14 C
Jalandhar
Saturday, December 28, 2024
spot_img

ਟਿਕੈਤ ਤੇ ਹੋਰਨਾਂ ਆਗੂਆਂ ਦੀ ਰਿਹਾਈ ਤਾਨਾਸ਼ਾਹੀ ਖਿਲਾਫ ਜਿੱਤ : ਐੱਸ ਕੇ ਐੱਮ

ਅਲੀਗੜ੍ਹ : ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਸਮੇਤ ਨਜ਼ਰਬੰਦ ਹੋਰ ਕਿਸਾਨ ਆਗੂਆਂ ਦੀ ਰਿਹਾਈ ਤਾਨਾਸ਼ਾਹੀ ਵਿਰੁੱਧ ਜਮਹੂਰੀਅਤ ਦੀ ਜਿੱਤ ਹੈ। ਮੋਰਚੇ ਨੇ ਕਿਹਾ ਕਿ ਟਿਕੈਤ ਨੂੰ ਬੁੱਧਵਾਰ ਕਿਸਾਨ ਪੰਚਾਇਤ ’ਚ ਸ਼ਾਮਲ ਹੋਣ ਤੋਂ ਰੋਕਣਾ ਉਸ ਦੇ ਮੌਲਿਕ ਅਧਿਕਾਰਾਂ ਤੋਂ ਰੋਕਣਾ ਸੀ। ਯੋਗੀ ਆਦਿੱਤਿਆਨਾਥ ਸਰਕਾਰ ਕਿਸਾਨ ਅੰਦੋਲਨ ਦੀ ਏਕਤਾ ਕਾਰਨ ਟਿਕੈਤ, ਰੂਪੇਸ਼ ਵਰਮਾ, ਸੁਖਬੀਰ ਖਲੀਫਾ ਅਤੇ ਸੁਨੀਲ ਫੌਜੀ ਨੂੰ ਰਿਹਾਅ ਕਰਨ ਲਈ ਮਜਬੂਰ ਹੋਈ। ਮੋਰਚੇ ਨੇ ਕਿਹਾ ਹੈ ਕਿ ਗ੍ਰੇਟਰ ਨੋਇਡਾ ਵਿੱਚ ‘ਜ਼ੀਰੋ ਪੁਆਇੰਟ’ ਉੱਤੇ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਸਾਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਟਿਕੈਤ ਅਤੇ ਕਈ ਹੋਰ ਨੇਤਾਵਾਂ ਨੂੰ ਬੁੱਧਵਾਰ ਅਲੀਗੜ੍ਹ ਦੇ ਤਪਲ ਥਾਣੇ ’ਚ ਰੱਖਿਆ ਗਿਆ ਸੀ ਅਤੇ ਉਸੇ ਸ਼ਾਮ ਨੂੰ ਛੱਡ ਦਿੱਤਾ ਗਿਆ। ਸੂਬਾ ਸਰਕਾਰ ਵੱਲੋਂ ਐਕਵਾਇਰ ਕੀਤੀ ਗਈ ਜ਼ਮੀਨ ਦਾ ਮੁਆਵਜ਼ਾ ਅਤੇ ਹੋਰ ਲਾਭ ਦੇਣ ਤੋਂ ਇਨਕਾਰ ਕਰਨ ਨੂੰ ਲੈ ਕੇ ਕਿਸਾਨ ਸਰਕਾਰ ਅਤੇ ਸਥਾਨਕ ਅਧਿਕਾਰੀਆਂ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਸੋਮਵਾਰ ‘ਦਿੱਲੀ ਚਲੋ’ ਮਾਰਚ ਕੱਢਿਆ, ਪਰ ਪੁਲਸ ਨੇ ਰੋਕ ਦਿੱਤਾ, ਜਿਸ ਤੋਂ ਬਾਅਦ ਉਹ ਦਲਿਤ ਪ੍ਰੇਰਨਾ ਸਥਲ ’ਤੇ ਧਰਨੇ ’ਤੇ ਬੈਠ ਗਏ।

Related Articles

Latest Articles