18 C
Jalandhar
Sunday, November 24, 2024
spot_img

ਬਰਫ ’ਤੇ ਹੀ ਬੱਚੇ ਨੂੰ ਜਨਮ ਦੇਣ ਲਈ ਮਜਬੂਰ

ਸ੍ਰੀਨਗਰ : ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਦੂਰ-ਦਰਾਜ ਵਸੇ ਛੋਟੇ ਜਿਹੇ ਪਿੰਡ ਮਾਛਿਲ ’ਚ ਬਰਫ ਨਾਲ ਲੱਦੀ ਸੜਕ ਸਾਫ ਨਾ ਕੀਤੇ ਜਾਣ ਕਾਰਨ ਹਸਪਤਾਲ ਪੁੱਜਣ ’ਚ ਨਾਕਾਮ ਰਹੀ ਗਰਭਵਤੀ ਮਹਿਲਾ ਬਰਫ ’ਤੇ ਹੀ ਬੱਚੇ ਨੂੰ ਜਨਮ ਦੇਣ ਲਈ ਮਜਬੂਰ ਹੋ ਗਈ।
ਸਥਾਨਕ ਲੋਕਾਂ ਨੇ ਇਸ ਨੂੰ ਪ੍ਰਸ਼ਾਸਨ ਦੀ ਲਾਪਰਵਾਹੀ ਦੱਸਦੇ ਹੋਏ ਕਿਹਾ ਕਿ ਕੁਝ ਇੰਚ ਬਰਫਬਾਰੀ ਨਾਲ ਹੀ ਸੜਕ ਚੱਲਣ ਦੇ ਲਾਇਕ ਨਹੀਂ ਰਹਿ ਜਾਂਦੀ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸੜਕਾਂ ਨੂੰ ਸਾਫ ਕਰੇ। ਸਿਰਫ ਕੁਝ ਇੰਚ ਬਰਫ ਨੂੰ ਸੜਕ ਤੋਂ ਹਟਾਉਣ ਤੋਂ ਪ੍ਰਸ਼ਾਸਨ ਫੇਲ੍ਹ ਰਿਹਾ ਤੇ ਗਰਭਵਤੀ ਨੂੰ ਬਰਫ ’ਤੇ ਬੱਚੇ ਨੂੰ ਜਨਮ ਦੇਣਾ ਪਿਆ। ਸਥਾਨਕ ਨਿਵਾਸੀ ਮੁਹੰਮਦ ਜਮਾਲ ਨੇ ਖੇਤਰ ’ਚ ਸਿਹਤ ਸਹੂਲਤਾਂ ਨਾ ਹੋਣ ’ਤੇ ਪ੍ਰਸ਼ਾਸਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਹੈਲਥ ਸੈਂਟਰ ਤਾਂ ਹੈ ਪਰ ਡਾਕਟਰ ਨਹੀਂ, ਮਾਂ ਅਤੇ ਬੱਚੇ ਨੂੰ ਬਚਾਉਣ ਲਈ ਉਨ੍ਹਾਂ ਕਈ ਘੰਟੇ ਸੰਘਰਸ਼ ਕੀਤਾ। ਇਸ ਘਟਨਾ ਕਰਕੇ ਲੋਕਾਂ ’ਚ ਗੁੱਸਾ ਹੈ। ਇਸੇ ਦੌਰਾਨ ਤਹਿਸੀਲਦਾਰ ਸਾਕਿਬ ਅਹਿਮਦ ਨੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਇਸ ਨੂੰ ਝੂਠ ਦੱਸਿਆ। ਉਨ੍ਹਾ ਕਿਹਾ ਕਿ ਮਹਿਲਾ ਨੂੰ ਤੇਜ਼ ਦਰਦ ਹੋਇਆ ਅਤੇ ਉਸ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਬੱਚੇ ਨੂੰ ਜਨਮ ਦੇ ਦਿੱਤਾ। ਉਨ੍ਹਾ ਕਿਹਾ ਕਿ ਮਾਂ ਅਤੇ ਬੱਚਾ ਦੋਵੇਂ ਸਹੀ ਸਲਾਮਤ ਹਨ। ਸਾਕਿਬ ਅਹਿਮਦ ਨੇ ਕਿਹਾ ਕਿ ਪ੍ਰਸ਼ਾਸਨ ਨੇ ਪਹਿਲਾਂ ਹੀ ਗਰਭਵਤੀ ਮਹਿਲਾਵਾਂ ਨੂੰ ਬਰਫਬਾਰੀ ਕਾਰਨ ਤੱਤਕਾਲ ਸਿਹਤ ਸਹੂਲਤਾਂ ਲਈ ਕੁਪਵਾੜਾ ’ਚ ਰਹਿਣ ਦੀ ਸਲਾਹ ਦਿੱਤੀ ਸੀ।
ਬਰਫ਼ ਹਟਾਉਣ ਦੇ ਸੰਬੰਧ ’ਚ ਤਹਿਸੀਲਦਾਰ ਨੇ ਕਿਹਾ ਕਿ ਪ੍ਰਮੁੱਖ ਸੜਕਾਂ ਨੂੰ ਸਾਫ ਕਰ ਦਿੱਤਾ ਗਿਆ ਹੈ ਅਤੇ ਬਾਕੀ ਸਾਫ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਦਰਮਿਆਨ ਗੁਲਮਰਗ ਸਣੇ ਹੋਰ ਉੱਚੇ ਇਲਾਕਿਆਂ ’ਚ ਬਰਫਬਾਰੀ ਹੋਈ, ਜਿਸ ਨਾਲ ਕਸ਼ਮੀਰ ਵਾਦੀ ਦੇ ਮੈਦਾਨੀ ਇਲਾਕਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਵਧ ਗਈ ਹੈ। ਗੁਲਮਰਗ ’ਚ ਸਨੀਵਾਰ ਸ਼ਾਮ ਤੋਂ ਦਰਮਿਆਨੀ ਬਰਫਬਾਰੀ ਹੋਈ, ਜੋ ਐਤਵਾਰ ਤੜਕੇ ਤੱਕ ਜਾਰੀ ਰਹੀ। ਕੁਪਵਾੜਾ ਜ਼ਿਲ੍ਹੇ ਦੇ ਕਰਨਾਹ ਅਤੇ ਬਾਂਦੀਪੋਰਾ ਜ਼ਿਲੇ੍ਹ ਦੇ ਤੁਲੈਲ ’ਚ ਵੀ ਦਰਮਿਆਨੀ ਬਰਫਬਾਰੀ ਹੋਈ ਹੈ। ਰਾਤ ਸਮੇਂ ਸ੍ਰੀਨਗਰ ਅਤੇ ਬਡਗਾਮ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਸਮੇਤ ਕਸ਼ਮੀਰ ਦੇ ਮੈਦਾਨੀ ਇਲਾਕਿਆਂ ’ਚ ਮੀਂਹ ਪਿਆ, ਜਿਸ ਕਾਰਨ ਦਿਨ ਦਾ ਤਾਪਮਾਨ ਡਿਗ ਗਿਆ। ਸ੍ਰੀਨਗਰ ਸ਼ਹਿਰ ਦਾ ਘੱਟ ਤੋਂ ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਸਾਲ ਦੇ ਇਸ ਸਮੇਂ ਲਈ ਆਮ ਵਾਂਗ ਹੈ। ਪਹਿਲਗਾਮ ਅਤੇ ਗੁਲਮਰਗ ਦਾ ਤਾਪਮਾਨ ਸਿਫਰ ਤੋਂ ਹੇਠਾਂ ਦਰਜ ਕੀਤਾ ਗਿਆ, ਦੋਵਾਂ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਥੋੜ੍ਹਾ ਵੱਧ ਸੀ।

Related Articles

Latest Articles