ਅੰਮਿ੍ਤਸਰ (ਜਸਬੀਰ ਸਿੰਘ ਪੱਟੀ)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਆਉਦੀਆ ਹਨ ਜਿਹਨਾਂ ਵਿੱਚੋ ਕੁਝ ਲੋਕ ਉਹ ਹੁੰਦੇ ਹਨ ਜਿਹਨਾਂ ਦੀਆਂ ਮੰਨਤਾਂ ਪੂਰੀਆਂ ਹੁੰਦੀਆਂ ਹਨ ਤੇ ਕੁਝ ਲੋਕ ਉਹ ਹੁੰਦੇ ਹਨ ਜੋ ਮੰਨਤਾਂ ਮੰਨਣ ਵਾਲੇ ਹੁੰਦੇ ਹਨ ਜਿਹਨਾਂ ਵਿੱਚ ਕੁਝ ਬੇਔਲਾਦ ਜੋੜੇ ਵੀ ਹੁੰਦੇ ਹਨ ਤੇ ਔਲਾਦ ਦੀ ਦਾਤ ਮੰਗਦੇ ਹਨ ਪਰ ਇੱਕ ਕਲਯੁੱਗੀ ਮਾਂ ਅਜਿਹੀ ਵੀ ਦਰਸ਼ਨਾਂ ਨੂੰ ਆਈ ਜਿਹੜੀ ਮੱਥਾ ਟੇਕਣ ਤੋਂ ਬਾਅਦ ਆਪਣੀ ਅੱਠ ਸਾਲਾਂ ਧੀ ਨੂੰ ਗਲਾ ਘੁੱਟ ਕੇ ਮਾਰ ਕੇ ਗਲਿਆਰੇ ਵਿੱਚ ਸੁੱਟ ਗਈ ਤੇ ਬਾਅਦ ਵਿੱਚ ਕੈਮਰੇ ਦੀ ਅੱਖ ਵਿੱਚ ਕੈਦ ਹੋਣ ਤਾਂ ਬਾਅਦ ਫੜੀ ਵੀ ਗਈ | ਗਲਿਆਰੇ ਵਿੱਚ ਪਈ ਇਸ ਬੱਚੀ ਦੀ ਲਾਸ਼ ਨੂੰ ਪਹਿਲਾਂ ਤਾਂ ਲੋਕਾਂ ਵੱਲੋਂ ਇਹ ਸਮਝਿਆ ਜਾਂਦਾ ਰਿਹਾ ਕਿ ਬੱਚੀ ਸੁੱਤੀ ਪਈ ਹੈ ਪਰ ਜਦੋਂ ਉਸ ਨੂੰ ਕੋਈ ਲੈਣ ਨਾ ਆਇਆ ਤਾਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਵੇਖਿਆ ਤੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ | ਸੀ ਸੀ ਟੀ ਵੀ ਵਿੱਚ ਕੈਦ ਹੋਈ ਇਹ ਮਹਿਲਾ ਧੀ ਦਾ ਕਤਲ ਕਰਕੇ ਚੰਡੀਗੜ੍ਹ ਚਲੀ ਗਈ ਜਿਥਾੋ ਉਹ ਰਾਜਪੁਰਾ ਗਈ ਤੇ ਆਪਣੀ ਧੀ ਦੀ ਗੁੰਮਸ਼ੁੰਦਗੀ ਦੀ ਰਿਪੋਰਟ ਦਰਜ ਕਰਾਉਣ ਥਾਣੇ ਚਲੀ ਗਈ | ਅੰਮਿ੍ਤਸਰ ਪੁਲਸ ਪਹਿਲ਼ਾਂ ਹੀ ਉਸ ਮਹਿਲਾਂ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ‘ਤੇ ਪਾ ਵਾਇਰਲ ਕਰ ਚੁੱਕੀ ਸੀ ਜਿਹਨਾਂ ਨੂੰ ਲੈ ਕੇ ਮਹਿਲਾ ਦੀ ਪਛਾਣ ਹੋ ਗਈ | ਰਾਜਪੁਰਾ ਪੁਲਸ ਨੇ ਉਸ ਨੂੰ ਪਛਾਣ ਲਿਆ ਤੇ ਅੰਮਿ੍ਤਸਰ ਪੁਲਸ ਨੂੰ ਸੂਚਿਤ ਕਰ ਦਿੱਤਾ ਅਤੇ ਅੰਮਿ੍ਤਸਰ ਪੁਲਸ ਉਸ ਨੂੰ ਗਿ੍ਫਤਾਰ ਕਰਕੇ ਥਾਣਾ ਗਲਿਆਰਾ ਵਿਖੇ ਲੈ ਆਈ | ਇਸ ਮਹਿਲਾ ਦੀ ਪਛਾਣ ਮਨਿੰਦਰ ਕੌਰ ਦੇ ਤੌਰ ‘ਤੇ ਹੋਈ ਹੈ ਤੇ ਉਹ ਹਰਿਆਣਾ ਦੇ ਯਮੁਨਾ ਨਗਰ ਦੀ ਰਹਿਣ ਵਾਲੀ ਹੈ | ਘਰੋਂ ਨਾਰਾਜ਼ ਹੋ ਕੇ ਦਰਬਾਰ ਸਾਹਿਬ ਆਈ ਸੀ ਅਤੇ ਉਸ ਦੇ ਨਾਲ ਉਸ ਦਾ 12-13 ਸਾਲ ਦਾ ਇੱਕ ਬੇਟਾ ਵੀ ਸੀ | ਯਮੁਨਾ ਨਗਰ ਵਿਖੇ ਵੀ ਉਸ ਦੇ ਪਤੀ ਕੁਲਵਿੰਦਰ ਸਿੰਘ ਨੇ ਪਤਨੀ ਦੇ ਘਰਾੋ ਲੜ ਕੇ ਜਾਣ ਦੀ ਰਿਪੋਰਟ ਵੀ ਪੁਲਸ ਕੋਲ ਦਰਜ ਕਰਵਾਈ ਹੋਈ ਸੀ | ਬੱਚੀ ਦੇ ਕਤਲ ਸਬੰਧੀ 12-13 ਸਾਲ ਦੇ ਬੱਚੇ ਨੇ ਪੁਸ਼ਟੀ ਕੀਤੀ ਕਿ ਉਸ ਦੀ ਭੈਣ ਦਾ ਕਤਲ ਉਸ ਦੀ ਮਾਂ ਨੇ ਹੀ ਆਪਣੀ ਚੁੰਨੀ ਨਾਲ ਗਲਾ ਘੁੱਟ ਕੇ ਇਸ ਕਰਕੇ ਕੀਤੀ ਸੀ ਕਿ ਉਹ ਹੁਣ ਵਾਪਸ ਘਰ ਨਹੀਂ ਜਾਵੇਗੀ ਤੇ ਦੋ ਬੱਚੇ ਉਸ ਲਈ ਸੰਭਾਲਣੇ ਔਖੇ ਹੋਣਗੇ | ਬੱਚੇ ਨੇ ਦੱਸਿਆ ਕਿ ਉਸ ਨੇ ਆਪਣੀ ਮਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਵੀ ਸੀ ਪਰ ਉਸ ਨੇ ਦਬਕਾ ਮਾਰ ਕੇ ਚੁੱਪ ਕਰਾ ਦਿੱਤਾ | ਬੱਚੇ ਦਾ ਕਹਿਣਾ ਹੈ ਕਿ ਦਰਬਾਰ ਸਾਹਿਬ ਵਿੱਚ ਉਹਨਾਂ ਨਾਲ ਇੱਕ ਅੰਕਲ ਵੀ ਸਨ ਜਿਹੜਾ ਕਤਲ ਤੋਂ ਬਾਅਦ ਆਪਣੇ ਘਰ ਵਾਪਸ ਚਲਾ ਗਿਆ | ਇਥਾੋ ਇਹ ਮਾਮਲਾ ਨਜਾਇਜ਼ ਸਬੰਧਾਂ ਦਾ ਵੀ ਸਾਹਮਣੇ ਆਉਂਦਾ ਹੈ | ਬੱਚੀ ਦੇ ਪਿਤਾ ਕੁਲਵਿੰਦਰ ਸਿੰਘ ਅੱਜ ਅੰਮਿ੍ਤਸਰ ਪੁੱਜੇ ਤੇ ਪੋਸਟ ਮਾਰਟਮ ਤੋਂ ਬਾਅਦ ਧੀ ਦੀ ਲਾਸ਼ ਲੈ ਕੇ ਯਮੁਨਾ ਨਗਰ ਜਾਣ ਲਈ ਰਵਾਨਾ ਹੋਏ | ਇਹ ਵੀ ਜਾਣਕਾਰੀ ਮਿਲੀ ਹੈ ਕਿ ਜਦੋਂ ਰਾਜਪੁਰਾ ਪੁਲਸ ਨੇ ਕਥਿਤ ਕਾਤਲ ਮਹਿਲਾ ਨੂੰ ਹਿਰਾਸਤ ਵਿੱਚ ਲਿਆ ਸੀ ਤਾਂ ਉਹ ਛੱਡ ਦੇਣ ਦੇ ਵਾਸਤੇ ਪਾਉਂਦੀ ਰਹੀ ਪਰ ਊਠ ਤਾਂ ਪਹਾੜ ਥੱਲੇ ਆ ਚੁੱਕਾ ਸੀ | ਬੱਚੀ ਦੀਪਜੋਤ ਕੌਰ ਆਪਣੀ ਨੰਨੀ ਦੁਨੀਆਂ ਨੁੰ ਭਾਂਵੇਂ ਛੱਡ ਕੇ ਜਾ ਚੁੱਕੀ ਹੈ ਪਰ ਪਿੱਛੇ ਕਈ ਅਣਸੁਲਝੇ ਸਵਾਲ ਛੱਡ ਗਈ ਹੈ | ਅੰਮਿ੍ਤਸਰ ਦੀ ਗਲਿਆਰਾ ਪੁਲਸ ਨੇ ਜੁਰਮ ਵਿੱਚ ਵਾਧਾ ਕਰਦਿਆਂ ਧਾਰਾ 302 ਵੀ ਲਗਾ ਦਿੱਤੀ ਹੈ |