ਸੰਭਲ : ਯੂ ਪੀ ਪੁਲਸ ਨੇ ਮੁਗਲ ਦੌਰ ਦੀ ਇਕ ਮਸਜਿਦ ਦੇ ਅਦਾਲਤੀ ਹੁਕਮਾਂ ਨਾਲ ਹੋਏ ਸਰਵੇਖਣ ਨੂੰ ਲੈ ਕੇ ਐਤਵਾਰ ਹੋਈ ਹਿੰਸਾ ਦੇ ਸੰਬੰਧ ਵਿਚ ਸੱਤ ਐੱਫ ਆਈ ਆਰਜ਼ ਦਰਜ ਕੀਤੀਆਂ ਹਨ, ਜਿਨ੍ਹਾਂ ਵਿਚ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਜ਼ਿਆ-ਉਰ-ਰਹਿਮਾਨ ਬਰਕ ਅਤੇ ਸਥਾਨਕ ਸਪਾ ਵਿਧਾਇਕ ਇਕਬਾਲ ਮਹਿਮੂਦ ਦੇ ਪੁੱਤਰ ਸੁਹੇਲ ਇਕਬਾਲ ਨੂੰ ਵੀ ਮੁਲਜ਼ਮਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਹੀ 30 ਨਵੰਬਰ ਤੱਕ ਸੰਭਲ ’ਚ ਬਾਹਰੀ ਲੋਕਾਂ ਦੇ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਹੈ। ਸੰਭਲ ਤਹਿਸੀਲ ’ਚ ਇੰਟਰਨੈੱਟ ਸੇਵਾਵਾਂ ਵੀ ਮੁਅੱਤਲ ਹਨ ਅਤੇ ਸੋਮਵਾਰ ਨੂੰ ਸਾਰੇ ਸਕੂਲਾਂ ’ਚ ਛੁੱਟੀ ਦਾ ਐਲਾਨ ਕੀਤਾ ਗਿਆ। ਹਿੰਸਾ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ।
ਐਤਵਾਰ ਸ਼ਾਹੀ ਜਾਮਾ ਮਸਜਿਦ ਦੇ ਸਰਵੇਖਣ ਦਾ ਵਿਰੋਧ ਕਰ ਰਹੇ ਮੁਜ਼ਾਹਰਾਕਾਰੀਆਂ ਦੀ ਪੁਲਸ ਨਾਲ ਝੜਪ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਸੁਰੱਖਿਆ ਕਰਮਚਾਰੀਆਂ ਤੇ ਪ੍ਰਸ਼ਾਸਨਕ ਅਧਿਕਾਰੀਆਂ ਸਮੇਤ ਕਈ ਹੋਰ ਜ਼ਖਮੀ ਹੋ ਗਏ ਸਨ।
ਡਵੀਜ਼ਨਲ ਕਮਿਸ਼ਨਰ ਏ ਕੇ ਸਿੰਘ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਮੌਤਾਂ ਦਾ ਕਾਰਨ ਦੇਸੀ ਹਥਿਆਰਾਂ ਦੀਆਂ ਗੋਲੀਆਂ ਸਨ, ਪਰ ਉਨ੍ਹਾਂ ਹੋਰ ਵੇਰਵੇ ਨਹੀਂ ਦਿੱਤੇ। ਐੱਸ ਪੀ ਕਿ੍ਰਸ਼ਨ ਕੁਮਾਰ ਨੇ ਕਿਹਾ ਕਿ ਐੱਫ ਆਈ ਆਰ ’ਚ ਬਰਕ ਤੇ ਇਕਬਾਲ ਸਮੇਤ ਛੇ ਲੋਕਾਂ ਦੇ ਨਾਂਅ ਦਰਜ ਕੀਤੇ ਗਏ ਹਨ ਅਤੇ 2,750 ਹੋਰ ਅਣਪਛਾਤੇ ਹਨ। ਉਨ੍ਹਾ ਕਿਹਾ ਕਿ ਬਰਕ ਵੱਲੋਂ ਪਹਿਲਾਂ ਦਿੱਤੇ ਬਿਆਨ ਕਾਰਨ ਸਥਿਤੀ ਵਿਗੜ ਗਈ। ਉਸ ਨੂੰ ਇਸ ਲਈ ਪਹਿਲਾਂ ਹੀ ਨੋਟਿਸ ਜਾਰੀ ਕੀਤਾ ਗਿਆ ਸੀ। ਬਰਕ ਦੀ ਜਾਮਾ ਮਸਜਿਦ ਦੀ ਹਿਫਾਜ਼ਤ ਵਾਲੀ ਟਿੱਪਣੀ ਕਾਰਨ ਲੋਕ ਲਾਮਬੰਦ ਹੋਏ ਤੇ ਭੜਕ ਪਏ। ਇਹ ਪੁੱਛੇ ਜਾਣ ’ਤੇ ਕਿ ਸੰਸਦ ਮੈਂਬਰ ਤਾਂ ਐਤਵਾਰ ਸੰਭਲ ਵਿਚ ਹੀ ਨਹੀਂ ਸੀ, ਸਗੋਂ ਬੇਂਗਲੁਰੂ ਵਿਚ ਸੀ ਤਾਂ ਕੁਮਾਰ ਨੇ ਕਿਹਾ ਕਿ ਬਰਕ ਨੂੰ ਉਸ ਦੇ ਪਹਿਲੇ ਬਿਆਨਾਂ ਦੇ ਅਧਾਰ ’ਤੇ ਨਾਮਜ਼ਦ ਕੀਤਾ ਗਿਆ ਹੈ।
ਉਨ੍ਹਾ ਕਿਹਾ ਕਿ ਪੱਥਰ ਮਾਰ ਕੇ ਮਸਜਿਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਵੀ ਸ਼ਨਾਖਤ ਕੀਤੀ ਜਾਵੇਗੀ ਅਤੇ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਕੁਮਾਰ ਨੇ ਕਿਹਾ ਕਿ ਹੁਣ ਤੱਕ 25 ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਸ਼ਹਿਰ ’ਚ ਸ਼ਾਂਤੀ ਬਣੀ ਹੋਈ ਹੈ ਅਤੇ ਲੋਕਾਂ ਨੇ ਆਪਣੀਆਂ ਦੁਕਾਨਾਂ ਖੋਲ੍ਹ ਲਈਆਂ ਹਨ।
ਸਪਾ ਦੇ ਸੰਸਦ ਮੈਂਬਰ ਬਰਕ ਨੇ ਦੋਸ਼ ਲਾਇਆ ਹੈ ਕਿ ਹਿੰਸਾ ਦੀ ਇਹ ਸਾਜ਼ਿਸ਼ ਪ੍ਰਸ਼ਾਸਨ ਵੱਲੋਂ ਰਚੀ ਗਈ ਅਤੇ ਉਸ ਤਹਿਤ ਮਾਸੂਮ ਲੋਕਾਂ ਦੀਆਂ ਜਾਨਾਂ ਲਈਆਂ ਗਈਆਂ। ਘਟਨਾ ਵੇਲੇ ਉਹ ਸੰਭਲ ਤਾਂ ਕੀ ਸੂਬੇ ਵਿੱਚ ਵੀ ਨਹੀਂ ਸਨ, ਉਹ ਤਾਂ ਆਲ ਇੰਡੀਆ ਪਰਸਨਲ ਲਾਅ ਬੋਰਡ ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਬੇਂਗਲੁਰੂ ਗਏ ਹੋਏ ਸਨ, ਪਰ ਉਨ੍ਹਾ ਖਿਲਾਫ ਗਲਤ ਢੰਗ ਨਾਲ ਕੇਸ ਦਰਜ ਕੀਤਾ ਗਿਆ ਹੈ।