ਗਊਕਸ਼ੀ ਦੇ ਮਾਮਲੇ ’ਚ 3 ਪੁਲਸ ਅਫਸਰ ਤੇ 2 ਗੋਹਲੂ ਗਵਾਹ ਟੰਗੇ

0
111

ਅਹਿਮਦਾਬਾਦ : ਗੁਜਰਾਤ ਦੇ ਪੰਚਮਹੱਲ ਜ਼ਿਲ੍ਹੇ ਦੇ ਐਡੀਸ਼ਨਲ ਸੈਸ਼ਨ ਜੱਜ ਪਰਵੇਜ਼ ਅਹਿਮਦ ਮਾਲਵੀਆ ਨੇ 2020 ਵਿੱਚ ਗਊਕਸ਼ੀ ਦਾ ਝੂਠਾ-ਮੂਠਾ ਮਾਮਲਾ ਬਣਾਉਣ ’ਤੇ ਤਿੰਨ ਪੁਲਸ ਅਧਿਕਾਰੀਆਂ ਤੇ ਦੋ ਗਵਾਹ ਪੰਚਾਂ ਖਿਲਾਫ ਫੌਜਦਾਰੀ ਸ਼ਿਕਾਇਤ ਦਰਜ ਕਰਨ ਦੀ ਹਦਾਇਤ ਕੀਤੀ ਹੈ। ਕੋਰਟ ਨੇ ਕਿਹਾ ਕਿ ਕੇਸ, ਜਿਸ ਵਿੱਚ ਦੋ ਜਣਿਆਂ ਨੂੰ ਕਰੀਬ 10 ਸਾਲ ਜੇਲ੍ਹ ਵਿੱਚ ਰਹਿਣਾ ਪਿਆ, ਝੂਠੇ ਦੋਸ਼ਾਂ ’ਤੇ ਅਧਾਰਤ ਸੀ।
ਕੋਰਟ ਨੇ ਦੋਹਾਂ ਮੁਲਜ਼ਮਾਂ ਨਜ਼ੀਰਮੀਆ ਸਫੀਮੀਆ ਮਲਿਕ ਤੇ ਇਲਾਇਸ ਮੁਹੰਮਦ ਦਵਾਲ ਨੂੰ ਗੁਜਰਾਤ ਪਸ਼ੂ ਰਾਖੀ ਕਾਨੂੰਨ 2017 ਤੇ ਪਸ਼ੂਆਂ ’ਤੇ ਜ਼ੁਲਮ ਰੋਕਣ ਦੇ ਕਾਨੂੰਨ 1860 ਤਹਿਤ ਦਰਜ ਕੇਸ ਵਿੱਚੋਂ ਬਰੀ ਕਰ ਦਿੱਤਾ। ਕੋਰਟ ਨੇ ਕਿਹਾ ਕਿ ਪੇਸ਼ ਕੀਤੇ ਗਏ ਸਬੂਤ ਠੋਸ ਨਹੀਂ ਸਨ ਤੇ ਜਾਂਚ ਅਧਿਕਾਰੀ ਨੇ ਨਿਰਪੱਖ ਜਾਂਚ ਨਹੀਂ ਕੀਤੀ। ਕੋਰਟ ਨੇ ਅਸਿਸਟੈਂਟ ਹੈੱਡ ਕਾਂਸਟੇਬਲ ਰਮੇਸ਼ਭਾਈ ਨਰਵਤ ਸਿੰਘ ਬਾਰੀਆ ਤੇ ਸ਼ੰਕਰ ਸਿੰਘ ਸੱਜਨ ਸਿੰਘ ਪਰਗੀ ਅਤੇ ਸਬ ਇੰਸਪੈਕਟਰ ਐੱਮ ਐੱਸ ਮੁਨੀਆ ਖਿਲਾਫ ਵਿਭਾਗੀ ਜਾਂਚ ਦਾ ਵੀ ਹੁਕਮ ਦਿੱਤਾ ਹੈ ਤੇ ਐੱਸ ਪੀ ਨੂੰ ਦੱਸਣ ਲਈ ਕਿਹਾ ਹੈ ਕਿ ਉਨ੍ਹਾ ਕੀ ਕਾਰਵਾਈ ਕੀਤੀ।
ਕੇਸ ਮੁਤਾਬਕ ਪੁਲਸ ਨੇ ਜੁਲਾਈ 2020 ਵਿੱਚ ਇੱਕ ਗਊ, ਇੱਕ ਮੱਝ ਤੇ ਇੱਕ ਕੱਟਾ ਲਿਜਾਂਦੇ ਤੇਜ਼ ਰਫਤਾਰ ਵਾਹਨ ਨੂੰ ਗੋਧਰਾ ਵਿੱਚ ਫੜਿਆ ਸੀ। ਮੁਲਜ਼ਮ ਜਾਨਵਰ ਢੋਣ ਦਾ ਕੋਈ ਜਾਇਜ਼ ਦਸਤਾਵੇਜ਼ ਨਹੀਂ ਦਿਖਾ ਸਕੇ। ਇਸ ਦੋਸ਼ ਕਿ ਉਹ ਇਨ੍ਹਾਂ ਨੂੰ ਵੱਢਣ ਲਈ ਲਿਜਾ ਰਹੇ ਸੀ, ਤਹਿਤ ਕੇਸ ਦਰਜ ਕੀਤਾ ਗਿਆ। ਸੁਣਵਾਈ ਦੌਰਾਨ ਕੋਰਟ ਨੇ ਖੁਦ ਨੂੰ ਗਊ ਰਖਿਅਕ ਪੰਚ ਗਵਾਹਾਂ ਦੀ ਪੁਣਛਾਣ ਕਰਕੇ ਪਤਾ ਲਾਇਆ ਕਿ ਉਹ ਪਹਿਲਾਂ ਵੀ ਅਕਸਰ ਅਜਿਹੇ ਕੇਸਾਂ ਵਿਚ ਗਵਾਹੀ ਦਿੰਦੇ ਰਹੇ ਹਨ। ਇਕ ਗਵਾਹ ਨੇ ਜਿਰਹ ਦੌਰਾਨ ਮੰਨਿਆ ਕਿ ਉਸ ਨੇ ਕਈ ਕੇਸਾਂ ਵਿੱਚ ਗਵਾਹੀਆਂ ਦਿੱਤੀਆਂ। ਕੋਰਟ ਨੇ ਕਿਹਾ ਕਿ ਅਜਿਹੇ ਗੋਹਲੂ ਗਵਾਹ ਪੁਲਸ ਨੂੰ ਕੇਸ ਦਰਜ ਕਰਨ ਲਈ ਅਸਾਨੀ ਨਾਲ ਮਿਲ ਜਾਂਦੇ ਹਨ। ਜਿਰਹ ਦੌਰਾਨ ਇਕ ਅਧਿਕਾਰੀ ਨੇ ਵੀ ਮੰਨਿਆ ਕਿ ਗਊ ਸ਼ਾਇਦ ਦੁੱਧ ਉਤਪਾਦਨ ਲਈ ਲਿਜਾਈ ਜਾ ਰਹੀ ਸੀ। ਇਸ ਨਾਲ ਗਊਕਸ਼ੀ ਦਾ ਦਾਅਵਾ ਠੁੱਸ ਹੋ ਗਿਆ। ਜਾਂਚ ਅਧਿਕਾਰੀ ਵੀ ਸਲੋਤਰਖਾਨੇ ਨਾਲ ਸੰਬੰਧ ਸਾਬਤ ਨਹੀਂ ਕਰ ਸਕਿਆ। ਉਹ ਸਬੂਤ ਨਹੀਂ ਦੇ ਸਕਿਆ ਕਿ ਮੁਲਜ਼ਮਾਂ ਦਾ ਸਲੋਤਰਖਾਨਾ ਹੈ।
ਕੋਰਟ ਨੇ ਕਿਹਾ ਕਿ ਮੁਲਜ਼ਮ ਝੂਠੇ ਦੋਸ਼ਾਂ ਖਿਲਾਫ ਹਰਜਾਨੇ ਦੇ ਹੱਕਦਾਰ ਹਨ ਤੇ ਉਹ ਪੁਲਸ ਅਧਿਕਾਰੀਆਂ ਤੇ ਗਵਾਹਾਂ ਖਿਲਾਫ ਇਸ ਲਈ ਕਾਨੂੰਨੀ ਕਾਰਵਾਈ ਕਰਨ। ਕੋਰਟ ਨੇ ਫੜੇ ਪਸ਼ੂ ਉਨ੍ਹਾਂ ਦੇ ਮਾਲਕ ਇਲੀਆਸ ਨੂੰ ਤੁਰੰਤ ਮੋੜਨ ਦਾ ਹੁਕਮ ਵੀ ਦਿੱਤਾ। ਜੇ ਇਕ ਮਹੀਨੇ ਵਿੱਚ ਨਾ ਮੋੜੇ ਤਾਂ ਸਰਕਾਰ ਮਾਲਕ ਨੂੰ 80 ਹਜ਼ਾਰ ਰੁਪਏ ਉਨ੍ਹਾਂ ਦੀ ਜ਼ਬਤੀ ਤੋਂ ਲੈ ਕੇ 9 ਫੀਸਦੀ ਵਿਆਜ ਨਾਲ ਜੋੜ ਕੇ ਦੇਵੇ।