱਗ ਲਾ ਦਿੱਤੀ ਤੇ ਪੁਲਸ ਤੇ ਪ੍ਰਸ਼ਾਸਨ ਦੀਆਂ ਟੀਮਾਂ ’ਤੇ ਪਥਰਾਅ ਕੀਤਾ। ਮਰਨ ਵਾਲੇ ਨੌਜਵਾਨਾਂ ਦੇ ਪਰਵਾਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਬੱਚਿਆਂ ਦੀ ਮੌਤ ਪੁਲਸ ਦੀਆਂ ਗੋਲੀਆਂ ਨਾਲ ਹੋਈ ਹੈ। ਮੁਰਾਦਾਬਾਦ ਦੇ ਡਵੀਜ਼ਨਲ ਕਮਿਸ਼ਨਰ ਔਜੰਨਯਾ ਕੁਮਾਰ ਸਿੰਘ ਨੇ ਕਿਹਾ ਕਿ ਨਈਮ, ਬਿਲਾਲ ਤੇ ਨੌਮਾਨ ਨਾਂ ਦੇ ਵਿਅਕਤੀਆਂ ਦੀ ਮੌਤ ਹੋਈ ਹੈ। ਐੱਸ ਪੀ ਦੇ ਗੰਨਰ ਸਣੇ ਕੁਝ ਪੁਲਸ ਵਾਲੇ ਵੀ ਜ਼ਖਮੀ ਹੋਏ ਹਨ। 10 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ।
ਅਧਿਕਾਰੀਆਂ ਨੇ ਕਿਹਾ ਹੈ ਕਿ ਨੌਜਵਾਨਾਂ ਦੀ ਮੌਤ ਸ਼ਰਾਰਤੀਆਂ ਦੀਆਂ ਗੋਲੀਆਂ ਨਾਲ ਹੋਈ ਹੈ। ਕਮਿਸ਼ਨਰ ਨੇ ਕਿਹਾ ਕਿ ਛੱਤਾਂ ਤੋਂ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਕਾਰਨ ਮੌਤਾਂ ਹੋਈਆਂ। ਗੜਬੜ ਕਰਨ ਵਾਲਿਆਂ ਖਿਲਾਫ ਐੱਨ ਐੱਸ ਏ ਤਹਿਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਡੀ ਆਈ ਜੀ ਤੇ ਆਈ ਜੀ ਕਾਫੀ ਫੋਰਸ ਨਾਲ ਮੌਜੂਦ ਸਨ।
ਇਸ ਤੋਂ ਪਹਿਲਾਂ ਵਿਵਾਦਤ ਸਥਾਨ ’ਤੇ ਅਦਾਲਤ ਦੇ ਹੁਕਮਾਂ ਵਜੋਂ ਐਡਵੋਕੇਟ ਕਮਿਸ਼ਨਰ ਵੱਲੋਂ ਦੂਜਾ ਸਰਵੇਖਣ ਸਵੇਰੇ 7 ਵਜੇ ਸ਼ੁਰੂ ਕਰਵਾਇਆ ਗਿਆ, ਇਸ ਦੌਰਾਨ ਭੀੜ ਇਕੱਠੀ ਹੋਣ ਲੱਗੀ ਤੇ ਉਨ੍ਹਾਂ ਨੇ ਪੁਲਸ ਤੇ ਟੀਮ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਪੁਲਸ ਬਲਾਂ ਨੇ ਸਖਤੀ ਵਰਤੀ।
ਇਸੇ ਦੌਰਾਨ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਹੁਕਮਰਾਨ ਭਾਜਪਾ ਤੇ ਪ੍ਰਸ਼ਾਸਨ ਨੇ ਮਿਲ ਕੇ ਹਿੰਸਾ ਕਰਵਾਈ ਹੈ, ਤਾਂ ਜੋ ਜ਼ਿਮਨੀ ਚੋਣਾਂ ਵਿੱਚ ਕੀਤੀ ਹੇਰਾਫੇਰੀ ਤੋਂ ਲੋਕਾਂ ਦਾ ਧਿਆਨ ਭਟਕਾਇਆ ਜਾ ਸਕੇ। ਉਨ੍ਹਾ ਕਿਹਾ ਕਿ ਸਰਵੇਖਣ ਟੀਮ ਜਾਣਬੁੱਝ ਕੇ ਸਵੇਰੇ ਘੱਲੀ ਗਈ, ਜਦੋਂ ਚੋਣਾਂ ਬਾਰੇ ਚਰਚਾ ਹੋ ਰਹੀ ਸੀ। ਇਰਾਦਾ ਅਫਰਾਤਫਰੀ ਦਾ ਮਾਹੌਲ ਪੈਦਾ ਕਰਨ ਦਾ ਸੀ, ਤਾਂ ਜੋ ਚੋਣ ਮੁੱਦਿਆਂ ’ਤੇ ਬਹਿਸ ਨਾ ਹੋ ਸਕੇ। ਉਨ੍ਹਾ ਲਖਨਊ ਵਿੱਚ ਪ੍ਰੈਸ ਕਾਨਫਰੰਸ ’ਚ ਕਿਹਾਮੈਂ ਕਾਨੂੰਨੀ ਜਾਂ ਪ੍ਰਕਿਰਿਆ ਦੇ ਪੱਖਾਂ ’ਤੇ ਨਹੀਂ ਜਾਣਾ ਚਾਹੁੰਦਾ ਪਰ ਦੂਜੀ ਧਿਰ ਨੂੰ ਸੁਣਿਆ ਨਹੀਂ ਗਿਆ। ਚੋਣਾਂ ਵਿਚ ਕੀਤੀ ਗਈ ਹੇਰਾਫੇਰੀ ਤੋਂ ਧਿਆਨ ਭਟਕਾਉਣ ਲਈ ਜਾਣਬੁੱਝ ਕੇ ਜਜ਼ਬਾਤ ਭੜਕਾਏ ਗਏ।





