ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ/ਕੰਵਲਜੀਤ ਸਿੰਘ)
ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਆਗੂਆਂ ਦੇ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਦੋ ਦਸੰਬਰ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸੱਦੀ ਹੈ। ਇਸ ’ਚ ਜਥੇਦਾਰ ਨੇ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਨੂੰ ਵੀ ਤਲਬ ਕੀਤਾ ਹੈ। ਆਸ ਹੈ ਕਿ ਇਸ ਦਿਨ ਜਥੇਦਾਰਾਂ ਵੱਲੋਂ ਤਨਖਾਹੀਆ ਸੁਖਬੀਰ ਸਿੰਘ ਬਾਦਲ ਨੂੰ ਧਾਰਮਕ ਸਜ਼ਾ ਸੁਣਾਈ ਜਾਵੇਗੀ। ਇਸ ਦੇ ਨਾਲ ਹੀ 2007 ਤੋਂ 2017 ਤੱਕ ਕੈਬਨਿਟ ਦਾ ਹਿੱਸਾ ਰਹੇ ਸਿੱਖ ਮੰਤਰੀ ਵੀ ਤਲਬ ਕੀਤੇ ਗਏ ਹਨ। 2015 ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਅਤੇ ਅਕਾਲੀ ਦਲ ਦੀ ਕੋਰ ਕਮੇਟੀ ਦਾ ਹਿੱਸਾ ਰਹੇ ਸਮੂਹ ਮੈਂਬਰਾਂ ਨੂੰ ਵੀ ਸੱਦਿਆ ਹੈ।
ਅਕਾਲ ਤਖਤ ਦੇ ਸਕੱਤਰੇਤ ਨੇ ਸਭ ਨੂੰ ਪੱਤਰ ਜਾਰੀ ਕਰ ਦਿੱਤੇ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਸਮੁੱਚੇ ਸਕੱਤਰਾਂ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਮੌਜੂਦ ਰਹਿਣ ਲਈ ਕਿਹਾ ਹੈ।
ਇਸ ਦੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਕੋਲੋਂ ਵੀ ਸਪੱਸ਼ਟੀਕਰਨ ਮੰਗਿਆ ਗਿਆ ਹੈ।
ਜਦੋਂ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੁੱਛਿਆ ਗਿਆ ਤਾਂ ਉਹਨਾ ਕਿਹਾ ਕਿ ਉਹਨਾ ਨੂੰ ਬੁਲਾਇਆ ਜਾਂ ਤਲਬ ਨਹੀਂ ਕੀਤਾ ਗਿਆ, ਸਗੋਂ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ ਤੇ ਉਹ ਲੋੜੀਦਾ ਸਪੱਸ਼ਟੀਕਰਨ ਜਲਦੀ ਹੀ ਭੇਜ ਦੇਣਗੇ।
ਜਥੇਦਾਰਾਂ ਵੱਲੋਂ ਅਕਾਲੀ ਏਕਤਾ ਦਾ ਵੀ ਯਤਨ ਕੀਤਾ ਜਾਵੇਗਾ, ਕਿਉਕਿ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਨੂੰ ਲ਼ਿਖ ਕੇ ਦੇ ਚੁੱਕੇ ਹਨ ਕਿ ਉਹਨਾ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ। ਅਕਾਲ ਤਖਤ ਤੋਂ ਪੰਥਕ ਏਕਤਾ ਲਈ ਕੋਈ ਕਮੇਟੀ ਵੀ ਬਣਾਈ ਜਾ ਸਕਦੀ ਹੈ।18 ਨਵੰਬਰ ਨੂੰ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਨੂੰ ਨਿਮਾਣੇ ਸਿੱਖ ਵਜੋਂ ਪਹਿਲੀ ਵਾਰੀ ਪੱਤਰ ਲਿਖਿਆ ਸੀ, ਜਿਸ ਵਿੱਚ ਪੂਰੀ ਤਰ੍ਹਾਂ ਅਕਾਲ ਤਖਤ ਨੂੰ ਸਮਰਪਿਤ ਹੋਣਾ ਦਰਸਾਇਆ ਗਿਆ ਹੈ।ਜਥੇਦਾਰਾਂ ’ਤੇ ਟਿੱਪਣੀ ਕਰਨ ਵਾਲਿਆਂ ਦੀ ਵੀ ਜ਼ੁਬਾਨ ਬੰਦ ਹੋ ਗਈ ਹੈ ਤੇ ਵਰਕਿੰਗ ਕਮੇਟੀ ਦੇ ਉਸ ਫੈਸਲੇ ਨੂੰ ਰੱਦ ਕਰ ਦਿੱਤਾ ਗਿਆ ਹੈ, ਜਿਸ ਵਿੱਚ ਵਰਕਿੰਗ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਪ੍ਰਵਾਨ ਕਰ ਦਿੱਤਾ ਸੀ। ਜਥੇਦਾਰਾਂ ਵੱਲੋਂ ਕਈ ਹੋਰ ਮੱਦੇ ਵੀ ਵਿਚਾਰੇ ਜਾਣਗੇ।
ਇਸੇ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਨੂੰ ਲੈ ਕੇ ਬਾਬਾ ਸਰਬਜੋਤ ਸਿੰਘ ਬੇਦੀ, ਸੰਤ ਸੇਵਾ ਸਿੰਘ ਰਾਮਪੁਰ ਖੇੜਾ ਸਾਹਿਬ, ਸੰਤ ਹਰੀ ਸਿੰਘ ਰੰਧਾਵੇ ਵਾਲੇ, ਸੰਤ ਲਖਵੀਰ ਸਿੰਘ ਰਤਵਾੜਾ ਸਾਹਿਬ ਤੇ ਸੰਤ ਗੁਰਦੇਵ ਸਿੰਘ ਬਜਵਾੜਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਲਿਖਿਆ ਹੈ ਕਿ ਪਿਛਲੇ ਸਮੇਂ ’ਚ ਸਿੱਖ ਕੌਮ ਦੀ ਧਾਰਮਕ ਅਤੇ ਰਾਜਨੀਤਕ ਲੀਡਰਸ਼ਿਪ ਵੱਲੋਂ ਸਿੱਖੀ ਸਿਧਾਂਤ ਨੂੰ ਅੱਖੋਂ-ਪਰੋਖੇ ਕਰ ਕੇ ਲਏ ਗਏ ਫੈਸਲਿਆਂ ਕਾਰਨ ਸਮੁੱਚੀ ਕੌਮ ਬੜੀਆਂ ਗੰਭੀਰ ਪ੍ਰਸਥਿਤੀਆਂ ’ਚੋਂ ਲੰਘ ਰਹੀ ਹੈ, ਜਿਸ ਕਰਕੇ ਪੰਥ ਦੀਆਂ ਸੰਸਥਾਵਾਂ ਕੌਮੀ ਰੋਹ ਦਾ ਸਾਹਮਣਾ ਕਰ ਰਹੀਆਂ ਹਨ। ਮੌਜੂਦਾ ਸਮੇਂ ਪੰਥ ਦੇ ਵਾਲੀ ਨੇ ਆਪਣੇ ਤਖਤਾਂ ਦੀ ਸ਼ਾਨਮੱਤੀ ਆਭਾ ਨੂੰ ਮੁੜ ਉਜਾਗਰ ਕਰਨ ਲਈ, ਮਨੁੱਖੀ ਸੋਚ ਤੋਂ ਪਰ੍ਹੇ ਦੇ ਹਾਲਾਤ ਬਣਾ ਕੇ ਇਨ੍ਹਾਂ ਮਸਲਿਆਂ ਦੇ ਹੱਲ ਲਈ ਆਪ ਜੀਆਂ ਦੇ ਮੋਢਿਆਂ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਪਾ ਦਿੱਤੀ ਹੈ। ਅੱਜ ਸਮੁੱਚੀ ਕੌਮ, ਭਵਿੱਖ ਦੀ ਚਿੰਤਾ ’ਚ ਡੁੱਬੀ ਹੋਈ ਬੜੀ ਆਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਅਧੀਨ ਸਿੰਘ ਸਾਹਿਬਾਨ ਵੱਲ ਨੀਝ ਲਾ ਕੇ ਗੁਰਸਿੱਖੀ ਪਰੰਪਰਾਵਾਂ ਦੀ ਪੁਨਰ-ਸੁਰਜੀਤੀ ਦੀ ਆਸ ਲਾਈ ਬੈਠੀ ਹੈ।
ਮੌਜੂਦਾ ਵਰਤਾਰੇ ’ਚ ਜਿਸ ਤਰ੍ਹਾਂ ਸਿੰਘ ਸਾਹਿਬਾਨ ਨੇ ਹੁਣ ਤੱਕ ਸਿੱਖੀ ਸਿਧਾਂਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਅਤੇ ਹਰ ਤਰ੍ਹਾਂ ਦੇ ਦਬਾਅ ਨੂੰ ਨਜ਼ਰਅੰਦਾਜ਼ ਕਰਕੇ ਸਿੱਖ ਮਰਿਆਦਾ ਪ੍ਰਤੀ ਵੱਡੀ ਦਿ੍ਰੜ੍ਹਤਾ ਵਿਖਾਈ ਹੈ, ਉਸੇ ਤਰ੍ਹਾਂ ਇਸ ਸਮੇਂ ਸਮੁੱਚਾ ਖਾਲਸਾ ਪੰਥ ਤਖਤ ਸਾਹਿਬ ਤੋਂ ਪੰਥਕ ਰਵਾਇਤਾਂ ਦੀ ਪੁਨਰ-ਸੁਰਜੀਤੀ ਦੀ ਆਹਟ ਸੁਣਨ ਲਈ ਬਹੁਤ ਬੇਤਾਬੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸ ਲਈ ਅਸੀਂ ਸਮੂਹ ਜਥੇਦਾਰ ਸਾਹਿਬਾਨ ਨੂੰ ਬੇਨਤੀ ਕਰਦੇ ਹਾਂ ਕਿ ਮੌਜੂਦਾ ਪੰਥਕ ਮਸਲਿਆਂ ਸੰਬੰਧੀ ਕੋਈ ਵੀ ਫੈਸਲਾ ਕਰਨ ਸਮੇਂ ਪੰਥਕ ਰਵਾਇਤਾਂ ਅਤੇ ਕੌਮ ਦੀਆਂ ਭਾਵਨਾਵਾਂ ਨੂੰ ਧਿਆਨ ’ਚ ਰੱਖਿਆ ਜਾਵੇ ਅਤੇ ਇਸ ਅਤਿ ਗੰਭੀਰ ਅਤੇ ਸੰਵੇਦਨਸ਼ੀਲ ਮੁੱਦੇ ਨੂੰ ਕੌਮੀ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੋਈ ਦਿ੍ਰੜ੍ਹਤਾ ਨਾਲ ਹੱਲ ਕੀਤਾ ਜਾਵੇ। ਕੌਮ ਆਪ ਪਾਸੋਂ ਇਹ ਆਸ ਰੱਖ ਰਹੀ ਹੈ ਕਿ ਪਿਛਲੇਰੇ ਸਮੇਂ ’ਚ ਜਿਹੜੇ-ਜਿਹੜੇ ਵੀ ਵਿਅਕਤੀ ਕੌਮ ਦੀ ਮੌਜੂਦਾ ਅਧੋਗਤੀ ਦੇ ਨਾਲ ਸਿੱਖ ਪ੍ਰੰਪਰਾਵਾਂ, ਸਿੱਖੀ ਸਿਧਾਂਤਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਸਿੱਖ ਪੰਥ ਦੀਆਂ ਰਾਜਨੀਤਕ ਅਤੇ ਧਾਰਮਕ ਸੰਸਥਾਵਾਂ ਦੇ ਘਾਣ ਲਈ ਜ਼ਿੰਮੇਵਾਰ ਹਨ, ਨੂੰ ਉਨ੍ਹਾਂ ਦੇ ਕੀਤੇ ਦੀ ਸਖਤ ਸਜ਼ਾ ਦਿੱਤੀ ਜਾਵੇ। ਇਸ ਮੌਜੂਦਾ ਸੰਕਟ ਦੌਰਾਨ ਜੋ ਸੱਜਣ ਆਪ ਜੀਆਂ ਉੱਪਰ ਦਬਾਅ ਬਣਾ ਕੇ ਇੱਕ ਵਿਸ਼ੇਸ਼ ਧਿਰ ਦੇ ਹੱਕ ’ਚ ਫੈਸਲਾ ਕਰਵਾਉਣ ਲਈ ਹੋਛੇ ਹੱਥਕੰਡੇ ਅਪਣਾ ਰਹੇ ਹਨ, ਇਹ ਨਿੱਘਰਦੇ ਹੋਏ ਕਿਰਦਾਰ ਦਾ ਘਿਨਾਉਣਾ ਰੂਪ ਹੈ। ਅਸੀਂ ਇਸ ਵਰਤਾਰੇ ਦੀ ਪੁਰਜ਼ੋਰ ਨਿਖੇਧੀ ਕਰਦੇ ਹਾਂ ਅਤੇ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਿੰਘ ਸਾਹਿਬਾਨ ਵੱਲੋਂ ਸਿੱਖੀ ਸਿਧਾਂਤਾਂ ਦੀ ਰੌਸ਼ਨੀ ’ਚ ਸਿੱਖ ਰਵਾਇਤਾਂ ਦੀ ਪੁਨਰ ਸੁਰਜੀਤੀ ਕਰਦਿਆਂ, ਉਪਰੋਕਤ ਜ਼ਿਕਰ ਮੁਤਾਬਕ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੇ ਫੈਸਲਿਆਂ ਦਾ ਸਮੁੱਚਾ ਖਾਲਸਾ ਪੰਥ ਪੂਰਨ ਸਤਿਕਾਰ ਕਰੇਗਾ। ਮੌਜੂਦਾ ਮਸਲਿਆਂ ਨੂੰ ਗੁਰਸਿੱਖੀ ਪਰੰਪਰਾਵਾਂ ਦੀ ਰੌਸ਼ਨੀ ਹੇਠ ਖਾਲਸਾਈ ਦਿ੍ਰੜ੍ਹਤਾ ਨਾਲ ਹੱਲ ਕਰਨ ਲਈ ਸਾਡੀਆਂ ਸੇਵਾਵਾਂ ਹਮੇਸ਼ਾ ਤਖਤ ਸਾਹਿਬ ਨੂੰ ਸਮਰਪਤ ਹਨ।